ਦਸੰਬਰ ਮਹੀਨੇ ‘ਚ ਕੀਤੇ ਗਏ 2606 ਚਲਾਨ ਤੇ ਵਸੀਲਆ 1220600 ਰੁਪਏ ਜੁਰਮਾਨਾ
ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਜਿਲ੍ਹਾ ਪ੍ਰੀਸ਼ਦ ਹਾਲ ਵਿਖੇ ਸੜਕ ਸੁਰੱਖਿਆ ਨੂੰ ਲੈ ਕੇ ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ
ਅਗਰਵਾਲ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਸਹਾਇਕ ਕਮਿਸ਼ਨਰ ਸ਼ਿਕਾਇਤਾ ਮੈਡਮ ਅਲਕਾ ਕਾਲੀਆ, ਸਹਾਇਕ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਅੰਗਰੇਜ ਸਿੰਘ, ਟੈ੍ਰਫਿਕ ਇੰਸਪੈਕਟਰ ਚਰਨਜੀਤ ਸਿੰਘ ਅਤੇ ਨਿਰਮਲ ਸਿੰਘ ਡੀ.ਐਸ.ਪੀ ਦਿਹਾਤੀ ਅੰਮ੍ਰਿਤ ਸਰੂਪ, ਟੈ੍ਰਫਿਕ ਮਾਰਸ਼ਲ ਸੁਰਿੰਦਰ ਸਿੰਘ, ਐਸ.ਡੀ.ਓ ਪੀ.ਡਬਲਿਯ.ਡੀ ਦਿਲਬਾਗ ਸਿੰਘ ਤੇ ਵੱਸਣ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਅਗਰਵਾਲ ਨੇ ਕਿਹਾ ਕਿ ਵਾਹਨਾਂ ‘ਤੇ ਅਣਅਧਿਕਾਰਤ ਤੌਰ ‘ਤੇ ਲਗਾਏ ਗਏ ਪ੍ਰੈਸ ਤੇ ਪੁਲਿਸ ਲੋਗੋ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।ਉਨ੍ਹਾਂ ਨਗਰ ਨਿਗਮ ਅਧਿਕਾਰੀਆਂ ਤੇ ਪੁਲਿਸ ਅਧਿਕਾਰੀਆਂ ਨੁੂੰ ਹਦਾਇਤ ਕੀਤੀ ਕਿ ਉਹ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ ਰੇਲਵੇ ਸਟੇਸ਼ਨ ਦੇ ਬਾਹਰ ਨਜਾਇਜ ਤੌਰ ਤੇ ਖੜ੍ਹੀਆਂ ਬੱਸਾਂ ਖਿਲਾਫ ਕਾਰਵਾਈ ਕਰਨ ਅਤੇ ਉਨ੍ਹਾਂ ਦੇ ਚਲਾਨ ਵੀ ਕੱਟਣ।ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਵਿੱਚ ਟ੍ਰੈਫਿਕ ਲਾਈਟਾਂ ਖਰਾਬ ਹਨ ਨੰੂ ਤੁਰੰਤ ਠੀਕ ਕਰਵਾਇਆ ਜਾਵੇ।ਉਨ੍ਹਾਂ ਨੇ ਮੀਟਿੰਗ ਵਿੱਚ ਹਾਜ਼ਰ ਨਗਰ ਨਿਗਮ ਅਤੇ ਪੀ.ਡਬਲਿਯੂ.ਡੀ ਦੇ ਅਧਿਕਾਰੀਆਂ ਨੂੰ ਟ੍ਰੈਫਿਕ ਲਾਈਟਾਂ ਜੋ ਖਰਾਬ ਹਨ ਨੂੰ ਮੁਰੰਮਤ ਕਰਨ ਦੇ ਆਦੇਸ਼ ਦਿੱਤੇ।
