ਐਸ.ਟੀ.ਪੀ ਸਥਾਪਨਾ ਸਬੰਧੀ ਕਾਰਜਾਂ ਵਿਚ ਤੇਜ਼ੀ ਲਿਆਉਣ ਦੇ ਹੁਕਮ
ਚੰਡੀਗੜ, 23 ਜਨਵਰੀ (ਪੰਜਾਬ ਪੋਸਟ ਬਿਊਰੋ) – ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਅੱਜ ਇਥੇ ਲੋਕਲ ਬਾਡੀ ਭਵਨ ਵਿਖੇ ਨਿਆਗਾਉਂ ਦੇ
ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ ਗਈ।
ਇਸ ਸਮੀਖਿਆ ਮੀਟਿੰਗ ਵਿਚ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ, ਵਿਧਾਇਕ ਖਰੜ ਕੰਵਰ ਸੰਧੂ, ਐਡੀਸ਼ਨਲ ਚੀਫ ਸੈਕਟਰੀ ਸਥਾਨਕ ਸਰਕਾਰਾਂ ਸੰਜੇ ਕੁਮਾਰ, ਡਾਇਰੈਕਟਰ ਭੁਪਿੰਦਰ ਸਿੰਘ, ਕਾਂਗਰਸੀ ਆਗੂ ਜਗਮੋਹਨ ਸਿੰਘ ਕੰਗ ਅਤੇ ਰਵਿੰਦਰ ਪਾਲ ਸਿੰਘ ਪਾਲੀ ਹਾਜ਼ਰ ਸਨ।
ਸਮੀਖਿਆ ਮੀਟਿੰਗ ਦੌਰਾਨ ਨਿਆਗਾਉਂ ਵਿਚ ਐਸ.ਟੀ.ਪੀ ਦੀ ਸਥਾਪਨਾ ਸਬੰਧੀ ਕਾਰਜਾਂ ਉਤੇ ਵਿਚਾਰ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਜੇ ਕੁਮਾਰ ਨੇ ਦੱਸਿਆ ਕਿ ਐਸ.ਟੀ.ਪੀ ਲਈ ਲੋੜੀਂਦੀ 30 ਏਕੜ ਜ਼ਮੀਨ ਦੀ ਭਾਲ ਜਾਰੀ ਹੈ ਅਤੇ ਅਗਲੇ ਕੁੱਝ ਦਿਨਾਂ ਵਿੱਚ ਇਹ ਕੰਮ ਮੁਕੰਮਲ ਹੋ ਜਾਵੇਗਾ।
ਮੀਟਿੰਗ ਦੌਰਾਨ ਮਨੀਸ਼ ਤਿਵਾੜੀ ਅਤੇ ਕੰਵਰ ਸੰਧੂ ਨੇ ਨਿਆਗਾਉਂ ਵਿਚ ਲਾਗੂ ਨਕਸ਼ਾ ਫੀਸ ਦਾ ਮੁੱਦਾ ਚੁੱਕਦਿਆਂ ਇਸ ਨੂੰ ਤਰਕਸੰਗਤ ਬਣਾਉਣ ਦੀ ਮੰਗ ਕੀਤੀ।
ਨਿਆਗਾਉਂ ਵਿਚ ਕੂੜੇ ਕਰਕਟ ਦੀ ਸਮੱਸਿਆ ਦੇ ਨਿਪਟਾਰੇ ਸਬੰਧੀ ਜਾਣਕਾਰੀ ਦਿੰਦਿਆਂ ਸੰਜੇ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਜੋ ਮਸਲਾ ਸੀ ਉਹ ਹੱਲ ਹੋ ਗਿਆ ਹੈ ਅਤੇ ਠੇਕੇਦਾਰ ਨੇ ਬੀਤੇ ਚਾਰ ਦਿਨਾਂ ਤੋਂ ਕੂੜਾ ਕਰਕਟ ਚੁੱਕਣਾ ਸ਼ੁਰੂ ਕਰ ਦਿੱਤਾ ਹੈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਨਿਆਗਾਉਂ ਦਾ ਸੁਚੱਜਾ ਵਿਕਾਸ ਕਰਨਾ ਸਾਡੀ ਸਰਕਾਰ ਦੇ ਮੁੱਖ ਏਜੰਡਾ ਹੈ ।
ਉਨਾਂ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਨਿਆਗਾਉਂ ਵਿਚ ਸੀਵਰੇਜ ਸਿਸਟਮ ਵਿਛਾਉਣ ਲਈ ਲੋੜੀਂਦੇ ਬਜਟ ਦਾ ਪ੍ਰਬੰਧ ਕਰਨ, ਐਸ.ਟੀ.ਪੀ ਦੀ ਉਸਾਰੀ ਲਈ ਲੋੜੀਂਦੇ 73 ਕਰੋੜ ਰੁਪਏ ਦਾ ਪ੍ਰਬੰਧ ਕਰਨ ਲਈ ਵਿੱਤ ਵਿਭਾਗ ਨਾਲ ਹੋਣ ਵਾਲੀ ਅਗਾਮੀ ਮੀਟਿੰਗ ਵਿੱਚ ਇਸ ਨੂੰ ਵਿਚਾਰਿਆ ਜਾਵੇ ਅਤੇ ਨਿਆਗਾਉਂ ਦੇ ਵਾਸੀਆਂ ਨੂੰ ਵਿਭਾਗ ਸਬੰਧਤ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ `ਤੇ ਹੱਲ ਕੀਤਾ ਜਾਵੇ।
ਇਸ ਤੋਂ ਇਲਾਵਾ ਮੀਟਿੰਗ ਦੌਰਾਨ ਹਾਈ ਟੈਨਸ਼ਨ ਵਾਇਰਜ ਅਤੇ ਨਿਆਗਾਉਂ ਵਿਚ ਨਕਸ਼ਾ ਫੀਸ ਵਿਚ ਹੋਣ ਵਾਲੇ ਸਲਾਨਾ ਵਾਧੇ ਦਾ ਮੁੱਦਾ ਵੀ ਵਿਚਾਰਿਆ ਗਿਆ।
Punjab Post Daily Online Newspaper & Print Media