Monday, April 6, 2026

ਨਾਮਧਾਰੀ ਸ਼ਹੀਦੀ ਸਮਾਰਕ ਮਲੇਰਕੋਟਲਾ ਵਿਖੇ 66 ਨਾਮਧਾਰੀ ਸ਼ਹੀਦਾਂ ਦੀ ਯਾਦ `ਚ ਰਾਜ ਪੱਧਰੀ ਸਮਾਰੋਹ

ਕੈਬਨਿਟ ਮੰਤਰੀ ਸਿੱਧੂ, ਵਿਧਾਇਕ ਨਵਤੇਜ ਚੀਮਾ, ਐਚ.ਐਸ ਹੰਸਪਾਲ ਨੇ ਸ਼ਹੀਦਾਂ ਨੂੰ ਦਿੱਤੀਆਂ ਸ਼ਰਧਾਂਜਲੀਆਂ

ਮਲੇਰਕੋਟਲਾ/ ਲੌਂਗੋਵਾਲ, 18 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵਲੋਂ ਨਾਮਧਾਰੀ ਸ਼ਹੀਦੀ ਸਮਾਰਕ ਵਿਖੇ ਆਯੋਜਿਤ ਰਾਜ PPNJ1801202008ਪੱਧਰੀ ਸ਼ਹੀਦੀ ਸਮਾਰੋਹ ਮੌਕੇ 66 ਨਾਮਧਾਰੀ ਸਿੱਖ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ 17-18 ਜਨਵਰੀ 1872 ਨੂੰ ਮਲੇਰਕੋਟਲਾ ਵਿਖੇ ਨਾਮਧਾਰੀ ਸਿੱਖਾਂ ਨੂੰ ਤੋਪਾਂ ਸਾਹਮਣੇ ਖੜ੍ਹਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ ਇਨ੍ਹਾਂ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।ਨਾਮਧਾਰੀ ਸੰਗਤਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੇਸ਼ ਦੀ ਅਜ਼ਾਦੀ ਲਹਿਰ `ਚ ਨਾਮਧਾਰੀ ਸੰਪਰਦਾ ਵੱਲੋਂ ਪਾਏ ਯੋਗਦਾਨ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਨਾ-ਮਿਲਵਰਤਨ ਲਹਿਰ ਦੇ ਮੋਢੀ ਸਤਿਗੁਰ ਰਾਮ ਸਿੰਘ ਜੀ ਵਲੋਂ ਕੂਕਾ ਅੰਦੋਲਨ ਦੇ ਤਹਿਤ ਜਿਥੇ ਵੱਖ-ਵੱਖ ਸਮਾਜਿਕ ਬੁਰਾਈਆਂ ਦੇ ਖਾਤਮੇ `ਚ ਯੋਗਦਾਨ ਪਾਇਆ ਗਿਆ ਉਥੇ ਹੀ ਸਮਾਜ ਵਿੱਚ ਲੜਕੀਆਂ ਨੂੰ ਬਰਾਬਰੀ ਦੇ ਅਧਿਕਾਰ ਦਿਵਾਉਣ ਲਈ ਵੀ ਲਗਾਤਾਰ ਸਰਗਰਮ ਰਹੇ। ਉਨ੍ਹਾਂ ਕਿਹਾ ਕਿ ਸਤਿਗੁਰੂ ਰਾਮ ਸਿੰਘ ਜੀ ਜੰਗ-ਏ-ਆਜ਼ਾਦੀ ਦੇ ਮੋਢੀ ਅਤੇ ਮਹਾਨ ਕ੍ਰਾਂਤੀਕਾਰੀ ਸਨ ਜਿਨ੍ਹਾਂ ਨੇ ਸਮਾਜਿਕ ਕੁਰੀਤੀਆਂ ਖਿਲਾਫ਼ ਜ਼ੋਰਦਾਰ ਮੁਹਿੰਮ ਚਲਾਈ ।
