ਸੀਨੀਅਰ ਸਿਟੀਜ਼ਨ ਦਿਵਸ ‘ਤੇ ਕਰਵਾਇਆ ਜ਼ਿਲ੍ਹਾ ਪੱਧਰੀ ਸਮਾਗਮ
ਕਪੂਰਥਲਾ, 16 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਅੱਜ ਸਥਾਨਕ ਬੀ.ਆਰ ਅੰਬੇਡਕਰ
ਭਵਨ ਵਿਖੇ ਸੀਨੀਅਰ ਸਿਟੀਜ਼ਨ ਦਿਵਸ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ।ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਕਾਰਟੀ ਕਪੂਰਥਲਾ ਅਜੀਤਪਾਲ ਸਿੰਘ ਅਤੇ ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਬਜ਼ੁਰਗਾਂ ਦੇ ਸਨਮਾਨ ਦਾ ਸੱਦਾ ਦਿੱਤਾ।
ਸੀ.ਜੇ.ਐਮ ਅਜੀਤਪਾਲ ਸਿੰਘ ਨੇ ਕਿਹਾ ਕਿ ਬਜ਼ੁਰਗਾਂ ਦਾ ਸਨਮਾਨ ਕਰਨਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ, ਕਿਉਂਕਿ ਇਸ ਨਾਲ ਹੀ ਸਾਨੂੰ ਸਮਾਜ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਪੈਦਾ ਹੁੰਦਾ ਹੈ।ਉਨ੍ਹਾਂ ਕਿਹਾ ਕਿ ਸਮਾਜਿਕ ਸੁਰੱਖਿਆ ਨੂੰ ਕਾਗਜ਼ਾਂ ਤੱਕ ਹੀ ਸੀਮਿਤ ਨਾ ਰੱਖਿਆ ਜਾਵੇ ਬਲਕਿ ਡਾ. ਅੰਬੇਡਕਰ ਦੇ ਸਮਾਜਿਕ ਸਮਾਨਤਾ ਦੇ ਸੁਪਨੇ ਨੂੰ ਪੂਰਾ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ।ਉਨ੍ਹਾਂ ਸੀਨੀਅਰ ਸਿਟੀਜ਼ਨਸ ਲਈ ਬਣੇ ਕਾਨੂੰਨਾਂ ਅਤੇ ਸਕੀਮਾਂ ਸਬੰਧੀ ਚਾਨਣਾ ਪਾਉਣ ਤੋਂ ਇਲਾਵਾ ‘ਨਾਲਸਾ’ ਤੋਂ ਵੀ ਜਾਣੂ ਕਰਵਾਇਆ।
ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ ਨੇ ਕਿਹਾ ਕਿ ਬਜ਼ੁਰਗਾਂ ਕੋਲੋਂ ਸਾਨੂੰ ਚੰਗੇ ਸੰਸਕਾਰ ਅਤੇ ਨੈਤਿਕ ਕਦਰਾਂ-ਕੀਮਤਾਂ ਦੇ ਗੁਣ ਵਿਰਾਸਤ ਵਿਚ ਮਿਲਦੇ ਹਨ। ਉਨ੍ਹਾਂ ਕਿਹਾ ਕਿ ਬਜ਼ੁਰਗ ਸਾਡੇ ਮਾਰਗ ਦਰਸ਼ਕ ਹਨ ਅਤੇ ਉਨ੍ਹਾਂ ਨੇ ਸਾਡਾ ਭਵਿੱਖ ਸੰਵਾਰਨ ਲਈ ਜੋ ਮੁਸ਼ਕਲਾਂ ਆਪਣੀ ਜ਼ਿੰਦਗੀ ਵਿਚ ਝੱਲੀਆਂ ਹੁੰਦੀਆਂ ਹਨ, ਸਾਨੂੰ ਉਸ ਲਈ ਉਨ੍ਹਾਂ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਗੁਲਬਰਗ ਲਾਲ ਨੇ ਇਸ ਮੌਕੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲੋੜਵੰਦ 65 ਸਾਲ ਤੋਂ ਉਪਰ ਦੇ ਪੁਰਸ਼ ਅਤੇ 60 ਸਾਲ ਤੋਂ ਉਪਰ ਦੀਆਂ ਔਰਤਾਂ ਤੇ ਬਜ਼ੁਰਗਾਂ ਵਾਸਤੇ ਬੁਢਾਪਾ ਪੈਨਸ਼ਨ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸੀਨੀਅਰ ਸਿਟੀਜ਼ਨ ਰਿਆਇਤੀ ਬੱਸ/ਰੇਲਵੇ ਪਾਸ ਵੀ ਜਾਰੀ ਕੀਤੇ ਜਾਂਦੇ ਹਨ। ਉਨ੍ਹਾਂ ਹੋਰ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮੈਨਟੀਨੈਸ ਅਤੇ ਵੈਲਫੇਅਰ ਆਫ਼ ਪੇਰਂੈਟਸ ਅਤੇ ਸੀਨੀਅਰ ਸਿਟੀਜ਼ਨ ਐਕਟ 2007 ਤਹਿਤ ਬਜ਼ੁਰਗਾਂ ਵਾਸਤੇ ਉਨ੍ਹਾਂ ਦੇ ਬਾਲਗ ਬੱਚਿਆਂ ਪਾਸੋਂ 10000/- ਰੁਪਏ ਤਕ ਦੇ ਮਾਸਿਕ ਭੱਤੇ ਦਾ ਪ੍ਰਬੰਧ ਕੀਤਾ ਹੋਇਆ ਹੈ।
ਜਗਜੀਤ ਸਿੰਘ ਦੀ ਅਗਵਾਈ ਵਾਲੀ ‘ਵਾਇਸ ਆਫ ਸੋਲ’ ਨਾਟਕ ਮੰਡਲੀ ਵੱਲੋਂ ਅਜੋਕੇ ਹਾਲਾਤ ਵਿਚ ਬਜ਼ੁਰਗਾਂ ਦੀ ਤ੍ਰਾਸਦੀ ਨੂੰ ਬਿਆਨ ਕਰਦੇ ਨਾਟਕ ‘ਮੁਕਤੀ’ ਦਾ ਸਫਲ ਮੰਚਨ ਕੀਤਾ ਗਿਆ।ਇਸ ਤੋਂ ਇਲਾਵਾ ਬਜ਼ੁਰਗਾਂ ਦਾ ਸਨਮਾਨ ਵੀ ਕੀਤਾ ਗਿਆ, ਜਿਨ੍ਹਾਂ ਵਿਚ 84 ਸਾਲਾ ਬਜ਼ੁਰਗ ਦਮੋਦਰ ਦੇਵ ਖੇੜਾ ਅਤੇ 83 ਸਾਲਾ ਸਵਰਨ ਸਿੰਘ ਵਿਰਕ ਵੀ ਸ਼ਾਮਿਲ ਸਨ। ਸਵਾਮੀ ਆਨੰਦ ਗਿਰੀ ਜੀ ਮਹਾਰਾਜ ਮੈਮੋਰੀਅਲ ਸਕੂਲ ਦੇ ਬੱਚਿਆਂ ਦੇ ਬੈਂਡ ਵੱਲੋਂ ਮਨਮੋਹਕ ਧੁਨਾਂ ਰਾਹੀਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਸਨੇਹ ਲਤਾ ਨੇ ਇਸ ਮੌਕੇ ਦੱਸਿਆ ਕਿ ਵਿਭਾਗ ਵੱਲੋਂ ਧਾਲੀਵਾਲ ਦੋਨਾ ਅਤੇ ਨੰਗਲ ਲੁਬਾਣਾ ਵਿਖੇ ਵੀ ਇਸੇ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਗਏ ਹਨ।ਜ਼ਿਲ੍ਹਾ ਭਲਾਈ ਅਫ਼ਸਰ ਜਸਦੇਵ ਸਿੰਘ ਪੁਰੇਵਾਲ, ਡੀ.ਐਲ.ਐਸ.ਏ ਤੋਂ ਕਪਿਲ ਦੇਵ, ਸੀਨੀਅਰ ਸਿਟੀਜ਼ਨਸ ਕਲੱਬ ਦੇ ਪ੍ਰਧਾਨ ਐਸ.ਐਲ ਕਾਲੀਆ ਤੇ ਸਕੱਤਰ ਞ ਵਿਜੇ ਸਾਗਰ, ਡਾ. ਰਣਬੀਰ ਕੌਸ਼ਲ, ਪਵਨ ਸੂਦ, ਪ੍ਰੋ. ਪ੍ਰੋਮਿਲਾ ਅਰੋੜਾ, ਸਟੇਟ ਐਵਾਰਡੀ ਮੰਗਲ ਸਿੰਘ ਭੰਡਾਲ, ਤਰਵਿੰਦਰ ਮੋਹਨ ਸਿੰਘ ਭਾਟੀਆ, ਸੁਖਵਿੰਦਰ ਮੋਹਨ ਸਿੰਘ ਭਾਟੀਆ, ਰਮੇਸ਼ ਮਹਿਰਾ, ਪ੍ਰਿੰਸੀਪਲ ਅਮਨਦੀਪ ਕੌਰ, ਮੈਡਮ ਸੰਦੀਪ ਕੌਰ, ਮੈਡਮ ਸੁਖਜੀਤ ਕੌਰ, ਸ੍ਰੀਮਤੀ ਗਗਨਦੀਪ ਕੌਰ, ਵਿਜੇ ਕੁਮਾਰ, ਵਿਕਰਮ ਗਿੱਲ, ਗੁਲਸ਼ਨ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।ਮੰਚ ਦਾ ਸੰਚਾਲਨ ਮੈਡਮ ਸੁਨੀਤਾ ਸਿੰਘ ਨੇ ਕੀਤਾ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media