ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਪਾਵਨ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਰਬਪੱਖੀ ਵਿਕਾਸ ਲਈ ਯਤਨਸ਼ੀਲ ਗੈਰ-ਸਰਕਾਰੀ
ਸੰਸਥਾਵਾਂ (ਐਨ.ਜੀ.ਓ) ਹੁਣ ਮਿਲ ਕੇ ਆਪਣੀ ਆਵਾਜ਼ ਬੁਲੰਦ ਕਰਨ ਦਾ ਫੈਸਲਾ ਕੀਤਾ ਹੈ।ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਸਥਾਨਕ ਲਾਇਨਜ਼ ਭਵਨ ਰਣਜੀਤ ਐਵਨਿਊ ਵਿਖੇ ਹੋਈ ਇਕੱਤਰਤਾ ‘ਚ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪਿ੍ਰੰਸੀਪਲ ਕੁਲਵੰਤ ਸਿੰਘ ਅਣਖੀ ਨੇ ਕਿਹਾ ਕਿ ਸਾਰੀਆਂ ਉਕਤ ਗੈਰ-ਸਰਕਾਰੀ ਸੰਸਥਾਵਾਂ ਵਲੋਂ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ, ਮੇਅਰ ਅਤੇ ਕਮਿਸ਼ਨਰ ਨਗਰ ਨਿਗਮ, ਚੇਅਰਮੈਨ ਨਗਰ ਸੁਧਾਰ ਟਰੱਸਟ ਅਤੇ ਹੋਰ ਅਧਿਕਾਰੀਆਂ ਪਾਸ ਉਠਾਏ ਜਾਂਦੇ ਮਸਲਿਆਂ ਵੱਲ ਤਵੱਜ਼ੋ ਨਹੀਂ ਦਿੱਤੀ ਜਾਂਦੀ।ਇਸ ਕਰਕੇ ਸਭ ਜੱਥੇਬੰਦੀਆਂ ਨੇ ਇੱਕ ਝੰਡੇ ਹੇਠ ਇੱਕ ਸਾਂਝੇ ਪ੍ਰੋਗਰਾਮ ਤਹਿਤ ਸਰਗਰਮ ਹੋਣ ਦਾ ਫੈਸਲਾ ਲਿਆ ਹੈ।
ਹੋਟਲ ਅਤੇ ਰੈਸਟੋਰੈਂਟ ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦਪਾਲ ਸਿੰਘ ਚੱਠਾ ਨੇ ਕਿਹਾ ਕਿ ਚੇਨਈ ਅਤੇ ਬੰਗਲੌਰ ਕਾਰਪੋਰੇਸ਼ਨਾਂ ਦਾ ਸਫਾਈ, ਟ੍ਰੈਫਿਕ ਅਤੇ ਆਮ ਅਮਨ ਕਾਨੂੰਨ ਦੀ ਸਥਿਤੀ ਦੇ ਮੁਕਾਬਲੇ ਨਗਰ ਨਿਗਮ ਅੰਮ੍ਰਿਤਸਰ ਦੇ ਨੀਵੇਂ ਪੱਧਰ ਦੇ ਪ੍ਰਬੰਧ ‘ਚ ਸੁਧਾਰ ਦੀ ਗੱਲ ਕੀਤੀ।