ਕੈਬਨਿਟ ਮੰਤਰੀ ਸਿੱਧੂ ਨੇ ਨਾਮਧਾਰੀ ਸਤਿਗੁਰੂ ਉਦੈ ਸਿੰਘ ਦੀ ਹਾਜ਼ਰੀ ਵਿੱਚ ਇਕੱਤਰ ਹੋਈ ਵੱਡੀ ਗਿਣਤੀ ਸੰਗਤਾਂ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਵਲੋਂ ਨਾਮਧਾਰੀ ਸ਼ਹੀਦੀ ਸਮਾਰਕ ਲਈ 10 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ੍ਰੀ ਭੈਣੀ ਸਾਹਿਬ ਵਿਖੇ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਹਸਪਤਾਲ ਨੂੰ ਅਪਗ੍ਰੇਡ ਕੀਤਾ ਜਾਵੇਗਾ ਅਤੇ ਲੋੜ ਮੁਤਾਬਕ ਡਾਕਟਰਾਂ ਦੀ ਤਾਇਨਾਤੀ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸ਼੍ਰੀ ਭੈਣੀ ਸਾਹਿਬ ਵਿਖੇ ਕੌਮੀ ਖੇਡ ਹਾਕੀ ਦੇ ਐਸਟਰੋਟਰਫ਼ ਦਾ ਵੀ ਨਿਰਮਾਣ ਕੀਤਾ ਜਾਵੇਗਾ ਤਾਂ ਜੋ ਬੱਚਿਆਂ ਤੇ ਨੌਜਵਾਨਾਂ ਨੂੰ ਇਸ ਖੇਡ ਨਾਲ ਜੋੜਿਆ ਜਾ ਸਕੇ।
ਇਸ ਮੌਕੇ ਵਿਸ਼ੇਸ਼ ਤੌਰ `ਤੇ ਸ਼ਾਮਲ ਹੋਏ ਸੁਲਤਾਨਪੁਰ ਲੋਧੀ ਦੇ ਵਿਧਾਇਕ ਸ਼੍ਰੀ ਨਵਤੇਜ ਸਿੰਘ ਚੀਮਾ ਨੇ ਨਾਮਧਾਰੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਇਹ ਸ਼ਹੀਦੀ ਸਾਕਾ ਦੁਨੀਆਂ ਦੀ ਵਿਲੱਖਣ ਘਟਨਾ ਹੈ ਅਤੇ ਜਿਹੜੇ ਸੂਰਵੀਰਾਂ ਨੇ ਦੇਸ਼ ਵਾਸਤੇ ਆਪਣੀ ਜਾਨ ਨਿਛਾਵਰ ਕਰ ਦਿੱਤੀ ਹੈ ਉਨ੍ਹਾਂ ਦੀ ਮਹਾਨ ਦੇਣ ਬਾਰੇ ਜਾਣੂ ਕਰਵਾਉਣ ਲਈ ਅਜਿਹੇ ਉਪਰਾਲੇ ਸਾਰਥਕ ਹੁੰਦੇ ਹਨ। ਉਨ੍ਹਾਂ ਕਿਹਾ ਕਿ ਧਰਮ ਵਿੱਚ ਪਰਪੱਕ ਰਹਿਣ ਵਾਲੇ ਹੀ ਦੁਨੀਆਂ ਵਿੱਚ ਮਿਸਾਲ ਕਾਇਮ ਕਰਦੇ ਹਨ ਅਤੇ ਨਾਮਧਾਰੀ ਸਿੰਘਾਂ ਦੀ ਮਹਾਨ ਸ਼ਹਾਦਤ ਤੋਂ ਸੇਧ ਲੈਣ ਦੀ ਲੋੜ ਹੈ।
ਸਮਾਗਮ ਦੌਰਾਨ ਨਾਮਧਾਰੀ ਦਰਬਾਰ ਦੇ ਪ੍ਰਧਾਨ ਨਾਮਧਾਰੀ ਹਰਿੰਦਰ ਸਿੰਘ ਹੰਸਪਾਲ, ਵਿਸ਼ਵ ਨਾਮਧਾਰੀ ਸੰਗਤ ਦੇ ਪ੍ਰਧਾਨ ਸੁਰਿੰਦਰ ਸਿੰਘ ਨਾਮਧਾਰੀ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ਵਧੀਕ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ, ਐਸ.ਐਸ.ਪੀ ਡਾ. ਸੰਦੀਪ ਗਰਗ, ਐਸ.ਡੀ.ਐਮ ਵਿਕਰਮਜੀਤ ਸਿੰਘ ਪਾਂਥੇ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਾਮਧਾਰੀ ਸੰਪਰਦਾ ਦੇ ਆਗੂ ਤੇ ਸੰਗਤ ਵੀ ਹਾਜ਼ਰ ਸੀ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply