Friday, February 27, 2026

ਨਵੇਂ ਸਾਲ ਦੀ ਆਮਦ ‘ਤੇ ਲੇਖਕ ਮੰਚ ਸਮਰਾਲਾ ਦੀ ਮਾਸਿਕ ਇਕੱਤਰਤਾ

ਸਮਰਾਲਾ, 13 ਜਨਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਨਵੇਂ ਵਰ੍ਹੇ ਨੂੰ ਖ਼ੁਸ਼ਾਮਦੀਦ ਆਖਦੇ ਹੋਏ ਲੇਖਕ ਮੰਚ ਸਮਰਾਲਾ ਦੀ ਸਾਲ ਦੀ ਪਹਿਲੀ ਮਾਸਿਕ PPNJ64010202012ਮੀਟਿੰਗ ਮੰਚ ਦੇ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਸ਼ਾਹੀ ਦੀ ਪ੍ਰਧਾਨਗੀ ਹੇਠ ਹੋਈ।ਇਹ ਇਕੱਤਰਤਾ ਉਰਦੂ ਦੇ ਮਹਾਨ ਸ਼ਾਇਰ ਫ਼ੈਜ ਅਹਿਮਦ ਫ਼ੈਜ ਅਤੇ ਸਹਾਦਤ ਹਸਨ ਮੰਟੋ ਨੂੰ ਸਮਰਪਿਤ ਕੀਤੀ ਗਈ।ਮੀਟਿੰਗ ਵਿੱਚ ਹਾਜ਼ਰ ਲੇਖਕਾਂ ਨੇ ਮੰਚ ਦੇ ਪ੍ਰਧਾਨ ਦਲਜੀਤ ਸ਼ਾਹੀ ਦੇ ਪੂਜਨੀਕ ਮਾਤਾ ਮਨਜੀਤ ਕੌਰ ਅਤੇ ਕੁਲਵੰਤ ਸਿੰਘ ਤਰਕ ਦੇ ਪਿਤਾ ਗੁਰਨਾਮ ਸਿੰਘ ਬੜੈਚ ਦੀ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਸ਼ਰਧਾਂਜਲੀ ਭੇਂਟ ਕੀਤੀ ਗਈ।ਮੀਟਿੰਗ ਦਾ ਆਗਾਜ਼ ਕਰਦਿਆਂ ਮੰਚ ਦੇ ਜਨਰਲ ਸਕੱਤਰ ਰਾਜਵਿੰਦਰ ਸਮਰਾਲਾ ਵਲੋਂ ਆਏ ਹੋਏ ਲੇਖਕਾਂ ਨੂੰ ਜੀ ਆਇਆ ਆਖਣ ਉਪਰੰਤ ਮੀਟਿੰਗ ਵਿੱਚ ਇਕੱਤਰ ਹੋਏ ਲੇਖਕਾਂ ਨੂੰ ਸੰਬੋਧਨ ਕਰਦਿਆਂ ਉਘੇ ਰੰਗ ਮੰਚ ਨਿਰਦੇਸ਼ਕ ਮਾ. ਤਰਲੋਚਨ ਸਮਰਾਲਾ ਨੇ ਫ਼ੈਜ ਅਹਿਮਦ ਫ਼ੈਜ ਦੇ ਬਹੁਚਰਚਿਤ ਤਰਾਨੇ ‘ਲਾਜ਼ਿਮ ਹੈ, ਹਮ ਦੇਖੇਂਗੇ’ ਨੂੰ ਗਹਿਰਾਈ ਵਿੱਚ ਸਮਝਣ ਦੇ ਸੰਦਰਭ ਵਿੱਚ ਫ਼ੈਜ ਹੋਰਾਂ ਦੇ ਜੀਵਨ ਸੰਗਰਾਮ, ਬਤੌਰ ਕਮਿਊਨਿਸਟ ਉਨ੍ਹਾਂ ਦੀ ਪ੍ਰਤੀਬੱਧਤਾ, ਉਸ ਦੌਰ ਦੇ ਹਾਲਾਤ ਤੇ ਵਿਦਰੋਹੀ ਕਵਿਤਾ ਬਾਰੇ ਅਤੇ ਅੱਜ ਦੇ ਭਾਰਤ ਦੇ ਮਾੜੇ ਹਾਲਾਤਾਂ ਤੇ ਤਾਨਸ਼ਾਹੀ ਫਰਮਾਨਾਂ ਦੇ ਸੰਗ ਵਿੱਚ ਵਿਸਥਾਰ ਪੂਰਵਕ ਗੱਲ ਕੀਤੀ।ਫ਼ੈਜ ਅਹਿਮਦ ਫ਼ੈਜ ਦੀ ਕਵਿਤਾ ਤੇ ਦਲਜੀਤ ਸ਼ਾਹੀ ਨੇ ਗੱਲ ਕਰਦੇ ਹੋਏ ਕਿਹਾ ਕਿ ਲੋਕਾਂ ਦੀ ਕਵਿਤਾ ਕਦੇ ਨਹੀਂ ਮਰਦੀ, ਜਦੋਂ ਵੀ ਹੁਕਮਰਾਨ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਉਸ ਦੇ ਬੋਲ ਲੋਕਾਂ ਦੇ ਮਨਾਂ ਵਿੱਚ ਹੋਰ ਪ੍ਰਬਲ ਹੁੰਦੇ ਹਨ, ਭਾਵੇਂ ਉਹ ਕਵਿਤਾ ਫ਼ੈਜ ਨੇ ਲਿਖੀ ਹੋਵੇ ਜਾਂ ਪਾਸ਼ ਨੇ।
