ਲੌਂਗੋਵਾਲ, 22 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੰਗਰੂਰ ਸ਼ਹਿਰ ਵਿੱਚ ਬਰਨਾਲਾ ਕੈਂਚੀਆਂ ਰੇਲਵੇ ਓਵਰ ਬ੍ਰਿਜ ਦੇ ਹੇਠਾਂ
ਵਸਦੀਆਂ ਅੱਧੀ ਦਰਜਨ ਦੇ ਕਰੀਬ ਕਲੋਨੀਆਂ ਦੇ ਨਿਵਾਸੀਆਂ ਦੀ ਚਿਰਾਂ ਤੋਂ ਲਟਕ ਰਹੀ ਮੰਗ ਨੂੰ ਪੂਰਾ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਰੀਬ 5.25 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਰੇਲਵੇ ਅੰਡਰ ਪਾਥ ਦੇ ਨਿਰਮਾਣ ਕਾਰਜਾਂ ਦਾ ਰਸਮੀ ਉਦਘਾਟਨ ਕੀਤਾ। ਸ਼੍ਰੀ ਸਿੰਗਲਾ ਨੇ ਕਿਹਾ ਕਿ ਰੇਲਵੇ ਓਵਰ ਬ੍ਰਿਜ ਦੇ ਹੇਠਾਂ ਅਜਿਹੇ ਅੰਡਰ ਪਾਥ ਦੇ ਨਿਰਮਾਣ ਦੀ ਪ੍ਰਵਾਨਗੀ ਸਬੰਧੀ ਉਨ੍ਹਾਂ ਵੱਲੋਂ ਵਿਸ਼ੇਸ ਤੌਰ `ਤੇ ਕੇਂਦਰੀ ਰੇਲਵੇ ਮੰਤਰੀ ਨਾਲ ਰਾਬਤਾ ਕੀਤਾ ਗਿਆ ਸੀ ਜਿਸ ਦੇ ਤਹਿਤ ਖਰਚੀ ਜਾਣ ਵਾਲੀ ਇਸ ਰਾਸ਼ੀ ਦਾ ਵੱਡਾ ਹਿੱਸਾ ਪੰਜਾਬ ਸਰਕਾਰ ਵੱਲੋਂ ਪਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਪੰਜਾਬ ਦੁਆਰਾ ਇਸ ਅੰਡਰ ਪਾਥ ਦੇ ਨਿਰਮਾਣ `ਤੇ ਆਉਣ ਵਾਲੀ ਲਾਗਤ ਦੀ ਰਾਸ਼ੀ ਰੇਲਵੇ ਮੰਤਰਾਲੇ ਕੋਲ ਪਹਿਲਾਂ ਹੀ ਜਮ੍ਹਾਂ ਕਰਵਾਈ ਜਾ ਚੁੱਕੀ ਹੈ ਅਤੇ ਇਸ ਦਾ ਨਿਰਮਾਣ ਰੇਲਵੇ ਵਿਭਾਗ ਵੱਲੋਂ ਹੀ ਕਰਵਾਇਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਇਹ ਰੇਲਵੇ ਅੰਡਰ ਪਾਥ ਕਰੀਬ ਇੱਕ ਵਰ੍ਹੇ ਅੰਦਰ ਮੁਕੰਮਲ ਹੋ ਜਾਵੇਗਾ ਅਤੇ ਰੇਲਵੇ ਓਵਰ ਬ੍ਰਿਜ ਦੇ ਹੇਠਾਂ ਦੋਵੇਂ ਪਾਸੀਂ ਸਥਿਤ ਕਲੋਨੀਆਂ ਦੇ ਰਾਹਗੀਰਾਂ ਦੇ ਸਮੇਂ ਦੀ ਵੱਡੀ ਬੱਚਤ ਹੋਵੇਗੀ।
ਸਿੰਗਲਾ ਨੇ ਅੰਡਰ ਪਾਥ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਧਾਰਮਿਕ ਰਹੁ-ਰੀਤਾਂ ਅਨੁਸਾਰ ਕਹੀ ਨਾਲ ਟੱਕ ਲਗਾ ਕੇ ਕੀਤੀ।ਵੱਖ-ਵੱਖ ਕਲੋਨੀਆਂ ਦੇ ਨਿਵਾਸੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸਿੰਗਲਾ ਨੇ ਕਿਹਾ ਕਿ ਉਹ ਸ਼ਹਿਰ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਕਾਰਜਸ਼ੀਲ ਹਨ ਅਤੇ ਇਲਾਕਾ ਵਾਸੀਆਂ ਦੀਆਂ ਜਿਹੜੀਆਂ ਵੀ ਹੋਰ ਮੰਗਾਂ ਹੋਣਗੀਆਂ ਉਨ੍ਹਾਂ ਨੂੰ ਤਰਜ਼ੀਹ ਦੇ ਆਧਾਰ `ਤੇ ਪੂਰਾ ਕੀਤਾ ਜਾਵੇਗਾ।
ਇਸ ਦੌਰਾਨ ਹੋਰਨਾਂ ਤੋਂ ਇਲਾਵਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਨਰੇਸ਼ ਗਾਬਾ, ਅਨਿਲ ਕੀਚਾ, ਪਰਮਿੰਦਰ ਸ਼ਰਮਾ, ਮਹੇਸ਼ ਕੁਮਾਰ ਮੇਸ਼ੀ, ਅਸ਼ੋਕ ਐਮ.ਸੀ, ਹਾਕਮ, ਡਾ. ਲਛਮਣ, ਭੁਪਿੰਦਰ ਸ਼ਰਮਾ, ਰੇਲਵੇ ਦੇ ਸੀਨੀਅਰ ਸੈਕਸ਼ਨ ਇੰਜੀਨੀਅਰ ਕਮਲਜੀਤ ਸਿੰਘ, ਆਨੰਦ ਗਰਗ, ਜੇ.ਈ ਸੁਰੇਸ਼ ਕੁਮਾਰ, ਐਕਸੀਅਨ ਲੋਕ ਨਿਰਮਾਣ ਵਿਭਾਗ ਵਿਪਨ ਬਾਂਸਲ ਸਮੇਤ ਹੋਰ ਅਧਿਕਾਰੀ ਤੇ ਪਾਰਟੀ ਦੇ ਵੱਡੀ ਗਿਣਤੀ ਵਰਕਰ ਵੀ ਮੌਜੂਦ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media