Thursday, November 21, 2024

ਭਾਈ ਗੁਰਦਾਸ ਦੀ ਦ੍ਰਿਸ਼ਟੀ ‘ਚ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸ਼ੀਅਤ

        ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਦੇ ਸਮੇਂ ਬਾਰੇ ਸਭ ਤੋਂ ਪ੍ਰਮਾਣਿਕ ਅਤੇ ਸਟੀਕ ਹਵਾਲੇ ਭਾਈ ਗੁਰਦਾਸ ਜੀ ਦੀਆਂ ਵਾਰਾਂ Guru Nanak 2ਵਿੱਚੋਂ ਹੀ ਮਿਲਦੇ ਹਨ।ਅਸਲ ਵਿੱਚ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਵਿੱਚ ਹੀ ਗੁਰੂ ਨਾਨਕ ਦੇਵ ਜੀ ਬਾਰੇ ਭਰਪੂਰ ਚਰਚਾ ਮਿਲਦੀ ਹੈ, ਜਦ ਕਿ ਗਿਆਰ੍ਹਵੀਂ, ਚੌਵੀਵੀਂ, ਪੱਚੀਵੀਂ ਅਤੇ ਛੱਬੀਵੀਂ ਆਦਿ ਵਾਰਾਂ ਦੀਆਂ ਵੱਖ-ਵੱਖ ਪਉੜੀਆਂ ਵਿੱਚ ਵੀ ਗੁਰੂ-ਬਾਬੇ ਬਾਰੇ ਉਲੇਖਯੋਗ ਜਿਕਰ ਹੈ।
      ਭਾਈ ਗੁਰਦਾਸ ਦੀ ਪਹਿਲੀ ਵਾਰ ਵਿੱਚ 49 ਪਉੜੀਆਂ ਹਨ।ਇਸ ਵਿਚ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਸ੍ਰਿਸ਼ਟੀ ਰਚਨਾ, ਮਨੁੱਖਾ ਜੂਨ ਦੀ ਉਤਪਤੀ, ਚਾਰ ਯੁੱਗਾਂ ਦੀ ਸਥਾਪਨਾ, ਚਾਰ ਵਰਨਾਂ, ਹਿੰਦੂ ਮੁਸਲਮਾਨਾਂ ਦੇ ਝਗੜੇ ਆਦਿ ਦਾ ਵਰਣਨ ਕਰਨ ਪਿੱਛੋਂ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਮਹੱਤਵਪੂਰਨ ਤੱਥਾਂ ਦੀ ਨਿਸ਼ਾਨਦੇਹੀ ਕੀਤੀ ਹੈ।ਇਨ੍ਹਾਂ ਪਉੜੀਆਂ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼, ਉਨ੍ਹਾਂ ਦਾ ਘਰੋਂ ਚੱਲਣਾ, ਉਸ ਸਮੇਂ ਦੇ ਹਾਲਾਤ ਦਾ ਵਰਣਨ, ਰਾਜਿਆਂ ਵਿੱਚ ਹਉਮੈ ਦਾ ਹੰਕਾਰ, ਗੁਰੂ ਨਾਨਕ ਦਾ ਸੁਮੇਰ ਪਰਬਤ ‘ਤੇ ਪਹੁੰਚਣਾ, ਸਿੱਧਾਂ ਨਾਲ ਸਵਾਲ ਜਵਾਬ, ਕਲਯੁਗ ਵਿੱਚ ਹਨੇਰਗਰਦੀ ਦਾ ਵਰਣਨ, ਸਿੱਧਾਂ ਵੱਲੋਂ ਗੁਰੂ ਜੀ ਦੀ ਪ੍ਰੀਖਿਆ, ਗੁਰੂ ਜੀ ਦੇ ਮੱਕੇ ਦੀ ਯਾਤਰਾ, ਕਾਜ਼ੀਆਂ-ਮੌਲਵੀਆਂ ਵਲੋਂ ਗੁਰੂ ਜੀ ਨਾਲ ਬਹਿਸ, ਗੁਰੂ ਜੀ ਦੀ ਮੱਕੇ ਵਿੱਚ ਜਿੱਤ, ਗੁਰੂ ਜੀ ਦਾ ਬਗਦਾਦ ਪਹੁੰਚਣਾ, ਗੁਰੂ ਜੀ ਦੀ ਕਲਾ, ਸਤਿਨਾਮ ਦਾ ਚੱਕਰ, ਕਰਤਾਰਪੁਰ ਰਹਿਣਾ, ਸ਼ਿਵਰਾਤਰੀ ਦਾ ਮੇਲਾ, ਜੋਗੀਆਂ ਨਾਲ ਚਰਚਾ, ਸਿੱਧਾਂ ਵਲੋਂ ਕਰਾਮਾਤਾਂ, ਸਿੱਧਾਂ ਨਾਲ ਫੇਰ ਸਵਾਲ ਜਵਾਬ, ਸੱਚੇ ਸ਼ਬਦ ਦਾ ਪ੍ਰਤਾਪ, ਸਿੱਧਾਂ ਨੂੰ ਜਿੱਤਣਾ ਤੇ ਮੁਲਤਾਨ ਜਾਣਾ ਆਦਿ ਦਾ ਬਿਰਤਾਂਤ ਹੈ।
       ਇਨ੍ਹਾਂ ਵਾਰਾਂ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ, ਜੋਤੀ ਜੋਤਿ ਦੀਆਂ ਤਰੀਕਾਂ ਅਤੇ ਉਨ੍ਹਾਂ ਦੇ ਸਕੇ-ਸਬੰਧੀਆਂ ਦਾ ਕੋਈ ਵੇਰਵਾ ਤਾਂ ਨਹੀਂ ਹੈ, ਪਰ ਗੁਰੂ ਜੀ ਦੇ ਪ੍ਰਭਾਵਸ਼ਾਲੀ ਵਿਅਕਤੀਤਵ ਨੂੰ ਚਿੱਤਰਿਆ ਗਿਆ ਹੈ।ਇਤਿਹਾਸਕ ਪੱਖੋਂ ਇਨ੍ਹਾਂ ਵਾਰਾਂ ਵਿੱਚ ਉਸ ਸਮੇਂ ਦੀ ਸਮਾਜਿਕ, ਧਾਰਮਿਕ, ਰਾਜਨੀਤਕ ਅਵਸਥਾ ਦਾ ਡੂੰਘਾ ਵਿਸ਼ਲੇਸ਼ਣ ਕੀਤਾ ਗਿਆ ਹੈ। ਭਾਈ ਸਾਹਿਬ ਦੱਸਦੇ ਹਨ ਕਿ ਪਰਮਾਤਮਾ ਨੇ ਦੁੱਖੀ ਦੁਨੀਆਂ ਦੀ ਪੁਕਾਰ ਸੁਣ ਕੇ ਉਸ ਸਮੇਂ ਗੁਰੂ ਨਾਨਕ ਦੇਵ ਜੀ ਨੂੰ ਸੰਸਾਰ ‘ਤੇ ਭੇਜਿਆ।ਹਿੰਦੁਸਤਾਨ ਵਾਸੀ ਚਾਰ ਵਰਣਾਂ (ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ) ਵਿੱਚ ਵੰਡੇ ਹੋਏ ਸਨ, ਪਰ ਗੁਰੂ ਨਾਨਕ ਦੇਵ ਜੀ ਨੇ ਕਲਯੁਗ ਵਿੱਚ ਅਵਤਾਰ ਧਾਰਨ ਕਰਕੇ ਦੁਨੀਆਂ ਦੇ ਲੋਕਾਂ ਨੂੰ ਸਤਿਨਾਮੁ ਦਾ ਮੰਤਰ ਦ੍ਰਿੜ੍ਹ ਕਰਵਾਇਆ ਤੇ ਇਉਂ ਕਲਯੁਗੀ ਲੋਕਾਂ ਦਾ ਉਧਾਰ ਕਰਨ ਦੀ ਕੋਸ਼ਿਸ਼ ਕੀਤੀ।