ਇਸ ਗੱਲਬਾਤ ਵਿੱਚ ਸੁਰਜੀਤ ਵਿਸ਼ਦ, ਗੁਰਸੇਵਕ ਢਿੱਲੋਂ, ਅਮਰਦੀਪ ਖਮਾਣੋਂ ਨੇ ਵੀ ਹਿੱਸਾ ਲਿਆ।ਰਚਨਾਵਾਂ ਦੇ ਦੌਰ ਵਿੱਚ ਨਰਿੰਦਰ ਮਣਕੂ ਨੇ ਆਪਣੀ ਗਜ਼ਲ਼ ‘ਬੜਾ ਹੀ ਸ਼ੋਰ ਪੈਂਦਾ ਹੈ’, ਅਵਤਾਰ ਉਟਾਲ ਦੀ ਖੁੱਲੀ ਕਵਿਤਾ ‘ਪਰਾਲੀ ਨਾ ਜਾਲੋ’, ਸੂਰੀਆ ਕਾਂਤ ਵਰਮਾਂ ਦੀ ਕਵਿਤਾ ‘ਅਗਰ ਐਸਾ ਹੋ ਜਾਏ’, ਜੁਆਲਾ ਸਿੰਘ ਥਿੰਦ ਦੀ ਕਹਾਣੀ ‘ਇੱਕ ਹੋਰ ਹਿਟਲਰ ਦਾ ਅੰਤ’ ਉਪਰ ਹਾਜ਼ਰ ਲੇਖਕ ਨੇ ਭਰਵੀਂ ਚਰਚਾ ਕੀਤੀ। ਗੁਰਸੇਵਕ ਢਿੱਲੋਂ ਨੇ ਗੁਰੂ ਨਾਨਕ ਪਾਤਸ਼ਾਹ ਬਾਰੇ ਗੀਤ ‘ਉਹ ਤੇ ਉਸਦੇ ਦੋ ਸਾਥੀ’ ਨਾਲ ਬਾਬੇ ਨਾਨਕ ਦੀਆਂ ਸਿੱਖਿਆਵਾਂ ਨੂੰ ਮੰਨਣ ਲਈ ਪ੍ਰੇਰਿਆ।
ਇਸ ਤੋਂ ਇਲਾਵਾ ਹਿੰਦੀ ਕਵਿਤਾਵਾਂ ਦੇ ਦੌਰ ਵਿੱਚ ਦਲਜੀਤ ਸ਼ਾਹੀ ਦੀ ਕਵਿਤਾ ‘ਜਬ ਭੀ ਚਾਂਦ ਕੋ ਦੇਖਤਾ ਹੂੰ, ਤੋ ਮੁਝੇ ਯਾਦ ਆਤਾ ਹੈ ਤੇਰੇ ਕਾਨੋਂ ਕਾ ਬਾਲਾ’, ਰਾਜਵਿੰਦਰ ਸਮਰਾਲਾ ਦੀ ਕਵਿਤਾ ‘ਚਲ ਆ ਫਿਰ ਸੇ ਕੁਝ ਲਮਹੇਂ ਡੂੰਢੇ’, ਸੁਰਜੀਤ ਵਿਸ਼ਦ ਦੀ ਕਵਿਤਾ ‘ਵੋ ਦਿਨ’ ਨੇ ਮਹਿਫਲ ਨੂੰ ਸ਼ਾਇਰਾਨਾਂ ਰੰਗਤ ਦਿੱਤੀ।ਜਗਤਾਰ ਰਾਈਆਂ ਨੇ ਖੂਬਸੂਰਤ ਅਵਾਜ਼ ਅਤੇ ਅੰਦਾਜ਼ ਵਿੱਚ ਆਪਣਾ ਗੀਤ ‘ਕਰਜ਼ੇ ਨਾ ਉਤਰਨ ਮਾਵਾਂ ਦੇ’ ਅਤੇ ਗੁਰਮੀਤ ਸਿੰਘ ਗੋਲਡੀ ਨੇ ਉਮਰ ਦੇ ਵੱਖਰੇ ਵੱਖਰੇ ਪੜਾਵਾਂ ਨੂੰ ਤੁਰੰਨਮ ਵਿਚ ਪੇਸ਼ ਕੀਤਾ।
ਇਸ ਮੌਕੇ ਕਰਮਜੀਤ ਬਾਸੀ, ਜਸਕਰਨ ਸਮਰਾਲਾ, ਜਿਊਣ ਸਿੰਘ ਢੀਂਡਸਾ, ਕਹਾਣੀਕਾਰ ਤਰਨ ਬੱਲ, ਮਨਿੰਦਰ ਸਿੰਘ, ਕੁਲਵੀਰ ਸਿੰਘ ਮੁਸ਼ਕਾਬਾਦ ਤੇ ਅਦਾਕਾਰ ਅਬਦੁਲ ਖਾਨ ਆਦਿ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply