ਅੰਮ੍ਰਿਤਸਰ, 31 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ-ਰੋਜ਼ਾ ਦੱਖਣੀ ਏਸ਼ੀਆਈ ਕਵੀ ਦਰਬਾਰ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਘਰ-ਘਰ ਪੁਚਾਉਣ ਦੇ ਉਦੇਸ਼ ਨਾਲ ਸੰਪੰਨ ਹੋ ਗਿਆ। ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕਰਵਾਏ ਇਸ ਕਵੀ ਦਰਬਾਰ ਵਿਚ ਸ੍ਰੀ ਲੰਕਾ, ਈਰਾਨ, ਪਾਕਿਸਤਾਨ, ਈਰਾਕ ਅਤੇ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਤੋਂ ਕਵੀਆਂ ਦੇ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀ ਅਤੇ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਦੇ ਅਧਿਆਪਕ ਵੀ ਹਾਜ਼ਰ ਸਨ।
ਪਦਮ ਸ਼੍ਰੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਅੱਜ ਦੇ ਕਵੀ ਦਰਬਾਰ ਵਿਚ ਪਹੁੰਚੇ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚੇ ਕਵੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜਿੰਨੀ ਕਲਾਤਮਕਤਾ ਦੇ ਨਾਲ ਗੁਰੂ ਸਾਹਿਬਾਨ ਦਾ ਜਸ ਗਾਇਆ ਹੈ ਉਸ ਦੇ ਲਈ ਸ਼ਬਦਾਂ ਰਾਹੀਂ ਧੰਨਵਾਦ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਕਵੀਆਂ ਨੂੰ ਉੱਚਾ ਦਰਜਾ ਹਾਸਲ ਹੈ ਅਤੇ ਗੁਰੂ ਇਤਿਹਾਸ ਵਿਚ ਵੱਖ ਵੱਖ ਗੁਰੂ ਸਾਹਿਬਾਨਾਂ ਵੱਲੋਂ ਕਵੀਆਂ ਦਾ ਮਾਨ ਸਨਮਾਨ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਦਾ ਧੰਨਵਾਦ ਕੀਤਾ ਜਿਨਾਂ੍ਹ ਨੇ ਪੰਜਾਬ ਤੋਂ ਹੀ ਨਹੀਂ ਸਗੋਂ ਦੂਜੇ ਦੇਸ਼ਾਂ ਅਤੇ ਦੂਜੀਆਂ ਭਾਸ਼ਾਵਾਂ ਵਿਚ ਗੁਰੂ ਨਾਨਕ ਦੇਵ ਜੀ ਬਾਰੇ ਕਵਿਤਾਵਾਂ ਰਚਣ ਵਾਲੇ ਕਵੀਆਂ ਨੂੰ ਇਕ ਪਲੇਟਫਾਰਮ ਉਪਰ ਲਿਆ ਕੇ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਭਵਿੱਖ ਵਿਚ ਵੀ ਕੀਤੇ ਜਾਣੇ ਚਾਹੀਦੇ ਹਨ ਤਾਂ ਹੀ ਅਸੀਂ ਗੁਰੂ ਸਾਹਿਬਾਨ ਦੇ ਉਦੇਸ਼ਾਂ ਨੂੰ ਅਮਲੀ ਜਾਮਾ ਪਹਿਨਾ ਸਕਦੇ ਹਾਂ। ਉਨਾਂ੍ਹ ਨੇ ਆਪਣੇ ਆਸ਼ੀਰਵਾਦੀ ਬੋਲਾਂ ਨਾਲ ਸਭ ਦਾ ਸੁਆਗਤ ਕੀਤਾ ਅਤੇ ਗੁਰੂ ਨਾਨਕ ਸਾਹਿਬ ਦੇ ਵਾਤਾਵਰਣ ਸੰਬੰਧੀ ਉਪਦੇਸ਼ ਤੇ ਚਾਨਣਾ ਪਾਇਆ ਅਤੇ ਇਸ ਦੀ ਸਾਂਭ-ਸੰਭਾਲ ਦਾ ਸੰਦੇਸ਼ ਦਿੱਤਾ।
