Thursday, November 21, 2024

ਸ਼ਰਾਬ ਤੇ ਹਥਿਆਰ (ਲਘੂ ਕਹਾਣੀ)

         ਵਿਆਹ ਕਾਹਦਾ, ਮੇਲਾ ਈ ਲਾ ਦਿੱਤਾ ਏਹਨਾਂ।ਸੈਂਕੜੈ ਬਰਾਤੀਆਂ ਦਾ ਇਕੱਠ ਵੇਖ ਕੇ ਸਾਰੇ ਅਸ਼-ਅਸ਼ ਕਰਦੇ ਪਏ ਨੇ।ਵੈਸੇ ਵੀ ਮੇਰਾ ਵੱਡੀ ਉਮਰ ਦਾ ਮਿੱਤਰ ਦਿਲਾਵਰ ਵੀ ਤਾਂ ਅਕਸਰ ਇਹੀ ਕਹਿੰਦਾ ਰਿਹਾ ਕਿ ਉਹ ਆਪਣੇ ਇਕਲੌਤੇ ਪੁੱਤਰ ਸੁਖਵੀਰ ਦਾ ਵਿਆਹ ਸੱਜ-ਫ਼ੱਬ ਨਾਲ ਕਰੂ।ਧੂਮ-ਧੜੱਕਾ ਵੀ ਏਦਾਂ ਦਾ ਹੋਊ ਕਿ ਦੁਨੀਆਂ ਦੇਖੂ।ਦਿਲਾਵਰ ਦੀਆਂ ਰੀਝਾਂ ਪੂਰੀਆਂ ਹੁੰਦੀਆਂ ਦਿਸ ਰਹੀਆਂ ਸਨ ਮੈਨੂੰ।ਸੈਂਕੜਿਆਂ ਦਾ ਇਕੱਠ, ਵਿੱਚ ਪੂਰੀ ਖ਼ਾਤਰਦਾਰੀ।ਕਿਤੇ ਬੈਂਡ ਵੱਜਦੇ, ਕਿਤੇ ਢੋਲ ਵੱਜਦੇ ‘ਤੇ ਬਰਾਤੀਆਂ ਦੀ ਵੀ ਪੂਰੀ ਸੇਵਾ-ਪਾਣੀ।ਕੁੜੀ ਵਾਲੇ ਵੀ ਚੰਗੇ-ਚੋਖੇ ਅਮੀਰ ਘਰਾਣੇ ਦੇ ਲਗਦੇ।ਕੋਈ ਕਸਰ ਨਹੀਂ ਛੱਡ ਰਹੇ ਸਨ ਆਓ-ਭਗਤ ‘ਚ।ਸੁਣਿਆ ਸੀ ਕਿ ਕੁੜੀ ਵਾਲੇ ਹੈ ਤਾਂ ਸ਼ਾਕਾਹਾਰੀ ਸਨ, ਪਰ ਮੁੰਡੇ ਵਾਲਿਆਂ ਦੇ ਕਹਿਣ ‘ਤੇ ਖਾਣ ਪੀਣ ਦੀ ਹਰ ਤਰਾਂ ‘ਸੇਵਾ’ ਕਰ ਰਹੇ ਸਨ।ਮੁੰਡੇ ਦਾ ਪਿਓ ਆਪ ਈ ਕਹਿੰਦਾ ਸੀ ਕਿ ਦਾਜ ‘ਚ ਲੈਣਾ ਕੁੱਝ ਨਈਂ, ਪਰ ਬਰਾਤੀਆਂ ਦੀ ਸੇਵਾ ਹਰ ਤਰਾਂ ਦੀ ਹੋਵੇ।ਕੋਈ ਇਹ ਨਾ ਕਹੇ ਕਿ ਵਿਆਹ ਦਾਰੂ-ਪਾਣੀ ਦੀ ਸੇਵਾ ਤੋਂ ਬਿਨਾ ‘ਸੁੱਕਾ’ ਈ ਹੋ ਗਿਆ।
         ਜਿਸ ਟੇਬਲ ‘ਤੇ ਮੈਂ ਆਪਣੇ ਬੇਟੇ ਰਣਵੀਰ ਨਾਲ ਬੈਠਾਂ ਸਾਂ, ਉਥੇ ਵੀ ਜੇ ਕੋਈ ਬੈਰ੍ਹਾ ਆੳਂੁਦਾ, ਤਾਂ ਮੇਰਾ ਪਹਿਲਾਂ ਸਵਾਲ ਇਹੀ ਹੁੰਦਾ ਕਿ ਇਹ ਵੈਜ਼ ਹੈ?
