ਸੰਗਰੂਰ/ ਲੌਂਗੋਵਾਲ, 21 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) -ਸਿਆਚਿਨ ਗਲੇਸ਼ੀਅਰ ਵਿਖੇ `ਅਪ੍ਰੇਸ਼ਨ ਮੇਘਦੂਤ` ਦੌਰਾਨ
ਸ਼ਹੀਦ ਹੋਏ ਦੇਸ਼ ਦੇ ਜਾਂਬਾਜ਼ ਸਿਪਾਹੀ ਵੀਰਪਾਲ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦੇ ਜੱਦੀ ਪਿੰਡ ਗੁਆਰਾ ਕੀਤਾ ਗਿਆ। ਭਾਰਤੀ ਫੌਜ ਦੀ 3 ਪੰਜਾਬ ਰੈਜੀਮੈਂਟ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਵਾਲੇ ਸਵ. ਵੀਰਪਾਲ ਸਿੰਘ ਦੀ ਤਿਰੰਗੇ ਵਿੱਚ ਲਪੇਟੀ ਦੇਹ ਜਿਵੇਂ ਹੀ ਪਿੰਡ ਗੁਰਦੁਆਰਾ ਸਾਹਿਬ ਪੁੱਜੀ ਤਾਂ ਸਾਰਾ ਮਾਹੌਲ ਸੌਗਮਈ ਹੋ ਗਿਆ ਅਤੇ ਦੂਰੋਂ ਨੇੜਿਓਂ ਵੱਡੀ ਗਿਣਤੀ ‘ਚ ਸਮਾਜਿਕ, ਸਿਆਸੀ ਤੇ ਪ੍ਰਸ਼ਾਸਨਿਕ ਸ਼ਖਸ਼ੀਅਤਾਂ ਨੇ ਪੁੱਜ ਕੇ ਸ਼ਹੀਦ ਨੂੰ ਨਿੱਘੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ।
ਪੰਜਾਬ ਸਰਕਾਰ ਦੀ ਤਰਫੋਂ ਐਸ.ਡੀ.ਐਮ ਮਲੇਰਕੋਟਲਾ ਵਿਕਰਮਜੀਤ ਸਿੰਘ ਪਾਂਥੇ ਨੇ ਰੀਥ ਰੱਖ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ।ਉਨ੍ਹਾਂ ਸ਼ਹੀਦ ਦੇ ਪਿਤਾ ਕਿਰਪਾਲ ਸਿੰਘ ਤੇ ਮਾਤਾ ਸ਼੍ਰੀਮਤੀ ਮਨਜੀਤ ਕੌਰ ਸਮੇਤ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਡੂੰਘੀ ਹਮਦਰਦੀ ਪ੍ਰਗਟਾਈ ਅਤੇ ਸਰਕਾਰ ਦੀ ਤਰਫੋਂ ਹਰੇਕ ਤਰ੍ਹਾਂ ਦੀ ਮਦਦ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਨ ਤੇ ਸ਼ਾਨ ਨੂੰ ਕਾਇਮ ਰੱਖਣ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਸੂਰਵੀਰਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਇਸ ਮੌਕੇ ਜ਼ਿਲ੍ਹਾ ਸੈਨਿਕ ਭਲਾਈ ਅਫ਼ਸਰ ਰਾਜਵੰਤ ਸਿੰਘ, ਐਸ.ਪੀ ਮਨਜੀਤ ਸਿੰਘ ਬਰਾੜ, ਡੀ.ਐਸ.ਪੀ ਕਰਨਵੀਰ ਸਿੰਘ ਸਮੇਤ ਵੱਡੀ ਗਿਣਤੀ ਹੋਰ ਸ਼ਖ਼ਸੀਅਤਾਂ ਵੱਲੋਂ ਵੀ ਸ਼ਰਧਾਂਜਲੀ ਭੇਟ ਕੀਤੀ।ਸ਼ਹੀਦ ਨੂੰ ਅੰਤਿਮ ਵਿਦਾਇਗੀ ਦੇਣ ਮੌਕੇ ਸੈਂਕੜਿਆਂ ਦੀ ਗਿਣਤੀ ਵਿੱਚ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ, ਸਿਆਸੀ ਪਾਰਟੀਆਂ ਦੇ ਆਗੂ ਵੀ ਪੁੱਜੇ ਹੋਏ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media