ਅਗਰਵਾਲ ਨੇ ਦੱਸਿਆ ਕਿ ਮਹੀਨਾਂ ਦਸੰਬਰ ਦੌਰਾਨ ਟ੍ਰੈਫਿਕ ਪੁਲਿਸ ਸ਼ਹਿਰੀ ਵੱਲੋਂ 2164 ਚਲਾਨ ਕਰਕੇ 1135800 ਰੁਪਏ ਵਾਹਨ ਚਾਲਕਾਂ ਪਾਸੋਂ ਜੁਰਮਾਨਾ ਵਸੂਲਿਆ ਹੈ।ਉਨ੍ਹਾਂ ਦੱਸਿਆ ਕਿ ਟ੍ਰੈਫਿਕ ਪੁਲਿਸ ਦਿਹਾਤੀ ਵੱਲੋਂ 442 ਚਲਾਨ ਕੀਤੇ ਗਏ ਹਨ ਅਤੇ ਮੌਕੇ ਤੇ ਹੀ 84800 ਰੁਪਏ ਜੁਰਮਾਨਾ ਵਸੂਲਿਆ ਗਿਆ ਹੈ।ਉਨ੍ਹਾਂ ਦਸਿਆ ਕਿ ਟੈ੍ਰਫਿਕ ਪੁਲਿਸ ਸ਼ਹਿਰੀ ਵੱਲੋਂ ਕਾਲੀ ਫਿਲਮ ਦੇ 31 ਬਿਨਾਂ ਹੈਲਮਟ ਦੇ 394, ਬਿਨਾਂ ਸੇਫਟੀ ਬੈਲਟ 11, ਬਿਨਾਂ ਲਾਇਸੈਂਸ 147, ਮੋਬਾਇਲ ਫੋਨ ਦੀ ਵਰਤੋਂ 270, 207 ਮੋਟਰ ਵਹੀਕਲ ਐਕਟ ਅਧੀਨ 53, ਸ਼ਰਾਬ ਪੀ ਕੇ ਗੱਡੀ ਚਲਾਉਣਾ 95, ਕਮਰਸ਼ੀਅਲ ਵਰਤੋਂ 2, ਪ੍ਰੈਸ਼ਰ ਹਾਰਨ 7, 18 ਤੋਂ ਘੱਟ ਉਮਰ ਦੇ 2, ਟ੍ਰਿਪਲ ਰਾਈਡਿੰਗ 162, ਲਾਲ ਬੱਤੀ ਜੰਪ 262, ਗਲਤ ਪਾਰਕਿੰਗ 335, ਸਿਗਰੇਟ ਪੀਂਦਿਆਂ ਗੱਡੀ ਚਲਾਉਣ ਦੇ 4, ਬਿਨਾਂ ਇੰਸ਼ੋਰੈਂਸ 2, ਬਿਨਾਂ ਆਰ:ਸੀ 7, ਨੋ ਐਂਟਰੀ ਦੇ 36, ਬਿਨਾਂ ਪ੍ਰਦੂਸ਼ਣ ਸਰਟੀਫਿਕੇਟ 2, ਬਿਨਾਂ ਨੰਬਰ ਪਲੇਟ 21, ਵਨ ਵੇਅ ਦੀ ਉਲੰਘਣਾ 274, ਬਿਨਾਂ ਰੂਟ ਪਰਮਿਟ 5, ਓਵਰ ਹਾਈਟ 1, ਜੈਬਰਾ ਕਰਾਸਿੰਗ 3, ਓਵਰਲੋਡ ਸਕੂਲ ਵਹੀਕਲ 9, ਸਮਾਨ ਵਾਲੀ ਗੱਡੀ ਤੇ ਸਵਾਰੀਆਂ ਦੀ ਢੋਆਂ ਢੁਆਈ ਦੇ 1, ਬੁਲੇਟ ਪਟਾਖਾ 14 ਅਤੇ ਹੋਰ ਜੁਰਮ ਦੇ 1 ਚਲਾਨ ਕੀਤੇ ਹਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਅੰਗਰੇਜ ਸਿੰਘ ਸਹਾਇਕ ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਟੀ ਅੰਮ੍ਰਿਤਸਰ ਨੇ ਦੱਸਿਆ ਕਿ ਜਿਲੇ੍ਹ ਵਿੱਚ ਟਰੈਕਟਰ, ਟਰਾਲੀਆਂ, ਸਾਈਕਲ ਰਿਸ਼ਕਾ ਅਤੇ ਰੇੜਾ ਘੋੜਾ ਦੇ ਪਿੱਛੇ ਰਿਫਲੈਕਟਰ ਲਗਾਏ ਜਾ ਰਹੇ ਹਨ ਤਾਂ ਜੋ ਰਾਤ ਦੇ ਸਮੇਂ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ।ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਅਣਅਧਿਕਾਰਤ ਢੋਆ ਢੁਆਈ ਸਬੰਧੀ ਵੀ ਗੱਡੀਆਂ ਦੇ ਚਲਾਨ ਕੀਤੇ ਜਾ ਰਹੇ ਹਨ।
Punjab Post Daily Online Newspaper & Print Media