         ਅੱਗੋਂ ਜਵਾਬ ਆਉਂਦਾ ਨੌਨ ਵੈਜ਼।
ਵੈਜ਼ ਲਿਆਉਣ ਲਈ ਬੈਰ੍ਹਿਆਂ ਨੂੰ ਕਹਿੰਦਾ, ਤਾਂ ਉਹ ਝੱਟ ਵੈਜ਼ ਲੈ ਕੇ ਆਉਣ ਦਾ ਲਾਰਾ ਲਾ ਕੇ ਪੰਦਰਾਂ ਵੀਹ ਮਿੰਟ ਆਉਂਦੇ ਈ ਨਾ।ਵੈਸੇ ਵੈੱਜ਼ ਚੀਜ਼ਾਂ ਵੀ ਖਾਣ ਨੂੰ ਬਹੁਤ ਸਨ, ਪਰ ਉਹ ਟੇਬਲਾਂ ‘ਤੇ ਨਹੀਂ, ਸਟਾਲਾਂ ‘ਤੇ ਸਨ।ਮੇਰਾ ਬੇਟਾ ਭਾਵੇਂ ਉਦੋਂ ਨੌਂ ਕੁ ਸਾਲਾਂ ਦਾ ਸੀ, ਪਰ ਮੇਰੇ ਵਾਂਗ ਨੀਝ ਲਾ ਕੇ ਤੱਕਣ ਵਾਲਾ ਤੇ ਮਜ਼ਾਕੀਆ ਸੁਭਾਅ ਦਾ ਹੋਣ ਕਰ ਕੇ ਹਰ ਗੱਲ ਬਰੀਕੀ ਨਾਲ ਦੇਖਦਾ ਪਰਖਦਾ ਕਹਿੰਦਾ,
ਪਾਪਾ, ਆਹ ਵੈਜ਼ ਦੇ ਚੱਕਰ ‘ਚ ਵਿਆਹ ਸੁੱਕਾ ਈ ਲੰਘੂ!…ਆਹ ਸਭ ਖਾਈ ਪੀਵੀ ਜਾਂਦੇ।ਟੇਬਲਾਂ ‘ਤੇ ਸਜਾਈਆਂ ਬੋਤਲਾਂ ਦੇ ਢੱਕਣ ਖੋਲ੍ਹ ਖੋਲ੍ਹ ਪੀਵੀ ਜਾਂਦੇ ਸਾਰੇ।ਇੱਕ ਅਸੀਂ ਪੀ ਲਵਾਂਗੇ, ਤਾਂ ਸਾਡਾ ਵੀ ਕੀ ਘਸ ਚੱਲਿਆ?
     ਮੈਂ ਬੇਟੇ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ, ਬੇਟਾ, ਉਹ ਸ਼ਰਾਬ ਦੀਆਂ ਬੋਤਲਾਂ ਨੇ, ਕੋਈ ਕੋਲਡ ਡਰਿੰਕ ਨਈਂ ਜਿਹੜਾ ਅਸੀਂ ਵੀ ਪੀ ਲਈਏ।ਔਹ ਦੇਖ, ਨਾਲ ਵੰਨ-ਸੁਵੰਨਾ ਮੀਟ, ਚਿਕਨ, ਨੌਨ ਵੈਜ਼ ਵੀ ਪਿਆ ਏ, ਜੋ ਨਾ ਅਸੀਂ ਕਦੇ ਖਾਧਾ ਤੇ ਨਾ ਖਾਣਾ।
ਪਾਪਾ, ਮੈਨੂੰੰ ਤਾਂ ਲਗਦੈ ਅਸੀਂ ਇਕੱਲੇ ਈ ਆਂ ਇਹੋ ਜਿਹੇ ਇਸ ਵਿਆਹ ‘ਚ ਇੰਝ ਦੇ?
