Sunday, March 15, 2026

300 ਕਰੋੜ ਦੀ ਲਾਗਤ ਨਾਲ ਨਵੇਂ ਰੇਲਵੇ ਸਟੇਸ਼ਨ ਦੇ ਬਣਨਗੇ 12 ਪਲੇਟਫਾਰਮ – ਔਜਲਾ

ਕਿਹਾ ਰੇਲਵੇ ਸਟੇਸ਼ਨ ਦਾ ਡਿਜ਼ਾਇਨ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਏ

ਅੰਮ੍ਰਿਤਸਰ, 29 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਨਵ-ਨਿਰਮਾਣ ਨੂੰ ਲੈ PPNJ2901202011ਕੇ ਅੱਜ ਰੇਲਵੇ ਦੇ ਡੀ.ਆਰ.ਐਮ ਫਿਰੋਜ਼ਪੁਰ, ਜੀ.ਐਮ ਰੇਲਵੇ ਅਤੇ ਅੰਮ੍ਰਿਤਸਰ ਦੇ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ।ਉਨਾਂ 300 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਸਟੇਸ਼ਨ ਦੇ ਵਿਸਥਾਰ ਵਿਚ ਅੜਿਕਾ ਬਣਦੇ ਜ਼ਮੀਨ ਦੇ ਮੁੱਦੇ, ਜੋ ਕਿ ਰੱਖਿਆ ਤੇ ਬੀ.ਐਸ.ਐਨ.ਐਲ ਨਾਲ ਸਬੰਧਤ ਹਨ, ਨੂੰ ਹੱਲ ਕਰਨ ਲਈ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੂੰ ਬੇਨਤੀ ਕੀਤੀ, ਤਾਂ ਜੋ ਸਟੇਸ਼ਨ ਦੇ ਨਿਰਮਾਣ ਦਾ ਕੰਮ ਛੇਤੀ ਸ਼ੁਰੂ ਹੋ ਸਕੇ।ਔਜਲਾ ਨੇ ਕਿਹਾ ਕਿ ਉਕਤ ਸਟੇਸ਼ਨ ‘ਤੇ ਬਣਨ ਵਾਲੇ 12 ਪਲੇਟਫਾਰਮਾਂ ਵਿਚੋਂ ਇਕ ਪਲੇਟਫਾਰਮ ਅੰਤਰਰਾਸ਼ਟਰੀ ਟਰਮੀਨਲ ਨੂੰ ਧਿਆਨ ਵਿਚ ਰੱਖ ਕੇ ਵਿਕਸਤ ਕੀਤਾ ਜਾਵੇ, ਤਾਂ ਜੋ ਕੱਲ੍ਹ ਨੂੰ ਪਾਕਿਸਤਾਨ ਨਾਲ ਹਾਲਾਤ ਸੁਧਰਨ ਉਤੇ ਲਾਹੌਰ ਤੋਂ ਸਿੱਧੇ ਰੇਲ ਗੱਡੀ ਅੰਮ੍ਰਿ੍ਰਤਸਰ ਆ ਸਕੇ ਅਤੇ ਇਸ ਪਲੇਟਫਾਰਮ ਉਤੇ ਇਮੀਗਰੇਸ਼ਨ ਤੇ ਕਸਟਮ ਆਦਿ ਦੇ ਕਾੳੂਂਟਰ ਬਣ ਸਕਣ।ਉਨਾਂ ਰੇਲਵੇ ਸਟੇਸ਼ਨ ‘ਤੇ ਆਉਣ ਵਾਲੇ ਯਾਤਰੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਵੱਧ ਤੋਂ ਵੱਧ ਰਸਤੇ ਰੱਖਣ ਦੀ ਵਕਾਲਤ ਵੀ ਕੀਤੀ, ਜਿਸ ਉਤੇ 32 ਸੁਰੱਖਿਆ ਰਸਤੇ ਦੇਣ ਦਾ ਫੈਸਲਾ ਕੀਤਾ ਗਿਆ।ਉਨਾਂ ਸਟੇਸ਼ਨ ਤੱਕ ਆਉਣ ਅਤੇ ਜਾਣ ਵਾਲੇ ਵਾਹਨਾਂ ਲਈ ਵੀ ਵੱਖ-ਵੱਖ ਪਾਸਿਆਂ ਤੋਂ ਪੰਜ ਤੋਂ ਵੱਧ ਰਸਤੇ ਰੱਖਣ ਦੀ ਹਦਾਇਤ ਕੀਤੀ, ਤਾਂ ਜੋ ਸਟੇਸ਼ਨ ਦੇ ਬਾਹਰ ਜਾਮ ਨਾ ਲੱਗੇ।ਔਜਲਾ ਨੇ ਰੀਗੋ ਬ੍ਰਿਜ ਦੇ ਵਿਸਥਾਰ ਬਾਰੇ ਚਰਚਾ ਕਰਦੇ ਇਸ ਨੂੰ ਚੌੜਾ ਕਰਨ ਦਾ ਮੁੱਦਾ ਰੇਲਵੇ ਅਧਿਕਾਰੀਆਂ ਨਾਲ ਉਠਾਇਆ।