      ਧੁਰੋਂ ਬਖਸ਼ਿਸ਼ ਪ੍ਰਾਪਤ ਸਤਿਗੁਰੂ ਨੇ ਬੜੀ ਸਖ਼ਤ ਘਾਲਣਾ ਕਰਕੇ ਦੁਨੀਆਂ ਨੂੰ ਸ਼ਾਂਤ ਕਰਨ ਦਾ ਬੀੜਾ ਚੁੱਕਿਆ ਅਤੇ ਲੋਕਾਂ ਦੀ ਪੀੜਾ ਨੂੰ ਹਰਨ ਲਈ ਚਾਰ ਉਦਾਸੀਆਂ (ਪ੍ਰਚਾਰ ਦੌਰੇ) ਕੀਤੀਆਂ।ਇਨ੍ਹਾਂ ਉਦਾਸੀਆਂ ਦੌਰਾਨ ਉਹ ਵੱਖ-ਵੱਖ ਮੱਤ-ਮਤਾਂਤਰਾਂ, ਭੇਖਾਂ, ਜਾਤਾਂ-ਪਾਤਾਂ, ਵਰਣਾਂ, ਚਿਹਨਾਂ, ਧਰਮਾਂ, ਰੰਗਾਂ, ਰੂਪਾਂ, ਨਸਲਾਂ ਦੇ ਲੋਕਾਂ ਨੂੰ ਮਿਲੇ, ਜਿਨ੍ਹਾਂ ਵਿੱਚ ਜਤੀ, ਸਤੀ, ਸਿੱਧ, ਦੇਵੀ ਦੇਵਤਿਆਂ ਦੀ ਪੂਜਾ ਕਰਨ ਵਾਲੇ, ਚੰਗੇ-ਮਾੜੇ ਗੁਣਾਂ ਵਾਲੇ ਸਾਰੇ ਲੋਕ ਸ਼ਾਮਿਲ ਸਨ।
       ਭਾਈ ਗੁਰਦਾਸ ਜੀ ਲਿਖਦੇ ਹਨ ਕਿ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਅਗਿਆਨਤਾ ਰੂਪੀ ਹਨੇਰਾ ਮਿਟ ਗਿਆ ਅਤੇ ਸੱਚ ਦੇ ਸੂਰਜ ਦਾ ਪ੍ਰਕਾਸ਼ ਹੋਇਆ।ਗੁਰੂ ਜੀ ਧਰਤ ਲੋਕਾਈ ਨੂੰ ਸੋਧਣ ਲਈ ਹਿੰਦੂਆਂ ਦੇ ਤੀਰਥਾਂ ‘ਤੇ ਗਏ, ਪਰਬਤਾਂ ‘ਤੇ ਜਾ ਕੇ ਸਿੱਧਾਂ ਜੋਗੀਆਂ ਨਾਲ ਗੋਸ਼ਟਾਂ ਕੀਤੀਆਂ, ਪਰ ਕਿਧਰੇ ਵੀ ਗੁਰਮੁੱਖ ਬਿਰਤੀ ਵਾਲੇ ਇਨਸਾਨ ਦੇ ਦਰਸ਼ਨ ਉਨ੍ਹਾਂ ਨੂੰ ਨਹੀਂ ਹੋਏ।
      ਗੁਰੂ ਜੀ ਦੀਆਂ ਯਾਤਰਾਵਾਂ ਦੌਰਾਨ ਉਨ੍ਹਾਂ ਦਾ ਸਾਥੀ ਭਾਈ ਮਰਦਾਨਾ ਵੀ ਉਨ੍ਹਾਂ ਦੇ ਨਾਲ ਸੀ:
           ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ।
                                                   (ਵਾਰ 1/35)
      ਭਾਰਤ ਤੋਂ ਬਾਹਰ ਗੁਰੂ ਜੀ ਨੇ ਮੁਸਲਮਾਨਾਂ ਦੇ ਪਵਿੱਤਰ ਅਸਥਾਨਾਂ ਮੱਕਾ, ਮਦੀਨਾ ਅਤੇ ਬਗ਼ਦਾਦ ਦੀ ਜ਼ਿਆਰਤ ਕੀਤੀ।ਮੌਲਾਣਿਆਂ ਤੇ ਕਾਜ਼ੀਆਂ ਨਾਲ ਚਰਚਾ ਕਰਕੇ ਉਨ੍ਹਾਂ ਨੂੰ ਧਰਮ ਦੇ ਅਸਲੀ ਅਰਥ ਦ੍ਰਿੜ੍ਹ ਕਰਵਾਏ ਅਤੇ ਉਨ੍ਹਾਂ ਦੇ ਅਭਿਮਾਨ ਨੂੰ ਚਕਨਾਚੂਰ ਕੀਤਾ।ਭਾਈ ਸਾਹਿਬ ਇਸ ਪ੍ਰਸੰਗ ਵਿੱਚ ਲਿਖਦੇ ਹਨ:
     ਗੜ੍ਹ ਬਗਦਾਦ ਨਿਵਾਇ ਕੈ ਮੱਕਾ ਮਦੀਨਾ ਸਭ ਨਿਵਾਯਾ।
                                                    (ਵਾਰ 1/37)
      ਗੁਰੂ ਜੀ ਦੇ ਸਮੇਂ ਵਿੱਚ ਉਚੇ ਅਹੁੱਦੇ ‘ਤੇ ਬੈਠੇ ਸਾਰੇ ਹੀ ਲੋਕ ਅੱਤਿਆਚਾਰੀ ਤੇ ਪਾਪੀ ਬਣ ਗਏ ਸਨ; ਗਿਆਨ ਵਿਹੂਣੇ ਲੋਕੀਂ ਕੂੜ ਤੇ ਝੂਠ ਬੋਲੀ ਜਾ ਰਹੇ ਸਨ; ਨਿਆਂ ਤੇ ਇਨਸਾਫ਼ ਕਰਨ ਵਾਲੇ ਮੁਸਲਮਾਨ ਕਾਜ਼ੀ ਰਿਸ਼ਵਤਾਂ ਲੈ ਕੇ ਗਲਤ ਫੈਸਲੇ ਕਰੀ ਜਾ ਰਹੇ ਸਨ; ਹਰ ਤਰ੍ਹਾਂ ਦੇ ਕਾਰਜ ਨੂੰ ਸਿਰਫ ਪੈਸੇ ਦੀ ਦ੍ਰਿਸ਼ਟੀ ਤੋਂ ਵੇਖਿਆ ਜਾ ਰਿਹਾ ਸੀ।ਅਜਿਹੇ ਕਲਯੁਗੀ ਸਮੇਂ ਨੂੰ ਭਾਈ ਸਾਹਿਬ ਨੇ ਬੜੇ ਹੀ ਸਟੀਕ ਢੰਗ ਨਾਲ ਅਭਿਵਿਅਕਤੀ ਦਿੱਤੀ ਹੈ:
       ਕਲਿ ਆਈ ਕੁੱਤੇ ਮੁਹੀ ਖਾਜ ਹੋਆ ਮੁਰਦਾਰ ਗੁਸਾਈ।
       ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ।
       ਪਰਜਾ ਅੰਧੀ ਗਿਆਨ ਬਿਨ ਕੂੜ ਕੁਸੱਤ ਮੁੱਖਹੁ ਆਲਾਈ।
       ਚੇਲੇ ਸਾਜ ਵਜਾਇੰਦੇ ਨੱਚਣ ਗੁਰੂ ਬਹੁਤ ਬਿਧ ਭਾਈ।
       ਸੇਵਕ ਬੈਠਨ ਘਰਾਂ ਵਿੱਚ ਗੁਰ ਉਠ ਘਰੀਂ ਤਿਨਾੜੇ ਜਾਈ।
       ਕਾਜ਼ੀ ਹੋਏ ਰਿਸ਼ਵਤੀ ਵੱਢੀ ਲੈ ਕੇ ਹੱਕ ਗਵਾਈ।
       ਇਸਤ੍ਰੀ ਪੁਰਖੈ ਦਾਮ ਹਿਤ ਭਾਵੇਂ ਆਇ ਕਿਥਾਊਂ ਜਾਈ।
       ਵਰਤਿਆ ਪਾਪ ਸਭਸੁ ਜਗ ਮਾਂਹੀ।
                                                   (ਵਾਰ 1/30)
     ਜਿਥੇ ਜਿਥੇ ਵੀ ਗੁਰੂ ਨਾਨਕ ਦੇਵ ਜੀ ਦੇ ਮੁਬਾਰਕ ਕਦਮ ਪਏ, ਉਥੇ-ਉਥੇ ਸਭ ਧਰਮਾਂ ਦੇ ਲੋਕ ਉਨ੍ਹਾਂ ਨੂੰ ਆਪੋ ਆਪਣਾ ਗੁਰੂ/ ਪੀਰ ਮੰਨਣ ਲੱਗ ਪਏ ਅਤੇ ਲੋਕਾਂ ਨੇ ਧਰਮਸ਼ਾਲਾਵਾਂ ਸਥਾਪਤ ਕਰਕੇ ਹਰਿ-ਕੀਰਤਨ ਸ਼ੁਰੂ ਕਰ ਦਿੱਤਾ:
