ਕਿਹਾ ਪੰਜਾਬ ਸਰਕਾਰ ਵਲੋਂ ਪੀੜ੍ਹਤ ਪਰਿਵਾਰ ਨਾਲ ਕੀਤੇ ਵਾਅਦੇ ਸਮੇਂ ਸਿਰ ਪੂਰੇ ਕੀਤੇ ਜਾਣਗੇ
ਲਹਿਰਾਗਾਗਾ / ਲੌਂਗੋਵਾਲ, 19 ਨਵੰੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵਲੋਂ ਪਿੰਡ ਚੰਗਾਲੀਵਾਲਾ ਦੇ ਮ੍ਰਿਤਕ ਦਲਿਤ ਨੌਜਵਾਨ
ਜਗਮੇਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਬੀਤੀ ਸ਼ਾਮ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਦੇ ਕੀਤੇ ਗਏ ਵਾਅਦੇ ਨੂੰ ਪੂਰਾ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵਲੋਂ ਪੰਜਾਬ ਰਾਜ ਯੋਜਨਾ ਬੋਰਡ ਦੇ ਵਾਇਸ ਚੇਅਰਪਰਸਨ ਬੀਬੀ ਰਜਿੰਦਰ ਕੌਰ ਭੱਠਲ ਅਤੇ ਜ਼ਿਲ੍ਹੇ ਦੇ ਉਚ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਪਿੰਡ ਚੰਗਾਲੀਵਾਲਾ ਵਿਖੇ ਪਹੁੰਚ ਕੇ ਮ੍ਰਿਤਕ ਜਗਮੇਲ ਸਿੰਘ ਦੀ ਮਾਤਾ ਭਗਵਾਨ ਕੌਰ, ਪਤਨੀ ਮਨਜੀਤ ਕੌਰ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੂੰ 6 ਲੱਖ ਰੁਪਏ ਦਾ ਚੈਕ ਸੌਂਪਿਆ ਗਿਆ।ਉਨ੍ਹਾਂ ਦੱਸਿਆ ਕਿ ਸਰਕਾਰ ਦੀ ਤਰਫੋਂ ਬਕਾਇਆ 14 ਲੱਖ ਰੁਪਏ ਮ੍ਰਿਤਕ ਦੇ ਭੋਗ ਵਾਲੇ ਦਿਨ ਪੀੜਤ ਪਰਿਵਾਰ ਨੂੰ ਦਿੱਤੇ ਜਾਣਗੇ।
ਕੈਬਨਿਟ ਮੰਤਰੀ ਸਿੰਗਲਾ ਨੇ ਪੀੜਤ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਦੁੱਖ ਦੀ ਇਸ ਘੜੀ ‘ਚ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਪੀੜ੍ਹਤ ਪਰਿਵਾਰ ਨੂੰ ਬਣਦਾ ਮੁਆਵਜ਼ਾ ਦੇਣ ਦੇ ਨਾਲ-ਨਾਲ ਕੀਤੇ ਗਏ ਹੋਰ ਵਾਅਦੇ ਵੀ ਸਮੇਂ ਸਿਰ ਪੂਰੇ ਕੀਤੇ ਜਾਣਗੇ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸਿੰਗਲਾ ਨੇ ਕਿਹਾ ਕਿ ਪੁਲਿਸ ਵਿਭਾਗ ਵਲੋਂ ਸੱਤ ਦਿਨਾਂ ਦੇ ਅੰਦਰ-ਅੰਦਰ ਚਲਾਨ ਪੇਸ਼ ਕਰਕੇ ਇਸ ਦੁਖਾਂਤਕ ਘਟਨਾ ਲਈ ਜਿੰਮੇਵਾਰ ਦੋਸ਼ੀਆਂ ਨੂੰ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਬਣਦੀ ਸਜ਼ਾ ਦਿਵਾਉਣ ਦੇ ਯਤਨ ਕੀਤੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਮ੍ਰਿਤਕ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਅਤੇ ਬੱਚਿਆ ਦੀ ਪੜ੍ਹਾਈ ਦਾ ਖਰਚਾ ਵੀ ਸਰਕਾਰ ਵਲੋਂ ਹੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਰਿਵਾਰ ਨੂੰ ਸਵਾ ਲੱਖ ਰੁਪਏ ਮਕਾਨ ਦੀ ਮੁਰੰਮਤ ਲਈ ਵੀ ਦਿੱਤੇ ਜਾਣਗੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਜਦੋਂ ਹੀ ਇਸ ਮੰਦਭਾਗੀ ਘਟਨਾ ਦਾ ਮਾਮਲਾ ਪੁਲਿਸ ਅਤੇ ਪ੍ਰਸ਼ਾਸਨ ਦੇ ਧਿਆਨ `ਚ ਆਇਆ ਤਾਂ ਫੌਰੀ ਕਾਰਵਾਈ ਅਮਲ `ਚ ਲਿਆਉਂਦੇ ਹੋਏ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਸਪੱਸ਼ਟ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਇਸ ਮਾਮਲੇ ਵਿੱਚ ਪੂਰੀ ਸਖ਼ਤੀ ਵਰਤੀ ਜਾਵੇ ਅਤੇ ਕਿਸੇ ਵੀ ਪੱਧਰ `ਤੇ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਇਹ ਇੱਕ ਅਣਮਨੁੱਖੀ ਅਤੇ ਜ਼ਾਲਮਾਨਾ ਘਟਨਾ ਹੈ ਅਤੇ ਪੀੜ੍ਹ੍ਹਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸਰਕਾਰ ਵਚਨਬੱਧ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਐਸ.ਐਸ.ਪੀ ਸੰਦੀਪ ਗਰਗ, ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਰਜਿੰਦਰ ਸਿੰਘ ਰਾਜਾ, ਐਸ.ਡੀ.ਐਮ ਕਾਲਾਰਾਮ ਕਾਂਸਲ, ਐਸ.ਪੀ ਗੁਰਮੀਤ ਸਿੰਘ, ਡੀ.ਐਸ.ਪੀ ਬੂਟਾ ਸਿੰਘ, ਅਤੇ ਵਿਲੀਅਮਜੀਤ ਸਿੰਘ ਜੇਜੀ ਸਮੇਤ ਹੋਰ ਅਧਿਕਾਰੀ ਅਤੇ ਆਗੂ ਮੌਜੂਦ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media