ਕੜਾਕੇ ਦੀ ਠੰਡ ਵਿੱਚ ਵੀ ਦੂਰੋਂ ਨੇੜਿਓਂ ਪਹੁੰਚੇ ਲੇਖਕ
ਸਮਰਾਲਾ, 20 ਦਸੰਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਹੀਨੇਵਾਰ ਇਕੱਤਰਤਾ ਸਾਹਿਤ ਸਭਾ ਦੇ
ਚੇਅਰਮੈਨ ਕਹਾਣੀਕਾਰ ਸੁਖਜੀਤ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸਭ ਤੋਂ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਉਘੇ ਲੇਖਕ ਅਤੇ ਸੰਪਾਦਕ ਸ਼ਿੰਗਾਰਾ ਸਿੰਘ ਭੁੱਲਰ ਅਤੇ ਫ਼ਿਲਮਾਂ ਦੇ ਕਹਾਣੀ/ਪਟਕਥਾ ਅਤੇ ਵਿਅੰਗ ਲੇਖਕ ਰਾਜਿੰਦਰ ਸਿੰਘ ਆਤਿਸ਼ ਦੇ ਸਦੀਵੀ ਵਿਛੋੜੇ ’ਤੇ ਦੁੱਖ ਜਾਹਿਰ ਕੀਤਾ ਗਿਆ।
ਇਸ ਉਪਰੰਤ ਹਾਜ਼ਰ ਲੇਖਕਾਂ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ ਜਿਨ੍ਹਾਂ ਵਿੱਚ ਕਹਾਣੀਕਾਰ ਮਨਦੀਪ ਸਿੰਘ ਡਡਿਆਣਾ ਨੇ ਕਹਾਣੀ ‘ਹਲਕਾਅ’, ਮੁਖਤਿਆਰ ਸਿੰਘ ਨੇ ਕਹਾਣੀ ‘ਬਰਲਿਨ ਦੀ ਦੀਵਾਰ’, ਗੁਰਮੀਤ ਸਿੰਘ ਆਰਿਫ਼ ਨੇ ਕਹਾਣੀ ‘ਅਹਿਮਸ਼ਾਹੇ’, ਤਰਨ ਬੱਲ ਕਹਾਣੀ ‘ਮੈਂ ਬੋਲਦਾ ਰਹਾਂਗਾ’ ਅਤੇ ਸ਼੍ਰੋਮਣੀ ਬਾਲ ਸਾਹਿਤਕਾਰ ਕਮਲਜੀਤ ਨੀਲੋਂ ਨੇ ਆਪਣੀ ਬਾਲ ਕਹਾਣੀ ਹਾਜ਼ਰੀਨ ਨਾਲ਼ ਸਾਂਝੀਆਂ ਕੀਤੀਆਂ।ਹਰਬੰਸ ਸਿੰਘ ਮਾਲਵਾ ਨੇ ਆਪਣਾ ਬਹੁਤ ਹੀ ਖੂਬਸੂਰਤ ਗੀਤ ‘ਸੁਣ ਵੇ ਗੱਭਰੂਆ’ ਪੇਸ਼ ਕੀਤਾ ਜੋ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਸੀ।ਗੁਰਦੀਪ ਮਹੌਣ ਨੇ ਮਿੰਨੀ ਕਹਾਣੀ ‘ਸਰਕਾਰਾਂ’, ਅਵਤਾਰ ਸਿੰਘ ਉਟਾਲਾਂ ਨੇ ਕਵਿਤਾ ‘ਤੁਸੀਂ ਜਾਲ਼ੋ ਨਾ ਪਰਾਲੀ’ ਅਤੇ ਸਾਹਿਤ ਸਭਾ ਦੀ ਮੀਟਿੰਗ ਵਿੱਚ ਪਹਿਲੀ ਵਾਰ ਪਹੰੁਚੇ ਨੌਜਵਾਨ ਲੇਖਕ ਅਜਮੇਰ ਸਿੰਘ ਮਾਨ ਨੇ ਆਪਣੀ ਬਹੁਤ ਹੀ ਭਾਵਪੂਰਤ ਕਵਿਤਾ ‘ਨਾਨਕ’ ਸੁਣਾ ਕੇ ਵਾਹ ਵਾਹ ਲੁੱਟੀ। ਪੜ੍ਹੀਆਂ ਗਈਆਂ ਰਚਨਾਵਾਂ ‘ਤੇ ਉਕਤ ਲੇਖਕਾਂ ਤੋਂ ਇਲਾਵਾ ਕਹਾਣੀਕਾਰ ਸੁਖਜੀਤ, ਸੁਰਿੰਦਰ ਰਾਮਪੁਰੀ, ਸੰਦੀਪ ਸਮਰਾਲਾ, ਨਿਰਭੈ ਸਿੰਘ ਸਿੰਧੂ, ਬਾਬੂ ਸਿੰਘ ਚੌਹਾਨ, ਲਖਵਿੰਦਰ ਸਿੰਘ ਖ਼ਾਲਸਾ ਅਤੇ ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਵਿਦੇਸ਼ ਰਹਿੰਦੇ ਲੇਖਕ ਨਿੰਦਰ ਗਿੱਲ ਭਰਮੀ ਵਿਚਾਰ ਚਰਚਾ ਕੀਤੀ।ਸਮੁੱਚੀ ਮੀਟਿੰਗ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਦੀਪ ਦਿਲਬਰ ਨੇ ਬਾਖੂਬੀ ਨਿਭਾਈ।
Punjab Post Daily Online Newspaper & Print Media