      ਘਰ ਘਰ ਬਾਬਾ ਪੂਜੀਐ ਹਿੰਦੂ ਮੁਸਲਮਾਨ ਦੁਆਈ।
                                                  (ਵਾਰ 1/34)
      ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ।
                                                   (ਵਾਰ 1/27)
      ਵੇਈਂ ਨਦੀ ਵਿੱਚ ਇਸ਼ਨਾਨ ਕਰਨ ਗਏ ਗੁਰੂ ਜੀ ਜਦੋਂ ਨਦੀ ਤੋਂ ਬਾਹਰ ਆਏ ਤਾਂ ਉਨ੍ਹਾਂ ਦੇ ਮੁਖਾਰਬਿੰਦ `ਚੋਂ ਜਿਹੜਾ ਪਹਿਲਾਂ ਵਾਕ ਨਿਕਲਿਆ ਸੀ ਉਹ ਸੀ- “ਨਾ ਕੋ ਹਿੰਦੂ ਨਾ ਮੁਸਲਮਾਨ”।ਜਦੋਂ ਗੁਰੂ ਜੀ ਨੂੰ ਪੁੱਛਿਆ ਗਿਆ ਕਿ ਜੇ ਕੋਈ ਹਿੰਦੂ ਜਾਂ ਮੁਸਲਮਾਨ ਨਹੀਂ ਹੈ, ਤਾਂ ਅਸੀਂ ਕਿਸ ਨੂੰ ਮੰਨੀਏ, ਕਿਸ ਰਾਹ ‘ਤੇ ਤੁਰੀਏ।ਗੁਰੂ ਜੀ ਨੇ ਫ਼ਰਮਾਇਆ: ਖੁਦਾ ਦੇ ਰਾਹ ‘ਤੇ ਚੱਲੋ; ਉਹ ਨਾ ਹਿੰਦੂ ਹੈ ਨਾ ਮੁਸਲਮਾਨ।ਮੱਕੇ ਦੀ ਧਰਤੀ ‘ਤੇ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਕਾਜ਼ੀਆਂ ਨੇ ਪੁੱਛਿਆ ਕਿ ਤੁਹਾਡੀ ਨਜ਼ਰ ਵਿੱਚ ਹਿੰਦੂ ਵੱਡਾ ਹੈ ਜਾਂ ਮੁਸਲਮਾਨ, ਤਾਂ ਗੁਰੂ ਜੀ ਦਾ ਉਤਰ ਸਾਫ਼ ਤੇ ਸਪੱਸ਼ਟ ਸੀ:
      ਪੁੱਛਣ ਗੱਲ ਈਮਾਨ ਦੀ ਕਾਜ਼ੀ ਮੁੱਲਾਂ ਇਕੱਠੇ ਹੋਈ।
      ਵੱਡਾ ਸਾਂਗ ਵਰਤਾਇਆ ਲਖ ਨ ਸਕੇ ਕੁਦਰਤ ਕੋਈ।
      ਪੁੱਛਣ ਖੋਲ੍ਹ ਕਿਤਾਬ ਨੂੰ ਵੱਡਾ ਹਿੰਦੂ ਕਿ ਮੁਸਲਮਾਨੋਈ।
      ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਵੇਂ ਰੋਈ।
      ਹਿੰਦੂ ਮੁਸਲਮਾਨ ਦੋਇ ਦਰਗਹ ਅੰਦਰ ਲੈਨ ਨ ਢੋਈ।
