ਜਿਲ੍ਹਾ ਪ੍ਰਸਾਸਨ ਵੱਲੋਂ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ 570 ਕਿਸਾਨ ਸਨਮਾਨਿਤ
ਪਠਾਨਕੋਟ, 16 ਨਵੰਬਰ (ਪੰਜਾਬ ਪੋਸਟ ਬਿਊਰੋ) – ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਨਾ ਸਾੜਣ ਸੰਬੰਧੀ ਜ਼ਿਲਾ ਪ੍ਰਸ਼ਾਸ਼ਨ ਅਤੇ ਖੇਤੀਬਾੜੀ ਵਿਭਾਗ ਵਲੋਂ ਕੀਤੀਆਂ ਅਪੀਲਾਂ ਦਾ ਅਸਰ ਜ਼ਿਲਾ ਪਠਾਨਕੋਟ ‘ਚ ਪ੍ਰਤੱਖ ਰੂਪ ਵਿੱਚ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਕਿਸਾਨਾਂ ਵਲੋਂ ਝੋਨੇ ਦੀ ਪਰਾਲੀ ਨੂੰ ਨਾਂ ਸਾੜ ਕੇ ਵੱਡੀ ਮਾਤਰਾ ‘ਚ ਪੈਦਾ ਹੋਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਦੇ ਦੁਸਟ ਪ੍ਰਭਾਵਾਂ ਤੋਂ ਬਚਾਅ ਹੋਇਆ ਹੈ।ਇਸ ਤਰਾਂ ਜ਼ਿਲਾ ਪਠਾਨਕੋਟ ਝੋਨੇ ਦੀ ਪਰਾਲੀ ਨਾਂ ਸਾੜਣ ਵਾਲਾ ਅਤੇ ਪੰਜਾਬ ਦਾ ਪਹਿਲਾ ਪ੍ਰਦੂਸ਼ਣ ਰਹਿਤ ਜ਼ਿਲਾ ਬਣ ਗਿਆ ਹੈ।
ਡਿਪਟੀ ਕਮਿਸ਼ਨਰ ਰਾਮਵੀਰ ਨੇ ਕਿਸਾਨਾਂ ਲਈ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਰੱਖੇ ਗਏ ਸਨਮਾਨ ਸਮਾਰੋਹ ਦੌਰਾਨ ਦੱਸਿਆ ਕਿ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ 570 ਕਿਸਾਨਾਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਅਭਿਜੀਤ ਕਪਲਿਸ਼ ਵਧੀਕ ਡਿਪਟੀ ਕਮਿਸ਼ਨਰ (ਜ), ਅਰਸਦੀਪ ਸਿੰੰਘ ਐਸ.ਡੀ.ਐਮ ਪਠਾਨਕੋਟ, ਪਰਮਪਾਲ ਸਿੰਘ ਡੀ.ਡੀ.ਪੀ.ਓ ਪਠਾਨਕੋਟ, ਡਾ. ਹਰਿੰਦਰ ਬੈਂਸ ਖੇਤੀ ਬਾੜੀ ਅਫਸਰ, ਡਾ. ਅਮਰੀਕ ਸਿੰਘ ਖੇਤੀ ਬਾੜੀ ਅਫਸ਼ਰ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸਰ ਪਠਾਨਕੋਟ ਅਤੇ ਹੋਰ ਜਿਲ੍ਹਾ ਅਧਿਕਾਰੀਆਂ ਤੋਂ ਇਲਾਵਾ ਭਾਰੀ ਸੰਖਿਆ ਵਿੱਚ ਕਿਸਾਨ ਇਸ ਸਮੇਂ ਮੋਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਰਾਲੀ ਦੇ ਧੂੰਏ ਨਾਲ ਹੁੰਦੇ ਨੁਕਸਾਨ ਅਤੇ ਸਾਂਭ ਸੰਭਾਲ ਬਾਰੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਵੱਡੀ ਪੱਧਰ ‘ਤੇ ਸਕੂਲਾਂ, ਕਾਲਜਾਂ, ਜਾਗਰੂਕਤਾ ਕੈਂਪਾਂ, ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ ਅਤੇ ਧਾਰਮਿਕ ਸਥਾਨਾਂ ਦੇ ਪਬਲਿਕ ਐਡਰੈਸ ਸਿਸਟਮ ਦੀ ਵਰਤੋਂ ਕਰਦਿਆਂ ਜਾਗਰੂਕਤਾ ਮੁਹਿੰਮ ਚਲਾ ਕੇ ਕਿਸਾਨਾਂ ਤੱਕ ਪੰਜਾਬ ਸਰਕਾਰ ਸੁਨੇਹਾ ਪਹੁੰਚਾਇਆ।