ਮਹਿਤਾ, 13 ਦਸੰਬਰ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁੱਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪਾਕਿਸਤਾਨ
ਦੇ ਸਿੱਖ ਆਗੂ ਰਮੇਸ਼ ਸਿੰਘ ਅਰੋੜਾ ਨੂੰ ਲਹਿੰਦੇ ਪੰਜਾਬ ਦੀ ਅਸੈਂਬਲੀ ‘ਚ ਦੂਜੀ ਵਾਰ ਮੈਂਬਰ ਸੂਬਾਈ ਅਸੈਂਬਲੀ (ਐਮ.ਪੀ.ਏ) ਨਿਯੁੱਕਤ ਕਰਨ ‘ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ।ਪ੍ਰੋ: ਸਰਚਾਂਦ ਸਿੰਘ ਵਲੋਂ ਜਾਰੀ ਬਿਆਨ ਵਿੱਚ ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਮੁਸਲਿਮ ਲੀਗ-ਨਵਾਜ਼ ਵਲੋਂ ਨਾਰੋਵਾਲ ਦੇ ਸਿੱਖ ਆਗੂ ਅਰੋੜਾ ਅਤੇ ਉਨ੍ਹਾਂ ਤੋਂ ਪਹਿਲਾਂ ਸੱਤਾਧਾਰੀ ਤਹਿਰੀਕ-ਏ-ਇਨਸਾਫ਼ ਪਾਰਟੀ ਵਲੋਂ ਮੁਲਤਾਨ ਦੇ ਮਹਿੰਦਰਪਾਲ ਸਿੰਘ ਨੂੰ ਐਮ.ਪੀ.ਏ ਅਤੇ ਪਾਰਲੀਮਾਨੀ ਸਕੱਤਰ ਨਿਯੁੱਕਤ ਕੀਤੇ ਜਾਣਾ ਇਸ ਗੱਲ ਦਾ ਪ੍ਰਮਾਣ ਹਨ ਕਿ ਉਥੋਂ ਦੀਆਂ ਸਿਆਸੀ ਪਾਰਟੀਆਂ ਲਈ ਸਿੱਖ ਭਾਈਚਾਰਾ ਵਿਸ਼ੇਸ਼ ਮਹੱਤਵ ਰੱਖਦਾ ਹੈ।
ਉਨ੍ਹਾਂ ਉਕਤ ਸਿੱਖ ਆਗੂਆਂ ਨੂੰ ਸਿੱਖ ਭਾਈਚਾਰੇ ਦੀ ਸੁਰੱਖਿਆ, ਆਰਥਿਕ ਮਜ਼ਬੂਤੀ, ਸਿਖਿਆ, ਦਰਪੇਸ਼ ਮਸਲਿਆਂ ਤੋਂ ਇਲਾਵਾ ਪਾਕਿਸਤਾਨ ਵਿਚ ਸਿਖਾਂ ਦੇ ਧਾਰਮਿਕ ਅਸਥਾਨਾਂ ਦੀ ਸੇਵਾ ਸੰਭਾਲ ਵਲ ਵਿਸ਼ੇਸ਼ ਧਿਆਨ ਦੇਣ ਦੀ ਜ਼ਿੰਮੇਵਾਰੀ ਨਿਭਾਉਣ ਲਈ ਕਿਹਾ ਹੈ।ਉਨ੍ਹਾਂ ਕਰਤਾਰਪੁਰ ਸਮੇਤ ਹੋਰਨਾਂ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਮੁਸਲਿਮ ਸ਼ਰਧਾਲੂਆਂ ਨੂੰ ਲੰਗਰ ਪ੍ਰਥਾ ਅਤੇ ਸਿੱਖ ਪਰੰਪਰਾਵਾਂ ਬਾਰੇ ਦੱਸਣ ਲਈ ਠੋਸ ਪ੍ਰਬੰਧ ਕਰਨ ਅਤੇ ਸਿੱਖ ਬੱਚਿਆਂ ਨੂੰ ਆਪਣੇ ਧਰਮ ਅਤੇ ਗੁਰਮਤਿ ਮਰਿਆਦਾ ਤੋਂ ਜਾਣੂ ਕਰਾਉਣ ਲਈ ਪ੍ਰਚਾਰਕ ਨਿਯੁਕਤ ਕਰਨ ਦੀ ਲੋੜ ‘ਤੇ ਵੀ ਜੋਰ ਦਿੱਤਾ।ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਦੋਹਾਂ ਸਿਖ ਆਗੂਆਂ ਨੂੰ ਭਾਰਤ ਅਤੇ ਪਾਕਿਸਤਾਨ ਵਿਚ ਸਦਭਾਵਨਾ, ਵਪਾਰਕ ਉਨਤੀ ਅਤੇ ਤਰਕੀ ਲਈ ਦੋਹਾਂ ਦੇਸ਼ਾਂ ਵਿਚਲੇ ਸਿਆਸੀ ਅਤੇ ਸਰਹੱਦੀ ਤਲਖ਼ੀਆਂ ਦੂਰ ਕਰਨ ਵਿਚ ਆਪਣੀ ਠੋਸ ਭੂਮਿਕਾ ਅਦਾ ਕਰਨ ਲਈ ਵੀ ਕਿਹਾ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media