      ਕੱਚਾ ਰੰਗ ਕੁਸੁੰਭ ਦਾ ਪਾਣੀ ਧੋਤੈ ਥਿਰ ਨ ਰਹੋਈ।
      ਕਰਨ ਬਖੀਲੀ ਆਪ ਵਿਚ ਰਾਮ ਰਹੀਮ ਕਥਾਇ ਖਲੋਈ।
      ਰਾਹ ਸ਼ੈਤਾਨੀ ਦੁਨੀਆ ਗੋਈ।
                                               (ਵਾਰ 1/33)
        ਦੇਸ਼-ਵਿਦੇਸ਼ ਦਾ ਭ੍ਰਮਣ ਕਰਨ ਪਿੱਛੋਂ ਜਦੋਂ ਗੁਰੂ ਜੀ ਕਰਤਾਰਪੁਰ ਵਿਖੇ ਆਣ ਬਿਰਾਜੇ, ਤਾਂ ਉਨ੍ਹਾਂ ਨੇ ਗੁਰਿਆਈ ਦਾ ਤਿਲਕ ਭਾਈ ਲਹਿਣਾ ਜੀ ਨੂੰ ਲਾਇਆ, ਜੋ ਬਾਅਦ ਵਿੱਚ ਗੁਰੂ ਅੰਗਦ ਦੇਵ ਜੀ ਵਜੋਂ ਜਾਣੇ ਗਏ।ਭਾਈ ਗੁਰਦਾਸ ਜੀ ਲਿਖਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੇ ਸਿਰਫ਼ ਸਰੀਰ ਦਾ ਚੋਲ਼ਾ ਹੀ ਬਦਲਿਆ ਅਤੇ ਆਪਣੀ ਜੋਤਿ ਨੂੰ ਗੁਰੂ ਅੰਗਦ ਦੇਵ ਵਿੱਚ ਟਿਕਾ ਕੇ ਅਜਿਹੇ ਨਵੇਂ ਮੱਤ ਦੀ ਨੀਂਹ ਰੱਖੀ ਜਿਸ ਨੂੰ ਸੱਚਾ ਸੁੱਚਾ ਸਿੱਖ ਧਰਮ ਹੋਣ ਦਾ ਮਾਣ ਪ੍ਰਾਪਤ ਹੈ।
      ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਤੋਂ ਇਲਾਵਾ ਜਿਨ੍ਹਾਂ ਬਾਕੀ ਵਾਰਾਂ ਦੀਆਂ ਵਿਭਿੰਨ ਪਉੜੀਆਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਨੂੰ ਚਿੱਤਰਿਆ ਹੈ, ਉਥੇ ਵੀ ਗੁਰੂ ਨਾਨਕ ਦੇਵ ਜੀ ਨੂੰ ਸਾਰੇ ਸੰਸਾਰ ਦੇ ਗੁਰੂ (ਜਗਤੁ ਗੁਰੂ ਗੁਰੁ ਨਾਨਕ ਦੇਉ, ਵਾਰ 24/ 2); ਜਾਹਰਾ ਪੀਰ (ਜ਼ਾਹਰ ਪੀਰ ਜਗਤੁ ਗੁਰੁ ਬਾਬਾ,ਵਾਰ 24/3); ਹਰ ਪੱਖ ਤੋਂ ਪੂਰੇ ਗੁਰੂ (ਪੂਰਾ ਸਤਿਗੁਰ ਜਾਣੀਐ ਪੂਰੈ ਪੂਰਾ ਠਾਟ ਬਣਾਯਾ,ਵਾਰ 26/16); ਗੁਣਾਂ ਦਾ ਖ਼ਜ਼ਾਨਾ, ਨਿਰਭਉ ਨਿਰਵੈਰ (ਗੁਰ ਪੂਰਾ ਨਿਰਵੈਰ ਹੈ…; ਗੁਰ ਪੂਰਾ ਨਿਰਭਉ ਸਦਾ…ਵਾਰ 26/19); ਦੀਨ ਦੁਨੀਆਂ ਦਾ ਪਾਤਸ਼ਾਹ (ਦੀਨ ਦੁਨੀਆਂ ਦਾ ਪਾਤਿਸ਼ਾਹ ਬੇਮੁਹਤਾਜ ਰਾਜ ਘਰ ਆਯਾ,ਵਾਰ 26/21) ਆਦਿ ਲਕਬਾਂ ਨਾਲ ਵਡਿਆਇਆ ਗਿਆ ਹੈ।