ਉਨਾਂ ਦੱਸਿਆ ਕਿ ਸਾਲ 2018 ਦੌਰਾਨ ਜ਼ਿਲ੍ਹੇ ਅੰਦਰ ਪਰਾਲੀ ਨੂੰ ਅੱਗ ਲੱਗਣ ਦੇ 9 ਅਤੇ ਪਿਛਲੇ ਦਿਨੀ ਦੋ ਪਿੰਡਾਂ ਵਿੱਚ ਪਰਾਲੀ ਨੂੰ ਅੱਗ ਲੱਗਣ ਦੇ ਵਾਕਿਆ ਦਰਜ ਕੀਤੇ ਗਏ।ਅੱਗ ਲਗਾਉਣ ਵਾਲੇ ਕਿਸਾਨਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਅਤੇ ਸਰਪੰਚ ਵੀ ਮੁਅੱਤਲ ਕਰ ਦਿਤਾ ਗਿਆ ਹੈ।
ਉਨਾਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਚਲਾਈ ਵਿਸ਼ੇਸ਼ ਮੁਹਿੰਮ ਅਤੇ ਪੰਜਾਬ ਪੁਲਿਸ ਵਲੋਂ ਕੀਤੀ ਸਖਤਾਈ ਦੇ ਨਤੀਜੇ ਵਜੋਂ ਇਸ ਵਾਰ ਜ਼ਿਲੇ ਅੰਦਰ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾ ਕੇ ਸਾੜਣ ਦੀ ਬਜਾਏ ਪਸ਼ੂ ਪਾਲਕਾਂ ਵਿਸ਼ੇਸ਼ ਕਰਕੇ ਗੁਜ਼ਰ ਭਾਈਚਾਰੇ ਨੂੰ 4200/- ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਵੇਚ ਕੇ ਜਿਥੇ ਆਪਣੀ ਆਮਦਨ ਵਿੱਚ ਵਾਧਾ ਕੀਤਾ ਹੈ, ਉਥੇ ਵਾਤਾਵਰਣ ਨੂੰ ਪ੍ਰਦੂਸ਼ਣ ਪੈਦਾ ਹੋਣ ਤੋਂ ਵੀ ਬਚਾਇਆ ਹੈ।ਕਿਸਾਨਾਂ ਨੂੰ ਤਕਰੀਬਨ 112 ਕਰੋੜ ਅੱਠ ਲੱਖ ਪਝੱਤਰ ਹਜ਼ਾਰ ਰੁਪਏ ਦਾ ਫਾਇਦਾ ਹੋਇਆ ਹੈ, ਜੋ ਕਿਸਾਨਾਂ ਵਲੋਂ ਕਣਕ ਦੀ ਬਿਜ਼ਾਈ ਲਈ ਤਿਆਰ ਕੀਤੇ ਜਾਣ ਵਾਲੇ ਖੇਤਾਂ ‘ਤੇ ਹੋਣ ਵਾਲੇ ਖਰਚੇ ਵਜੋਂ ਵਰਤੇ ਜਾਣਗੇ।ਉਨਾਂ ਦੱਸਿਆ ਕਿ ਝੋਨੇ ਦੀ ਪਰਾਲੀ/ਰਹਿੰਦ ਖੁੂੰਹਦ ਦੇ ਨਿਪਟਾਰੇ ਲਈ ਇਸ ਵਾਰ 10 ਮਸ਼ੀਨਰੀ ਬੈਂਕ ਸਥਾਪਤ ਕਰਕੇ ਕਿਸਾਨਾਂ ਨੂੰ 80 ਫੀਸਦੀ ਸਬਸਿਡੀ ਉਨਾਂ ਦੇ ਖਾਤਿਆਂ ਵਿਚ ਦਿਤੀ ਗਈ ਹੈ ਅਤੇ ਹੁਣ ਸਰਕਾਰ ਦੀ ਯੋਜਨਾ ਦੇ ਅਨੁਸਾਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਤੇ 2500 ਪ੍ਰਤੀ ਹੈਕਟਰ ਦੇ ਹਿਸਾਬ ਨਾਲ ਰਾਸ਼ੀ ਵੀ ਦਿੱਤੀ ਗਈ ਹੈ।ਅੱਜ ਤੱਕ ਕਰੀਬ 570 ਕਿਸਾਨਾਂ ਦੇ ਖਾਤਿਆਂ ਵਿੱਚ ਰਾਸ਼ੀ ਟਰਾਂਸਫਰ ਕਰ ਦਿੱਤੀ ਗਈ ਹੈ।
Punjab Post Daily Online Newspaper & Print Media