ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਦੋ ਹਫਤਿਆਂ ਦੇ ਰਿਫਰੈਸ਼ਰ ਕੋਰਸ ਦੇ ਉਦਘਾਟਨ
ਅੰਮ੍ਰਿਤਸਰ, 15 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਪ੍ਰੋ. ਹਰਦੀਪ ਸਿੰਘ ਨੇ ਕਿਹਾ ਹੈ ਕਿ ਗਣਿਤ ਸਾਰੇ ਵਿਗਿਆਨਾਂ ਦੀ ਹੀ ਮਾਂ ਨਹੀਂ ਸਗੋਂ ਇਸ ਨੂੰ ਸਾਰੇ ਅਕਾਦਮਿਕ ਅਨੁਸਾਸ਼ਨਾਂ ਦੀ ਮਾਂ ਵੀ ਕਿਹਾ ਜਾ ਸਕਦਾ ਹੈ। ਇਹ ਵਿਚਾਰ ਉਨ੍ਹਾਂ ਨੇ ਯੂਨੀਵਰਸਿਟੀ ਦੇ ਯੂ.ਜੀ.ਸੀ ਮਨੁੱਖੀ ਸਰੋਤ ਅਤੇ ਵਿਕਾਸ ਕੇਂਦਰ ਵੱਲੋਂ ਆਯੋਜਤ ਕੀਤੇ ਗਣਿਤ ਵਿਗਿਆਨਾਂ ਸਬੰਧੀ ਦੋ ਹਫਤਿਆਂ ਦੇ ਰਿਫਰੈਸ਼ਰ ਕੋਰਸ ਦੇ ਉਦਘਾਟਨ ਸੈਸ਼ਨ ਮੌਕੇ ਪੇਸ਼ ਕੀਤੇ। ਇਸ ਕੋਰਸ ਵਿਚ ਵੱਖ ਵੱਖ ਅਕਾਦਮਿਕ ਅਦਾਰਿਆਂ ਤੋਂ 21 ਅਧਿਆਪਕ ਅਤੇ ਖੋਜਾਰਥੀ ਭਾਗ ਲੈ ਰਹੇ ਹਨ।
ਮੌਜੂਦਾ ਦੌਰ ਵਿਚ ਗਣਿਤ ਦੀ ਭੂਮਿਕਾ ਬਾਰੇ ਗੱਲ ਕਰਦਿਆਂ ਪ੍ਰੋ. ਹਰਦੀਪ ਸਿੰਘ ਨੇ ਕਿਹਾ ਕਿ ਗਣਿਤ ਦੇ ਵਿਦਵਾਨਾਂ ਨੂੰ ਵੱਡੀ ਗਿਣਤੀ ਵਿਚ ਅੰਕੜਿਆਂ ਨੂੰ ਵਿਖਿਆਉਣ ਲਈ ਨਵੀਂ ਤਕਨੀਕਾਂ ਨੂੰ ਇਜਾਦ ਕਰਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਨਵੇਂ ਤਰ੍ਹਾਂ ਦੇ ਅੰਕੜਿਆਂ ਨੂੰ ਵਰਤਣ ਲਈ ਪੁਰਾਣੀਆਂ ਤਕਨੀਕਾਂ ਯੋਗ ਨਹੀਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕੋਰਸ ਅਧਿਆਪਕਾਂ ਅਤੇ ਖੋਜਾਰਥੀਆਂ ਲਈ ਬਹੁਤ ਲਾਹੇਵੰਦ ਸਾਬਤ ਹੁੰਦੇ ਹਨ ਅਤੇ ਉਨ੍ਹਾਂ ਨੂੰ ਖੇਤਰ ਦੀਆਂ ਨਵੀਆਂ ਤਕਨੀਕਾਂ ਅਤੇ ਵਿਗਿਆਨਾਂ ਬਾਰੇ ਪਤਾ ਚਲਦਾ ਹੈ।
ਕੇਂਦਰ ਦੇ ਡਾਇਰੈਕਟਰ ਪ੍ਰੋ. ਆਦਰਸ਼ ਪਾਲ ਵਿਗ ਨੇ ਕਿਹਾ ਕਿ ਇਸ ਕੋਰਸ ਦੌਰਾਨ ਪ੍ਰਾਪਤ ਗਿਆਨ ਨੂੰ ਹੋਰ ਅੱਗੇ ਵੰਡਣ ਅਤੇ ਆਪਣੇ ਗਿਆਨ ਵਿਚ ਹੋਰ ਵੀ ਵਾਧਾ ਕਰਨ। ਗਣਿਤ ਵਿਭਾਗ ਤੋਂ ਕੋਰਸ ਕੋਆਡੀਨੇਟਰ ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਪੁਸਤਕਾਂ ਦੇ ਨਾਲ ਨਾਲ ਸਾਨੂੰ ਹੋਰ ਸਰੋਤਾਂ ਜਿਵੇਂ ਈ-ਬੁਕਸ ਅਤੇ ਖੋਜ ਪੱਤਰਾਂ ਆਦਿ ਤੋਂ ਵੀ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ।
ਗਣਿਤ ਵਿਭਾਗ ਦੇ ਮੁਖੀ, ਪ੍ਰੋ. ਪਰਮਿੰਦਰ ਸਿੰਘ ਨੇ ਅਧਿਆਪਕਾਂ ਅਤੇ ਮਹਿਮਾਨਾਂ ਨਾ ਧੰਨਵਾਦ ਕੀਤਾ। ਇਸ ਮੌਕੇ ਡਾ ਮੋਹਨ ਕੁਮਾਰ, ਪ੍ਰੋ. ਟੀ.ਡੀ. ਨਾਰੰਗ, ਪ੍ਰੋ. ਪੈਮੀ ਮਨਚੰਦਾ, ਡਾ. ਲਵਲੀਨ ਕੁਮਾਰ ਗਰੋਵਰ, ਡਾ. ਜਤਿੰਦਰ ਸਿੰਘ ਅਤੇ ਡਾ. ਹਰਪ੍ਰੀਤ ਕੌਰ ਵੀ ਮੌਜੂਦ ਸਨ।
Punjab Post Daily Online Newspaper & Print Media