        ਮੱਧਕਾਲੀ ਪੰਜਾਬੀ ਸਾਹਿਤ ਵਿੱਚ ਮਿਲਦੇ ਵਿਭਿੰਨ ਰੂਪਾਂ (ਜਨਮ ਸਾਖੀਆਂ, ਗੋਸ਼ਟਾਂ ਅਤੇ ਪਰਚੀਆਂ ਆਦਿ) ਵਿੱਚ ਜਿਵੇਂ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਨੂੰ ਇੱਕ ਪੌਰਾਣਿਕ ਤੇ ਮਿਥਿਹਾਸਿਕ ਵਿਅਕਤੀ ਵਜੋਂ ਪੇਸ਼ ਕੀਤਾ ਗਿਆ ਹੈ, ਉਹਦੀ ਥਾਂ ਤੇ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਨੂੰ ਇੱਕ ਇਤਿਹਾਸਕ ਵਿਅਕਤੀ ਦੇ ਤੌਰ ਤੇ ਚਿਤਰਿਆ ਹੈ। ਗੁਰੂ ਨਾਨਕ ਦੇਵ ਜੀ ਨੇ ਹਿੰਦੂਆਂ ਤੇ ਮੁਸਲਮਾਨਾਂ ਦੇ ਮੁਕੱਦਸ ਸਥਾਨਾਂ ਤੇ ਜਾ ਕੇ ਅਤੇ ਖਾਸ ਕਰਕੇ ਅਖੌਤੀ ਸੰਨਿਆਸੀਆਂ ਤੇ ਭੇਖੀਆਂ ਦੇ ਕੂੜੇ ਭੇਖ ਨੂੰ ਲੋਕਾਂ ਸਾਹਮਣੇ ਨੰਗਾ ਕਰਕੇ ਅਜਿਹੀ ਜ਼ਾਹਿਰੀ ਕਲਾ ਵਰਤਾਈ, ਜਿਸ ਤੋਂ ਪ੍ਰਭਾਵਿਤ ਹੋ ਕੇ ਆਮ ਲੋਕਾਂ ਅਤੇ ਸਿੱਧਾਂ ਨੂੰ ਇਹ ਕਹਿਣ ਲਈ ਮਜਬੂਰ ਹੋਣਾ ਪਿਆ:
      ਭਯਾ ਅਨੰਦ ਜਗਤ ਵਿਚ ਕਲਿ ਤਾਰਨ ਗੁਰ ਨਾਨਕ ਆਯਾ।
                                                (ਵਾਰ 1/37)
     ਸਿੱਧ ਬੋਲਨ ਸ਼ੁਭ ਬਚਨ ਧੰਨ ਨਾਨਕ ਤੇਰੀ ਵਡੀ ਕਮਾਈ।
                                                 (ਵਾਰ 1/44)
          ਸਿੱਖ ਧਰਮ ‘ਚ ਭਾਈ ਗੁਰਦਾਸ ਜੀ ਸਿੱਖ ਗੁਰੂਆਂ ਤੋਂ ਬਾਅਦ ਇੱਕ ਸਨਮਾਨਯੋਗ ਹਸਤੀ ਹੋ ਗੁਜ਼ਰੇ ਹਨ। ਜਿਨ੍ਹਾਂ ਕਵੀਆਂ ਦੇ ਕਲਾਮ ਨੂੰ ਗੁਰਦੁਆਰਿਆਂ ਵਿੱਚ ਗਾਏ ਜਾਣ ਦੀ ਪ੍ਰਵਾਨਗੀ ਹੈ, ਉਨ੍ਹਾਂ ਵਿੱਚ ਗੁਰਬਾਣੀ ਅਤੇ ਭਾਈ ਨੰਦ ਲਾਲ ਗੋਯਾ ਤੋਂ ਇਲਾਵਾ ਭਾਈ ਗੁਰਦਾਸ ਜੀ ਦਾ ਨਾਂ ਵੀ ਸ਼ਾਮਿਲ ਹੈ।ਉਂਜ ਵੀ ਭਾਈ ਗੁਰਦਾਸ ਜੀ ਗੁਰੂ ਘਰ ਦੇ ਨਿਕਟਵਰਤੀ ਸਨ।