ਮੰਚ ਦੇ ਪ੍ਰਧਾਨ ਮਨਮੋਹਣ ਸਿੰਘ ਬਰਾੜ ਨੇ ਵਿਰਾਸਤੀ ਮਾਰਗ, ਘਿਉ ਮੰਡੀ ਬਜ਼ਾਰ, ਸ਼ੇਰਾਂ ਵਾਲਾ ਗੇਟ ਬਜ਼ਾਰ, ਰਾਮਸਰ ਬਜ਼ਾਰ ਸਮੇਤ ਸਮੁੱਚੇ ਅੰਦਰੂਨੀ ਸ਼ਹਿਰ ਦੀ ਸਫਾਈ, ਸੀਵਰੇਜ਼, ਟ੍ਰੈਫਿਕ ਦੇ ਮਾੜੇ ਹਾਲ ਦਾ ਜ਼ਿਕਰ ਕੀਤਾ।ਉਨ੍ਹਾਂ ਨੇ ਸਾਰਕ ਹਸਪਤਾਲ ਦੀ ਸਥਾਪਨਾ ਅਤੇ ਬਾਗ ਦੀ ਅਣਦੇਖੀ ਅਤੇ ਬਾਗ ਦੇ ਵੱਡੇ ਹਿੱਸੇ ‘ਤੇ ਤਿੰਨ ਕਲੱਬਾਂ ਵਲੋਂ 1988-89 ਵਿੱਚ ਲੀਜ਼ ਖ਼ਤਮ ਹੋਣ ‘ਤੇ ਵੀ ਬਿਨਾਂ ਲੀਜ਼ ਰਾਸ਼ੀ ਦੀ ਅਦਾਇਗੀ ਕਰਦਿਆਂ ਕੀਤੇ ਨਜ਼ਾਇਜ਼ ਕਬਜ਼ਿਆਂ ਦਾ ਮਾਮਲ ਚੁੱਕਿਆ।ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਪੁਰਾਤਨ ਅੰਦਰੂਨੀ ਸ਼ਹਿਰ ਸਥਿਤ ਸਦੀਆਂ ਪੁਰਾਣੀਆਂ ਵਿਰਾਸਤੀ ਇਮਾਰਤਾਂ ਨੂੰ ਢਾਹ ਕੇ ਹੋਟਲ ਉਸਾਰਨ ਦੀ ਪ੍ਰਵਿਰਤੀ ‘ਤੇ ਨਗਰ ਨਿਗਮ ਵੱਲੋਂ ਅਪਣਾਏ ਲਾਪ੍ਰਵਾਹੀ ਵਾਲੇ ਵਤੀਰੇ ਦੀ ਨਿੰਦਾ ਕਰਦਿਆਂ ਪੁਰਾਤਨ ਸ਼ਹਿਰ ਦੀ ਵਿਰਾਸਤੀ ਦਿੱਖ ਨੂੰ ਬਹਾਲ ਰੱਖਣ ‘ਤੇ ਜ਼ੋਰ ਦਿੱਤਾ।
ਸਾਂਝੀ ਛਾਂ ਜੱਥੇਬੰਦੀ ਦੇ ਕੰਵਲਜੀਤ ਸਿੰਘ ਲਾਲੀ ਅਤੇ ਅਮਰਪ੍ਰੀਤ ਸਿੰਘ ਨੇ ਸ਼ਰਧਾਲੂਆਂ ਤੇ ਦੇਸੀ ਵਿਦੇਸ਼ੀ ਯਾਤਰੂਆਂ ਦੀਆਂ ਹੋ ਰਹੀਆਂ ਲੁੱਟ ਖੋਹ ਨੂੰ ਮੰਦਭਾਗਾ ਕਰਾਰ ਦਿੰਦਿਆਂ ਸਾਰੇ ਸ਼ਹਿਰ ਵਿੱਚ ਸੀ.ਸੀ.ਟੀ.ਵੀ ਕੈਮਰੇ ਲਾਉਣ ਅਤੇ ਟਰੈਵਲ ਪੁਲੀਸ ਦੀ ਕਾਰਗੁਜ਼ਾਰੀ ਸੁਧਾਰਨ ‘ਤੇ ਜ਼ੋਰ ਦਿੱਤਾ।ਮਿਸ਼ਨ-ਆਗਾਜ ਦੇ ਡਾਇਰੈਕਟਰ ਦੀਪਕ ਬੱਬਰ ਨੇ ਗੈਰਕਾਨੂੰਨੀ ਤੌਰ ਤੇ ਹੋ ਰਹੀ ਪਲਾਸਟਿਕ, ਚੀਨੀ ਡੋਰ ਅਤੇ ਪੌਲੀਥੀਨ ਦੇ ਲਿਫਾਫਿਆਂ ਦੀ ਵਿਕਰੀ ਅਤੇ ਕੂੜਾ ਪ੍ਰਬੰਧਨ ਪਲਾਂਟ ਸਬੰਧੀ ਪ੍ਰਸ਼ਾਸਨ ਦੀ ਲਾਪਰਵਾਹੀ ਤੇ ਅਸਫਲਤਾ ਦੱਸੀ।