ਸਮਰਾਲਾ, 1 ਨਵੰਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਦਿਵਸ ਨੂੰ ਸਮਰਪਿਤ ਲੇਖਕ ਮੰਚ
ਦੀ ਵਿਸ਼ੇਸ਼ ਇਕੱਤਰਤਾ ਪ੍ਰਧਾਨ ਦਲਜੀਤ ਸ਼ਾਹੀ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਇਲਾਕੇ ਦੇ ਬੁੱਧੀਜੀਵੀ, ਸਾਹਿਤ ਪ੍ਰੇਮੀਆਂ ਤੇ ਲੇਖਕਾਂ ਨੇ ਸ਼ਮੂਲੀਅਤ ਕੀਤੀ।ਸੰਸਥਾ ਦੇ ਸਕੱਤਰ ਰਾਜਵਿੰਦਰ ਸਮਰਾਲਾ ਦੇ ‘ਜੀ ਆਇਆ’ ਕਹਿਣ ਉਪਰੰਤ ਦੋ ਵਡਮੁੱਲੀਆਂ ਕਿਤਾਬਾਂ ‘ਗੁਰੂ ਨਾਨਕ ਬਾਣੀ ਦਾ ਕਵਿ ਸ਼ਾਸ਼ਤਰੀ ਅਧਿਐਨ’ ਅਤੇ ‘ਗੁਰੂ ਨਾਨਕ ਬਾਣੀ ਦਾ ਰਸਾਤਮਕ ਅਧਿਐਨ’ ਲਿਖਣ ਵਾਲੇ ਡਾ. ਪਰਮਿੰਦਰ ਸਿੰਘ ਬੈਨੀਪਾਲ ਨੂੰ ਇਸ ਵੱਡੇ ਸਾਹਿਤ ਕਾਰਜ਼ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਇਨ੍ਹਾਂ ਪੁਸਤਕਾਂ ਸਬੰਧੀ ਗੱਲ ਕਰਦਿਆਂ ਕਿਹਾ ਕਿ ਨਾਨਕ ਬਾਣੀ ’ਚ ਭਗਤੀ ਰਸ ਹੀ ਪ੍ਰਧਾਨ ਰਸ ਹੈ।ਅਸੀਂ ਅਜੋਕੇ ਸਮੇਂ ਵਿੱਚ ਪਖੰਡਬਾਜ਼ ਦੀ ਦਲਦਲ ਵਿੱਚ ਧੱਸੇ ਬੈਠੇ ਹਾਂ।ਬਾਬੇ ਨਾਨਕ ਨੂੰ ਤਾਂ ਮੰਨਦੇ ਹਾਂ, ਪਰ ਉਸ ਦੇ ਸਿਧਾਂਤ ਨੂੰ ਨਹੀਂ ਮੰਨਦੇ।ਹਰ ਯੁੱਗ ਦਾ ਇੱਕ ਫਲਸਫਾ ਹੈ।ਇਸੇ ਤਰ੍ਹਾਂ ਗੁਰੂ ਨਾਨਕ ਬਾਣੀ ਦਾ ਵੀ ਇਕ ਫਲਸਫਾ ਹੈ।ਜਿਸ ਉਪਰ ਪਹਿਰਾ ਦੇਣ ਦੀ ਵੱਡੀ ਲੋੜ ਹੈ।
ਮਾ. ਤਰਲੋਚਨ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ ਅਤੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਯਥਾਰਥ ਅਤੇ ਤਰਕ ਨਾਲ ਸਰਾਬੋਰ ਹੈ।ਜਿਸ ਦਾ ਹਰ ਇਨਸਾਨ ਨੂੰ ਪਾਠ ਕਰਨ ਤੋਂ ਇਲਾਵਾ ਉਸ ਦਾ ਸਿਧਾਂਤ ਵੀ ਸਮਝਣਾ ਚਾਹੀਦਾ ਹੈ। ਇਕੱਤਰਤਾ ਦੇ ਦੂਸਰੇ ਸ਼ੈਸ਼ਨ ਵਿੱਚ ਨਾਟਕਕਾਰ ਜਗਦੀਸ਼ ਖੰਨਾ ਨੇ ਆਪਣਾ ਨਾਟਕ ‘ਡਬੋਲੀਏ’ ਪੜ੍ਹ ਕੇ ਸੁਣਾਇਆ ਜਿਸ ’ਤੇ ਉਸਾਰੂ ਬਹਿਸ ਹੋਈ। ਪ੍ਰ. ਹਮਦਰਦਵੀਰ ਨੌਸ਼ਹਿਰਵੀ ਨੇ ਆਪਣੀ ਕਵਿਤਾ ‘ਗੁਰੂ ਨਾਨਕ ਦੇ ਚਾਰ ਚਿੱਤਰ’, ਅਮਨ ਆਜ਼ਾਦ ਨੇ ਆਪਣੀ ਕਵਿਤਾ ‘ਹਨੇਰੇ ਦੀ ਕੀ ਔਕਾਤ’, ਅਵਤਾਰ ਉਟਾਲ ਨੇ ਆਪਣੀ ਕਵਿਤਾ ‘ਆਪੋ ਧਾਪੀ’, ਜਸਵੀਰ ਝੱਜ ਨੇ ਆਪਣੀ ਕਵਿਤਾ ‘ਹੱਕ ਪਰਾਇਆ’ ਨਾਲ ਹਾਜ਼ਰੀ ਲੁਆਈ।ਗ਼ਜ਼ਲਾਂ ਦੇ ਦੌਰ ਵਿੱਚ ਹਰਬੰਸ ਮਾਛੀਵਾੜਾ, ਨਰਿਜੰਣ ਸੂਖਮ, ਟੀ. ਲੋਚਣ ਅਤੇ ਮਲਕੀਤ ਪਵਾਤ ਨੇ ਸ਼ਾਇਰੀ ਦਾ ਰੰਗ ਬੰਨਦੇ ਹੋਏ ਵਾਹ-ਵਾਹ ਖੱਟੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਹਾਣੀਕਾਰ ਮੁਖਤਿਆਰ ਸਿੰਘ, ਕੁਲਵੰਤ ਤਰਕ, ਸੁਰਜੀਤ ਵਿਸ਼ਾਦ, ਬਲਵੰਤ ਮਾਂਗਟ, ਗੁਰਪ੍ਰੀਤ ਸਿੰਘ ਟੱਪਰੀਆਂ, ਸੁਖਵਿੰਦਰ ਸਿੰਘ ਖੰਨਾ, ਜਸਕਰਨ ਸਮਰਾਲਾ, ਜਸਮਨਰੂਪ ਸਿੰਘ, ਰਾਜਦੀਪ, ਦਿਗਪਾਲ, ਨਰਿੰਦਰ ਮਣਕੂ, ਜਸਵੀਰ ਸਿੰਘ ਟੋਡਪੁਰ, ਰਵੀ ਹੰਸ, ਅਬਦੁਲ ਖਾਂ, ਹਰਬੰਸ ਸਿੰਘ ਟੱਪਰੀਆਂ, ਉਦੈਵੀਰ ਸਿੰਘ ਅਤੇ ਕੁਨਾਲ ਅਭੈਜੀਤ ਸਿੰਘ ਆਦਿ ਸ਼ਾਮਿਲ ਹੋਏ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media