                           ***
ਆਧਾਰ ਪੁਸਤਕਾਂ:
1. ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।
2. ਡਾ. ਸੁਖਦਿਆਲ ਸਿੰਘ, ਸ਼ਰੋਮਣੀ ਸਿੱਖ ਇਤਿਹਾਸ (1469- 1708), ਸੰਗਮ ਪਬਲੀਕੇਸ਼ਨਜ਼, ਸਮਾਣਾ, 2010.
3. ਸਿੱਖ ਰਹਿਤ ਮਰਯਾਦਾ, ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, 2018.
3. ਡਾ. ਕੁਲਦੀਪ ਕੌਰ, ਸਾਡਾ ਵਿਰਸਾ: ਗੁਰਮਤਿ ਪਰਿਪੇਖ, ਸੰਗਮ ਪਬਲੀਕੇਸ਼ਨਜ਼, ਪਟਿਆਲਾ, 2014.
4. ਡਾ. ਜਸਬੀਰ ਸਿੰਘ ਸਾਬਰ (ਸੰਪਾ.), ਸਿੱਖ ਧਰਮ ਅਧਿਐਨ, ਭਾਗ ਪਹਿਲਾ, ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ  ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, 2013.
5. ਗਿਆਨੀ ਨਰੈਣ ਸਿੰਘ, ਵਾਰਾਂ ਭਾਈ ਗੁਰਦਾਸ ਜੀ ਸਟੀਕ, ਭਾਈ ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ,1988.
Nav Sangeet S Talwandi Sabo

 

ਪ੍ਰੋ. ਨਵ ਸੰਗੀਤ ਸਿੰਘ
ਤਲਵੰਡੀ ਸਾਬੋ  (ਬਠਿੰਡਾ)
ਮੋ – 94176 92015  

 

Check Also

ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਕਮਿਸ਼ਨਰ ਵਲੋਂ ਭਗਤਾਂ ਵਾਲਾ ਡੰਪ ਦਾ ਦੌਰਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਸ਼ਹਿਰ ਵਿੱਚ ਸਾਫ ਸਫਾਈ ਦੀਆਂ ਲਗਾਤਾਰ ਆ ਰਹੀਆਂ ਸ਼ਿਕਾਇਤਾਂ …

Leave a Reply