ਡੇਂਗੂ ਨਾਲ ਜਿਲੇ ਵਿੱਚ ਨਹੀਂ ਹੋਈ ਕੋਈ ਮੌਤ-ਸਿਵਲ ਸਰਜਨ
ਅੰਮ੍ਰਿਤਸਰ, 23 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਜਿਲੇ੍ ਵਿੱਚ ਸਾਲ 2019 ਦੌਰਾਨ ਹੁਣ ਤੱਕ ਡੇਂਗੂ ਦੇ 462 ਕੇਸ ਸ਼ੱਕੀ ਪਾਏ
ਗਏ ਸਨ ਅਤੇ ਜਿੰਨਾਂ ਵਿੱਚੋਂ 165 ਕੇਸ ਪਾਜਟਿਵ ਪਾਏ ਗਏ ਹਨ, ਡੇਂਗੂ ਦੇ ਖਾਤਮੇ ਲਈ 15 ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ ਅਤੇ ਨਗਰ ਨਿਗਮ ਵੱਲੋਂ ਲਗਾਤਾਰ ਫਾਗਿੰਗ ਕੀਤੀ ਜਾ ਰਹੀ ਹੈ।
ਜਿਲ੍ਹਾ ਪ੍ਰੀਸ਼ਦ ਹਾਲ ਵਿੱਚ ਹੋਈ ਡੇਂਗੂ ਟਾਸਕ ਫੋਰਸ ਦੀ ਮੀਟਿੰਗ ਦੌਰਾਨ ਸ਼ਿਵੁਦਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਡੇਂਗੂ ਦੇ ਖਾਤਮੇ ਲਈ ਫਾਗਿੰਗ ਸਾਰੇ ਵਾਰਡਾਂ ਵਿੱਚ ਤੇਜ਼ੀ ਨਾਲ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਹਰ ਸ਼ੁੱਕਰਵਾਰ ਨੂੰ ਡਰਾਈ ਡੇ ਵਜੋਂ ਮਨਾਇਆ ਜਾਵੇ ਅਤੇ ਇਸ ਦਿਨ ਲੋਕਾਂ ਨੂੰ ਜਾਗਰੂਕ ਕਰਕੇ ਘਰ ਦੇ ਗਮਲਿਆਂ, ਕੂਲਰਾਂ ਅਤੇ ਹੋਰ ਪਾਣੀ ਵਾਲੇ ਬਰਤਨਾਂ ਦੀ ਸਫਾਈ ਕਰਵਾਈ ਜਾਵੇ।
ਡਿਪਟੀ ਕਮਿਸ਼ਨਰ ਨੇ ਜਿਲ੍ਹੇ ਦੇ ਸਾਰੇ ਪ੍ਰਾਈਵੇਟ ਹਸਪਤਾਲ, ਨਰਸਿੰਗ ਹੋਮਾਂ ਅਤੇ ਲੈਬਾਰਟਰੀਆਂ ਨੂੰ ਹਦਾਇਤ ਕੀਤੀ ਕਿ ਉਹ ਡੇਂਗੂ ਦਾ ਟੈਸਟ ਕਰਨ ਵਾਲੀ ਫੀਸ ਜੋ ਸਰਕਾਰ ਵੱਲੋਂ 600 ਰੁਪਏ ਨਿਰਧਾਰਤ ਕੀਤੀ ਗਈ ਹੈ, ਉਹੀ ਵਸੂਲ ਕੀਤੀ ਜਾਵੇ।ਢਿਲੋਂ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੇ ਮਰੀਜਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਕੋਲੋਂ ਟੈਸਟਾਂ ਦੀ ਫੀਸ ਵੀ ਨਹੀਂ ਲਈ ਜਾਂਦੀ।ਢਿਲੋਂ ਨੇ ਨਗਰ ਕੌਂਸਲ ਅਤੇ ਨਗਰ ਪੰਚਾਇਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪੋ ਆਪਣੇ ਇਲਾਕੇ ਵਿੱਚ ਫਾਗਿੰਗ ਕਰਵਾਉਣ ਅਤੇ ਛੱਪੜਾਂ ਵਿੱਚ ਐਂਟੀ ਲਾਰਵਾ ਦਵਾਈਆਂ ਦੇ ਛਿੜਕਾਓ ਨੂੰ ਯਕੀਨੀ ਬਣਾਇਆ ਜਾਵੇ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ: ਹਰਦੀਪ ਸਿੰਘ ਘਈ ਨੇ ਦੱਸਿਆ ਕਿ ਜਿਲੇ੍ਹ ਵਿੱਚ ਡੇਂਗੂ ਨਾਲ ਕੋਈ ਵੀ ਮੌਤ ਨਹੀਂ ਹੋਈ ਹੈ ਅਤੇ ਲੋਕਾਂ ਨੂੰ ਅਫਵਾਹਾਂ ਵੱਲ ਬਿਲਕੁੱਲ ਵੀ ਧਿਆਨ ਨਹੀਂ ਦੇਣਾ ਚਾਹੀਦਾ। ਡਾ: ਘਈ ਨੇ ਦੱਸਿਆ ਕਿ ਡੇਂਗੂ ਦੇ ਮਰੀਜ ਲੋੜ ਪੈਣ ਤੇ ਸਰਕਾਰੀ ਹਸਪਾਤਲਾਂ ਵਿੱਚੋਂ ਪਲੇਟਲੈਟਸ ਸੈਲ ਮੁਫ਼ਤ ਪ੍ਰਾਪਤ ਕਰ ਸਕਦੇ ਹਨ। ਇਨ੍ਹਾਂ ਸੈਲਾਂ ਲਈ ਗੁਰੂ ਨਾਨਕ ਦੇਵ ਹਸਪਤਾਲ ਅਤੇ ਸਿਵਲ ਹਸਪਤਾਲ ਵਿੱਚ ਏ-ਫਾਰਸਿਸ ਮਸ਼ੀਨਾਂ ਠੀਕ ਕੰਮ ਕਰ ਰਹੀਆਂ ਹਨ। ਡਾ: ਘਈ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਯੋਗ ਡਾਕਟਰਾਂ ਪਾਸ ਹੀ ਆਪਣਾ ਇਲਾਜ ਕਰਵਾਉਣ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੇ ਵੱਖਰੇ ਵਾਰਡ ਸਥਾਪਤ ਕੀਤੇ ਗਏ ਹਨ।
ਇਸ ਮੌਕੇ ਡਾ: ਹਰਦੀਪ ਸਿੰਘ ਨੋਡਲ ਅਫਸਰ ਗੁਰੂ ਨਾਨਕ ਦੇਵ ਹਸਪਤਾਲ ਨੇ ਦੱਸਿਆ ਕਿ ਹਸਪਤਾਲ ਵਿਖੇ ਤਰਨਤਾਰਨ, ਗੁਰਦਾਸਪੁਰ ਅਤੇ ਫਿਰੋਜ਼ਪੁਰ ਤੋਂ ਵੀ ਡੇਂਗੂ ਦੇ ਮਰੀਜ ਦਾਖਲ ਹੋਏ ਹਨ। ਉਨ੍ਹਾਂ ਕਿਹਾ ਕਿ ਸਾਰੇ ਡੇਂਗੂ ਮਰੀਜਾਂ ਦੀ ਹਾਲਤ ਬਿਲਕੁੱਲ ਠੀਕ ਹੈ ਅਤੇ ਕੋਈ ਵੀ ਡੇਂਗੂ ਦਾ ਮਰੀਜ ਨਾਜ਼ੁਕ ਹਾਲਤ ਵਿੱਚ ਨਹੀਂ ਹੈ।
ਡਾ: ਮਦਨ ਮੋਹਨ ਜਿਲ੍ਹਾ ਮਲੇਰੀਆ ਅਫਸਰ ਨੇ ਦੱਸਿਆ ਕਿ ਜਿਲੇ੍ਹ ਵਿੱਚ ਡੇਂਗੂ ਦਾ ਲਾਰਵਾ ਮਿਲਣ ਤੇ 870 ਚਲਾਨ ਕੱਟੇ ਗਏ ਹਨ ਅਤੇ 500 ਰੁਪਏ ਹਰੇਕ ਚਲਾਨ ਦਾ ਜੁਰਮਾਨਾ ਵੀ ਕੀਤਾ ਗਿਆ ਹੈ।ਉਨ੍ਹਾਂ ਨੇ ਬੱਚਆਂ ਨੂੰ ਅਪੀਲ ਕੀਤੀ ਕਿ ਪੂਰੇ ਬਾਜੂ ਦੇ ਕੱਪੜੇ ਪਹਿਣ ਕੇ ਸਕੂਲ ਆਉਣ ਅਤੇ ਰਾਤ ਨੂੰ ਸੌਣ ਵਾਲੇ ਮੱਛਰ ਮਾਰ ਕਰੀਮਾਂ ਦਾ ਇਸਤੇਮਾਲ ਕਰਨ। ਉਨ੍ਹਾਂ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਕਿਹਾ ਕਿ ਸ਼ੱਕੀ ਮਰੀਜਾਂ ਦੇ ਖੂਨ ਦੇ ਨੂਮਨੇ ਮਾਈਕਰੋਬਾਇਓਲੋਜੀ ਸਰਕਾਰੀ ਮੈਡੀਕਲ ਕਾਲਜ ਅੰਮਿ੍ਰਤਸਰ ਨੂੰ ਜਾਂਚ ਕਰਨ ਲਈ ਭੇਜਣ ਅਤੇ ਰੋਜਾਨਾਂ ਸ਼ੱਕੀ ਮਰੀਜਾਂ ਦੀ ਸੂਚਨਾ ਸਿਵਲ ਸਰਜਨ ਦਫਤਰ ਵਿਖੇ ਪੁੱਜਦਾ ਕੀਤੀ ਜਾਵੇ।
ਇਸ ਮੌਕੇ ਡਾ: ਕੰਵਰ ਅਜੈ ਸਿਹਤ ਅਫਸਰ ਨਗਰ ਨਿਗਮ, ਡਾ: ਰਾਹੁਲ ਅਰੋੜਾ, ਡਾ: ਜਸਮੀਤ ਸਿੰਘ, ਡਾ: ਸਤਨਾਮ ਸਿੰਘ, ਡਾ: ਨਿਰਮਲ ਸਿੰਘ ਤੋਂ ਇਲਾਵਾ ਜਿਲੇ੍ਹ ਦੇ ਸਾਰੇ ਐਸ.ਐਮ.ਓ ਅਤੇ ਹੋਰ ਪ੍ਰਸਾਸ਼ਨਿਕ ਹਾਜਰ ਅਧਿਕਾਰੀ ਹਾਜਰ ਸਨ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media