ਪੈਨਸ਼ਨਰ ਯੂਨੀਅਨ ਦੇ ਸੁੱਚਾ ਸਿੰਘ ਅਜਨਾਲਾ, ਨਰਿੰਦਰਪਾਲ ਅਤੇ ਵਜ਼ੀਰ ਚੰਦ ਨੇ ਮਹਿੰਗੀ ਸਿੱਖਿਆ ਅਤੇ ਸਿਹਤ ਸਹੂਲਤਾਂ ਦਾ ਜ਼ਿਕਰ ਕਰਦਿਆਂ ਹੋਇਆ ਅੰਮ੍ਰਿਤਸਰ ਵਿੱਚ ਮੈਡੀਕਲ ਟੂਰਿਜ਼ਮ ਵਧਾਉਣ ਲਈ ਏਮਜ਼ ਦੀ ਸਥਾਪਨਾ ਦੀ ਮੰਗ ਵੀ ਕੀਤੀ।ਤਰਕਸ਼ੀਲ ਸੁਸਾਇਟੀ ਦੇ ਸੁਮੀਤ ਸਿੰਘ ਨੇ ਜਲ੍ਹਿਆਂ ਵਾਲਾ ਬਾਗ ਦੀ ਦਰਸ਼ਨੀ ਟਿਕਟ ਲਾਉਣ ਦੀ ਵਿਰੋਧਤਾ ਕੀਤੀ।ਫਲਾਈ ਅੰਮ੍ਰਿਤਸਰ ਦੇ ਯੋਗੇਸ਼ ਕਾਮਰਾ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਟਰਾਟੋਂ, ਵੈਨਕੂਵਰ, ਹੀਥਰੋ, ਮਿਲਾਨ ਆਦਿ ਸ਼ਹਿਰਾਂ ਲਈ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕੀਤੀਆਂ ਜਾਣ।ਸੇਵਾ-ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਪ੍ਰਤਾਪ ਸਿੰਘ ਗੁਰੀ ਨੇ ਫੁੱਟਪਾਥਾਂ ਨੂੰ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਾਉਣ ਅਤੇ ਸਰਕਾਰੀ ਸਕੂਲਾਂ ਵਿੱਚ ਖਾਲੀ ਅਸਾਮੀਆਂ ਭਰਨ ਦੀ ਮੰਗ ਕੀਤੀ।ਮਿਸ਼ਨ ਆਗਾਜ ਦੇ ਗੁਰਪ੍ਰੀਤ ਸਿੰਘ ਬਮਰ੍ਹਾ ਨੇ ਟੂਰਿਜ਼ਮ ਵਧਾਉਣ ਲਈ ਨੇੜਲੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਦਾ ਜਿਕਰ ਕਰਦਾ ਸਾਹਿਤ ਵੰਡਣ ਦੀ ਮੰਗ ਰੱਖੀ।ਸੈਕਟਰ-4 ਰਣਜੀਤ ਐਵਿਨਿਊ ਦੇ ਪ੍ਰਧਾਨ ਗੁਰਦੀਪ ਸਿੰਘ, ਪ੍ਰਭਪਾਲ ਸਿੰਘ ਰੰਧਾਵਾ ਅਤੇ ਯਸ਼ਪਾਲ ਝਬਾਲ ਨੇ ਹਾਲ ਬਜ਼ਾਰ ਵਿਖੇ ਸੰਭਾਵਿਤ ਪੇਡ ਪਾਰਕਿੰਗ ਨਾਲ ਹੁਮਦਿ ਪ੍ਰਸ਼ਾਨੀ ਦੱਸੀ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media