     ਮੈਂ ਸ਼ਰਾਬ ਦਾ ਟੇਸਟ ਨਹੀਂ ਦੇਖਿਆ ਸੀ ਕਦੇ…ਤੇ ਅੱਜ ਮੇਰਾ ਬੇਟਾ ਈ ਵਿਆਹ ਦੀ ਰੌਣਕ ਦੇਖ ਕੇ ਇਹ ਕਹਿੰਦਾ ਕਿ ‘ਇੱਕ ਅਸੀਂ ਪੀ ਲਵਾਂਗੇ, ਤਾਂ ਸਾਡਾ ਵੀ ਕੀ ਘਸ ਚੱਲਿਆ?’ ਇਹ ਮੇਰੇ ਲਈ ਕੋਈ ਆਮ ਗੱਲ ਨਹੀਂ ਸੀ, ਮੇਰੇ ਲਈ ਮੇਰੇ ‘ਤੇ ਡਿੱਗੇ ਕਿਸੇ ਪਹਾੜ ਤੋਂ ਘੱਟ ਨਹੀਂ ਸਨ ਇਹ ਲਫ਼ਜ਼!
ਬੜਾ ਜਿਗਰਾ ਕਰਕੇ ਸਮਝਾਉਣਾ ਸ਼ੁਰੂ ਕੀਤਾ ਬੇਟੇ ਨੂੰ…
ਸ਼ਰਾਬ ‘ਚ ਨਸ਼ਾ ਹੁੰਦਾ..ਸ਼ਰਾਬ ਸਰੀਰ ਦਾ ਸੱਤਿਆਨਾਸ ਕਰਦੀ…ਬੰਦੇ ਦੀ ਬੁੱਧੀ ਭ੍ਰਿਸ਼ਟ ਕਰਦੀ…ਬੰਦੇ ਦਾ ਦਿਲ, ਦਿਮਾਗ, ਜਿਗਰ ਸਭ ਗਲ਼ਦਾ…।
             ਵਿਆਹ ਕਾਹਦਾ ਸੀ, ਅੰਦਰੋਂ ਅੰਦਰ ਗੁੱਸਾ ਆਉਣ ਲਗ ਪਿਆ।ਅੱਗੋਂ ਬੇੇਟੇ ਦੇ ਜਵਾਬ ਨੇ ਤਾਂ ਹੋਰ ਵੀ ਲਾਜਵਾਬ ਕਰ ਦਿੱਤਾ।ਅਖੇ, ਜੇ ਸ਼ਰਾਬ ਇੰਨੀ ਮਾੜੀ ਆ, ਤਾਂ ਆਹ ਸਾਰੇ ਟੇਬਲਾਂ ‘ਤੇ ਸਾਰੇ ਅੰਕਲ ਇਸ ਨੂੰ ਪੀਵੀ ਕਿਉਂ ਜਾਂਦੇ? ਵਿਆਹ ‘ਚ ਇੰਨਾਂ ਨੂੰ ਰੋਕਦਾ ਕਿਉਂ ਨਈਂ ਕੋਈ ਫਿਰ? ਲ਼ੱਗਦਾ ਆਪਾਂ ‘ਕੱਲੇ ਈ ਨਈਂ ਪੀਂਦੇ ਪਏ? ਫਿਰ ਆਪਾਂ ਈ ਚੰਗੇ ਹੋ ਗਏ ਪਾਪਾ ਸਾਰਿਆਂ ਨਾਲੋਂ?…ਔਹ ਦੇਖੋ, ਕਿਵੇਂ ਸ਼ਰਾਬ ਦੀਆਂ ਬਤੋਲਾਂ ਫ਼ੜ੍ਹ ਕੇ ਨੱਚਦੇ ਪਏ? ਇੰਜੌਏ ਪਏ ਕਰਦੇ ਨੇ ਸਾਰੇ! ਬੇਟੇ ਦੇ ਜਵਾਬਾਂ ਸਾਹਮਣੇ ਇੰਝ ਮਹਿਸੂਸ ਹੋ ਰਿਹਾ ਸੀ ,ਜਿਵੇਂ ਸ਼ਰਾਬ ਦੀ ਮਹਿਫ਼ਲ ‘ਚ ਇਕੱਲਾ ਪੈ ਗਿਆ ਹੋਵਾਂ।