ਟਾਈਮ ਟ੍ਰਾਈਲ ਤੇ ਸਪ੍ਰਿੰਟ ਈਵੈਂਟ ‘ਚ ਹਾਸਲ ਕੀਤੇ ਮੈਡਲ
ਅੰਮ੍ਰਿਤਸਰ, 14 ਜਨਵਰੀ (ਪੰਜਾਬ ਪੋਸਟ – ਸੰਧੂ) – ਤੇਲੰਗਨਾ ਦੇ ਸਿਕੰਦਰਾਬਾਦ ਵਿਖੇ ਸਾਊਥ ਸੈਂਟਰਲ ਰੇਲਵੇ ਦੀ ਮੇਜ਼ਬਾਨੀ ਹੇਠ ਆਯੋਜਿਤ 3 ਰੋਜ਼ਾ ਰਾਸ਼ਟਰ
ਪੱਧਰ ਦੇ ਇੰਟਰ ਰੇਲਵੇ ਤੇ ਕੌਮੀ ਪੱਧਰ ਦੇ ਸਾਈਕਲਿੰਗ ਮੁਕਾਬਲਿਆਂ ਦੇ ਦੌਰਾਨ ਭਾਰਤੀ ਰੇਲਵੇ ਦੀ ਸਭ ਤੋਂ ਵੱਡੀ ਤੇ ਅਹਿਮ ਫਿਰੋਜ਼ਪੁਰ ਡਵੀਜਨ ਦੇ ਅਧਿਕਾਰਤ ਖੇਤਰ ਵਿੱਚ ਆਉਂਦੇ ਅੰਮ੍ਰਿਤਸਰ ਜੰਕਸ਼ਨ ਵਿਖੇ ਤਾਇਨਾਤ ਟੀ.ਸੀ.ਆਰ ਤੇ ਅੰਤਰਰਾਸ਼ਟਰੀ ਸਾਈਕਲਿੰਗ ਖਿਡਾਰੀ ਅਮਰਜੀਤ ਸਿੰਘ ਸੰਧੂ ਭੋਮਾ ਪੁੱਤਰ ਅੰਤਰਰਾਸ਼ਟਰੀ ਸਾਈਕਲਿੰਗ ਖਿਡਾਰੀ ਤੇ ਸੇਵਾ ਮੁਕਤ ਡਿਪਟੀ ਸੀ.ਆਈ.ਟੀ ਰੇਲਵੇ ਬਾਵਾ ਸਿੰਘ ਸੰਧੂ ਭੋਮਾ ਨੇ ਦੋ ਨਵੇਂ ਰਾਸ਼ਟਰੀ ਰਿਕਾਰਡ ਆਪਣੇ ਨਾਮ ਕੀਤੇ ਹਨ।
ਅਮਰਜੀਤ ਸਿੰਘ ਦੇ ਪਿਤਾ ਬਾਵਾ ਸਿੰਘ ਸੰਧੂ ਭੋਮਾ ਨੇ ਦੱਸਿਆ ਕਿ ਅਮਰਜੀਤ ਸਿੰਘ ਨੇ ਸਿਕੰਦਰਾਬਾਦ ਵਿਖੇ ਹੋਏ 3 ਦਿਨਾਂ ਰਾਸ਼ਟਰ ਪੱਧਰੀ ਸਾਈਕਲਿੰਗ ਖੇਡ ਮੁਕਾਬਲਿਆਂ ਦੇ ਟਾਈਮ ਟ੍ਰਾਈਲ ਈਵੇਂਟ ਅਤੇ ਸਪ੍ਰਿੰਟ ਈਵੈਂਟ ਦੇ ਵਿੱਚ ਘੱਟੋ ਘੱਟ ਟਾਈਮ ਦੇ ਕੇ ਜਿਥੇ ਗੋਲਡ ਮੈਡਲ ਆਪਣੇ ਨਾਮ ਕੀਤੇ ਉਥੇ ਇੰਟਰ ਰੇਲਵੇ ਨਿਊ ਰਿਕਾਰਡ ਤੇ ਨਿਊ ਇੰਡੀਆ ਰਿਕਾਰਡ ਆਪਣੇ ਨਾਮ ਕੀਤੇ ਹਨ।
ਜ਼ਿਕਰਯੋਗ ਹੈ ਕਿ ਇਹ ਰਿਕਾਰਡ ਪਹਿਲਾਂ ਤੋਂ ਹੀ ਅਮਰਜੀਤ ਸਿੰਘ ਦੇ ਨਾਮ ਸਨ ਤੇ ਆਪਣੇ ਰਿਕਾਰਡ ਨੂੰ ਉਸ ਨੇ ਖੁੱਦ ਹੀ ਤੋੜ ਕੇ ਅਹਿਮ ਪ੍ਰਾਪਤੀ ਕੀਤੀ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅਮਰਜੀਤ ਸਿੰਘ ਨੇ ਕਈ ਇੰਟਰ ਰੇਲਵੇ, ਕੌਮੀ ਤੇ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਕਈ ਮੈਡਲ ਤੇ ਟ੍ਰਾਫੀਆਂ ਆਪਣੇ ਨਾਮ ਕੀਤੀਆਂ ਹਨ ਤੇ ਦੇਸ਼ ਦਾ ਕੌਮੀ ਝੰਡਾ ਕੌਮਾਂਤਰੀ ਖੇਡ ਖਾਕੇ ‘ਤੇ ਲਹਿਰਾਇਆ ਹੈ। ਉਨ੍ਹਾਂ ਕਿਹਾ ਕਿ ਵਾਪਿਸ ਪਰਤਨ ਤੇ ਅਮਰਜੀਤ ਸਿੰਘ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾਵੇਗਾ।
ਇਸ ਮੌਕੇ ਕਈ ਰੇਲਵੇ ਅਧਿਕਾਰੀਆਂ ਤੋਂ ਇਲਾਵਾ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਤੇ ਖੇਡ ਪ੍ਰਮੋਟਰ ਹਾਜ਼ਰ ਰਹਿਣਗੇ।
Punjab Post Daily Online Newspaper & Print Media