ਕਵੀ ਦਰਬਾਰ ਦੇ ਦੂਜੇ ਦਿਨ ਛੇ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਆਰੰਭ ਵਿਚ ਪਹਿਲੇ ਕਵੀ ਆਸਾਮ ਤੋਂ ਆਏ ਪੁਲੀਨ ਡੇਕਾ ਨੇ ਆਪਣੀ ਮਾਤ ਭਾਸ਼ਾ ਆਸਾਮੀ ਵਿਚ ਗੁਰੂ ਨਾਨਕ ਸਾਹਿਬ ਬਾਰੇ ਆਪਣੀ ਕਵਿਤਾ ਪ੍ਰਸਤੁਤ ਕਰਕੇ ਉਸ ਦਾ ਅੰਗਰੇਜ਼ੀ ਵਿਚ ਤਰਜਮਾ ਕੀਤਾ। ਦੂਸਰੇ ਕਵੀ ਕਲਕੱਤੇ ਤੋਂ ਆਏ ਭੁਪਿੰਦਰ ਸਿੰਘ ਬਸ਼ਰ ਨੇ ਆਪਣੀਆਂ ਤਿੰਨ ਕਵਿਤਾਵਾਂ ਸਰੋਤਿਆਂ ਦੇ ਸਾਹਮਣੇ ਪੇਸ਼ ਕੀਤੀਆਂ। ਪਹਿਲੀ ਕਵਿਤਾ ਹਿੰਦੀ ਵਿੱਚ ਨੂਰ ਖੁਦਾ ਦਾ ਦੂਜੀ ਅੰਗਰੇਜ਼ੀ ਵਿਚ ਅਤੇ ਤੀਸਰੀ ਬੰਗਲਾ ਭਾਸ਼ਾ ਵਿਚ ਪੜ੍ਹੀ। ਤੀਸਰੀ ਕਵਿਤਾ ਦਾ ਪੰਜਾਬੀ ਕਾਵਿ ਰੂਪ ਵਿਚ ਤਰਜਮਾ ਵੀ ਕੀਤਾ। ਤੀਸਰੇ ਕਵੀ ਜੰਡਿਆਲੇ ਤੋਂ ਸ਼ੁਕਰਗੁਜਾਰ ਸਿੰਘ ਨੇ ‘ਨਾਨਕ ਨੂੰ ਕਵਿਤਾ ‘ਚ ਕੈਦ ਕਰਕੇ ਕਿਧਰੇ ਗੁਨਾਹ ਨਾ ਕਰ ਬੈਠਾਂ’, ‘ਸਿੱਖੀ’ ਅਤੇ ‘ਸ਼ਾਇਦ ਨਾਨਕ ਦੀ ਨਜ਼ਰ ਤੋਂ ਦੂਰ ਹਾਂ ਮੈਂ’ ਤਿੰਨ ਕਵਿਤਾਵਾਂ ਪੇਸ਼ ਕੀਤੀਆਂ। ਚੌਥੇ ਨੰਬਰ ਤੇ ਰਛਪਾਲ ਸਿੰਘ ਪਾਲ ਨੇ ਗੀਤ ਦੇ ਰੂਪ ਵਿਚ ਆਪਣੀ ਕਵਿਤਾ ‘ਸ਼ਹਿਦ ਨਾਲੋਂ ਮਿੱਠਾ ਤੇਰਾ ਨਾਂ’ ਨੂੰ ਗਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਕਲਕੱਤਾ ਤੋਂ ਸੈਮੁਅਲ ਭੱਟਾਚਾਰੀਆ ਨੇ ਆਪਣੀ ਮਾਤ ਭਾਸ਼ਾ ਬੰਗਾਲੀ ਵਿਚ ਦੋ ਕਵਿਤਾਵਾਂ ਪੇਸ਼ ਕਰਕੇ ਉਹਨਾਂ ਦਾ ਪੰਜਾਬੀ ਜ਼ੁਬਾਨ ਵਿਚ ਤਰਜਮਾ ਕੀਤਾ। ਈਰਾਨ ਤੋਂ ਆਏ ਸਨਮੁਖ ਸਿੰਘ ‘ਅਨੰਦ’ ਨੇ ‘ਧੁਰ ਦੀ ਬਾਣੀ’ ਕਵਿਤਾ ਪੇਸ਼ ਕੀਤੀ। ਅਖੀਰ ਵਿਚ ਸਟੇਜ ਸੈਕਟਰੀ ਦੀ ਭੂਮਿਕਾ ਨਿਭਾ ਰਹੇ ਸ. ਰਛਪਾਲ ਸਿੰਘ ‘ਪਾਲ’ ਨੇ ਆਪਣੀਆਂ ਕਵਿਤਾਵਾਂ ਗਾ ਕੇ ਸਰੋਤਿਆਂ ਨੂੰ ਨਿਹਾਲ ਕੀਤਾ।
ਪਦਮਸ਼੍ਰੀ ਬਾਬਾ ਸੇਵਾ ਸਿੰਘ, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਡਾਇਰੈਕਟਰ ਅਤੇ ਕਵੀ ਦਰਬਾਰ ਦੇ ਕਨਵੀਨਰ, ਡਾ. ਅਮਰਜੀਤ ਸਿੰਘ ਵੱਲੋਂ ਅੱਜ ਦੇ ਕਵੀ ਦਰਬਾਰ ਵਿਚ ਭਾਗ ਲੈਣ ਵਾਲੇ ਕਵੀਆਂ ਨੂੰ ਸਨਮਾਨਿਤ ਕੀਤਾ।
Check Also
ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …
Punjab Post Daily Online Newspaper & Print Media