ਬੱਚੇ ਕਹਿੰਦੇ ਵਿਆਹ ਦੇਖਣਾ! ਮੈਂ ਕਹਿਨਾਂ ਕਿਹੜਾ ਵਿਆਹ ਦਿਖਾਵਾਂ, ਜੋ ਸ਼ਰਾਬ ਤੋਂ ਬਿਨਾ ਹੋਵੇ? ਫ਼ੈਸ਼ਨ ਬਣਾ ਦਿੱਤਾ ਸ਼ਰਾਬ ਨੂੰ ਅਸੀਂ ਵਿਆਹਾਂ ‘ਚ! ਬੱਚੇ ਕੀ ਸਿੱਖਣ ਇੰਨਾਂ ਵਿਆਹਾਂ ‘ਚੋਂ? ਮਨ ਵੀ ਅੰਦਰੋ ਅੰਦਰ ਵਲੂੰਧਰਿਆ ਗਿਆ ਕਿ ਇਹ ਕਿੱਦਾਂ ਦੇ ਸਾਡੇ ਲੋਕ ਨੇ ਜੋ ਨਸ਼ਿਆਂ ਦੀ ਮਾਂ ਸ਼ਰਾਬ ਨੂੰ ਵਿਆਹਾਂ ‘ਚ ‘ਸੇਵਾ’ ਸਮਝੀ ਬੈਠੇ? ਜੇ ਸ਼ਰਾਬ ਈ ਇੰਨਾਂ ਲਈ ਏਡੀ ‘ਦਾਰੂ’ ਆ, ਤਾਂ ਕਿਹੜੇ ਨਸ਼ਿਆਂ ਦਾ ਖਾਹ-ਮਖਾਹ ਢੰਡੋਰਾ ਪਿੱਟੀ ਫਿਰਦੇ ਆਪਾਂ? ਮਨ ਬਣਾ ਲਿਆ ਸੀ ਕਿ ਅੱਗੇ ਤੋਂ ਇਹੋ ਜਿਹੇ ਵਿਆਹ ‘ਚ ਬੱਚਿਆਂ ਨੂੰ ਲਿਆਉਣਾ ਈ ਨਹੀਂ! ਮੇਰੇ ਇਸ ਅੰਦਰਲੇ ਮਨ ਦੇ ਘਮਸਾਨ ਯੁੱਧ ਵਰਗੀ ਅਜੇ ਕਸ਼ਮਕਸ਼ ਚੱਲ ਈ ਰਹੀ ਹੁੰਦੀ ਹੈ ਕਿ ਅਚਾਨਕ ਠਾਹ ਦੀ ਆਵਾਜ਼ ਨਾਲ ਚੀਕ ਚਿਹਾੜਾ ਮਚ ਜਾਂਦਾ ਹੈ।
        ਪਾਪਾ ਇਹ ਕੀ ਹੋ ਗਿਆ? ਮੇਰਾ ਬੇਟਾ ਡਰ ਨਾਲ ਕੁੱਝ ਸਹਿਮ ਕੇ ਪੁੱਛਦਾ ਹੈ।ਮੇਰਾ ਮਨ ਵੀ ਕੰਬ ਉਠਿਆ।ਸ਼ਰਾਬ ਪੀ ਕੇ ਨੱਚਦੇ ਵਿਆਹ ਵਾਲੇ ਮੁੰਡੇ ਦੇ ਮਿੱਤਰਾਂ ਦੀ ਖੁਸ਼ੀ ਦੇ ਫਾਇਰ ਕਰਦਿਆਂ ਇੱਕ ਗੋਲ਼ੀ ਵਿਆਹ ਵਾਲੇ ਮੁੰਡੇ ਨੂੰ ਜਾ ਵੱਜੀ ਤੇ ਮੁੰਡਾ ਥਾਏਂ ਈ ਮਾਰਿਆ ਗਿਆ।
     ਲੋਕਾਂ ਦਾ ਚੀਕ ਚਿਹਾੜਾ ਅੱਖੀਂ ਦੇਖ ਕੇ ਬੇਟਾ ਮੇਰਾ ਚੁੱਪ ਕਰਨ ਦਾ ਨਾਂ ਈ ਨਹੀ ਲੈ ਰਿਹਾ ਸੀ।ਸਹਿਮਿਆ ਹੋਇਆ ਰੋਂਦਾ ਇੱਕੋ ਗੱਲ ਈ ਵਾਰ-ਵਾਰ ਕਹੀ ਜਾ ਰਿਹਾ ਸੀ, ਪਾਪਾ, ਮੈਂ ਕਦੀ ਇਹ ਗੰਦੀ ਸ਼ਰਾਬ ਪੀਣ ਦਾ ਨਾਂ ਨਈਂ ਲਿਆਂਗਾ।
 ਵਿਆਹ ‘ਚ ਮੇਰੇ ਨੇੜੇ ਦੇ ਟੇਬਲ ‘ਤੇ ਜਿਹੜੇ ਚਾਰ ਕੁ ਬਰਾਤੀ ਧੜਾ-ਧੜ ਸ਼ਰਾਬ ਪੀਂਦੇ ਪਏ ਸੀ, ਉਹ ਵੀ ਹੁਣ ਗਿਰਗਟ ਵਾਂਗ ਮੁਰਝਾਏ ਬੋਲੇ ਸਾਰਾ ਕਸੂਰ ਸਰਕਾਰਾਂ ਦਾ! ਸ਼ਰਾਬ ਪੀ ਕੇ ਹਥਿਆਰ ਚਲਾਉਣ ‘ਤੇ ਰੋਕ ਕਿਉਂ ਨਈਂ ਲਗਾਉਂਦੀਆਂ? ਓਧਰ ਮੁੰਡੇ ਦੀ ਮਾਂ ਤੇ ਉਸ ਦੀ ਨਵੀਂ ਵਿਆਹੀ ਵਹੁਟੀ ਇਹ ਸਭ ਦੇਖ ਕੇ ਥਾਏਂ ਈ ਬੇਹੋਸ਼ ਹੋ ਗਈਆਂ।ਚੀਕ ਚਿਹਾੜੇ ‘ਚ ਕੋਈ ਪੁਲਿਸ ਬੁਲਾਉਂਦਾ, ਕੋਈ ਡਾਕਟਰ ਸੱਦਦਾ, ਕੋਈ ਐਂਬੂਲੈਂਸ ਲਈ ਭੱਜਦਾ ਤੇ ਕੋਈ ਗਰਮ ਲਾਸ਼ ‘ਚੋਂ ਜੀਵਨ ਲੱਭਣ ਦੀ ਆਸ ਲਾਈ ਫਿਰਦਾ! ਜਿਸ ਪਿਓ ਨੇ ਕਦੀ ਹੰਝੂ ਨਹੀਂ ਸੀ ਕੇਰੇ, ਉਹ ਪਿਓ ਧਾਹਾਂ ਮਾਰ ਮਾਰ ਰੋਂਦਾ।ਕਹਿੰਦਾ,
ਲੋਕੋ, ਸਭ ਕੁੱਝ ਲੁੱਟਿਆ ਗਿਆ ਮੇਰਾ।ਓਹ ਕੋਈ ਤਾਂ ਰੋਕ ਲੈਂਦਾ ਮੈਨੂੰ ਇਸ ਸ਼ਰਾਬ ‘ਤੋਂ! ਕਾਹਦੇ ਦੋਸਤ ਓ ਤੁਸੀਂ ਏਦੇ? ਹਥਿਆਰ ਚੁੱਕ ਮੇਰਾ ਘਰ ਈ ਉਜਾੜ ‘ਤਾ!
     ਦੇਖਿਆ ਨਹੀਂ ਜਾਂਦਾ ਸੀ ਇਹ ਸਭ ਗਮਗੀਨ ਹੋਇਆ ਮਾਹੌਲ।ਦੋਸ਼ੀਆਂ ਨੂੰ ਪੁਲਿਸ ਭਾਵੇਂ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲੈਂਦੀ ਹੈ।ਪਰ ਬੇਟਾ ਚੀਕਾਂ ਮਾਰਦਾ ਅਜੇ ਵੀ ਇਹੀ ਕਹਿ ਰਿਹਾ ਸੀ ਪਾਪਾ, ਮੈਨੂੰ ਇੱਥੋਂ ਲੈ ਜਾਓ! ਮੈਂ ਨਈਂ ਦੇਖਣੇ ਏਦਾਂ ਦੇ ਸ਼ਰਾਬਾਂ ਵਾਲੇ ਵਿਆਹ!

Paramjit Kalsi Btl

 

 

ਡਾ. ਪਰਮਜੀਤ ਸਿੰਘ ਕਲਸੀ
(ਸਟੇਟ ਅਤੇ ਨੈਸ਼ਨਲ ਐਵਾਰਡੀ),     
ਲੈਕਚਰਾਰ ਪੰਜਾਬੀ,
ਗੁਰਦਾਸਪੁਰ।ਮੋ – 70689 00008

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …

Leave a Reply