                 ਔਜਲਾ ਨੇ ਦੱਸਿਆ ਕਿ ਸਟੇਸ਼ਨ ਉਤੇ 800 ਕਾਰਾਂ ਦੀ ਪਾਰਿਕੰਗ, ਸ਼ਾਪਿੰਗ ਮਾਲ, ਪੰਜ ਤਾਰਾ ਹੋਟਲ, ਫੂਡ ਕੋਰਟ, ਅਰਾਮ ਘਰ, ਆਦਿ ਬਨਾਉਣ ਦਾ ਵਿਚਾਰ ਹੈ ਅਤੇ ਸਾਰਾ ਸਟੇਸ਼ਨ ‘ਡਬਲ ਡੇਕਰ’ ਉਚਾਈ ਤੇ ਕਵਰਡ ਹੋਵੇਗਾ।ਉਨਾਂ ਦੱਸਿਆ ਕਿ ਇਸ ਦੇ ਰਸਤੇ ਦੋਵੇਂ ਪਾਸੇ ਭਾਵ ਗੋਲਬਾਗ ਤੇ ਜੀ.ਟੀ ਰੋਡ ਵੱਲ ਹੋਣਗੇ, ਜਿਸ ਨਾਲ ਆਉਣਾ-ਜਾਣਾ ਅਸਾਨ ਰਹੇਗਾ।ਔਜਲਾ ਨੇ ਸਪੱਸ਼ਟ ਕੀਤਾ ਕਿ ਇਸ ਦੇ ਡਿਜ਼ਾਇਨ ਨੂੰ ਅਜਿਹਾ ਕੋਈ ਅਕਾਰ ਨਾ ਦਿੱਤਾ ਜਾਵੇ, ਜੋ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਦਾ ਹੋਵੇ।ਉਨਾਂ ਨਵੇਂ ਬਣਨ ਵਾਲੇ ਰੇਲਵੇ ਸਟੇਸ਼ਨ ‘ਤੇ ਵੀ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਨੂੰ ਵਧੀਆ ਸਥਾਨ ਦੇਣ ਦੀ ਹਦਾਇਤ ਕੀਤੀ।ਉਨਾਂ ਦੱਸਿਆ ਕਿ ਉਕਤ ਸਟੇਸ਼ਨ ਪਬਲਿਕ-ਪ੍ਰਾਈਵੇਟ ਭਾਈਵਾਲੀ ਤਹਿਤ ਤਿਆਰ ਕਰਨ ਦਾ ਫੈਸਲਾ ਕੇਂਦਰ ਸਰਕਾਰ ਨੇ ਕੀਤਾ ਹੈ।ਔਜਲਾ ਨੇ ਕੇਂਦਰ ਸਰਕਾਰ ਤੇ ਰੇਲਵੇ ਮੰਤਰੀ ਦਾ ਧੰਨਵਾਦ ਕਰਦੇ ਕਿਹਾ ਕਿ ਉਕਤ ਸਟੇਸ਼ਨ ਬਣਨ ਨਾਲ ਨਾ ਕੇਵਲ ਅੰਮ੍ਰਿਤਸਰ ਦੇ ਲੋਕਾਂ ਨੂੰ ਆਉਣ-ਜਾਣ ਦਾ ਲਾਭ ਹੋਵੇਗਾ, ਬਲਕਿ ਇਥੇ ਸੈਲਾਨੀਆਂ ਦੀ ਆਮਦ ਹੋਰ ਵਧੇਗੀ, ਜਿਸ ਨਾਲ ਸ਼ਹਿਰ ਦੀ ਆਰਥਿਕਤਾ ਨੂੰ ਵੱਡਾ ਲਾਭ ਹੋਵਗਾ।ਉਨਾਂ ਸਪੱਸ਼ਟ ਕੀਤਾ ਕਿ ਕੀਤੇ ਜਾਣ ਵਾਲੇ ਕੰਮ ਵਿਚ ਗੁਣਵੱਤਾ ਦਾ ਪੂਰਾ ਖਿਆਲ ਰੱਖਿਆ ਜਾਵੇ, ਤਾਂ ਜੋ ਬਣਨ ਵਾਲੀ ਇਮਾਰਤ ਲੰਮਾ ਸਮਾਂ ਸੁੱਖ ਦੇਣ ਵਾਲੀ ਤੇ ਸੁਰੱਖਿਅਤ ਹੋਵੇ।ਔਜਲਾ ਨੇ ਇਸ ਤੋਂ ਇਲਾਵਾ ਤਰਨਤਾਰਨ ਰੋਡ ਉਤੇ ਬਣ ਰਹੇ ਰੇਲਵੇ ਪੁਲ ਅਤੇ ਜਹਾਂਗੀਰ ਪੁੱਲ ਨੇੜੇ ਸਬ ਵੇ ਬਨਾਉਣ ਦਾ ਮੁੱਦਾ ਵੀ ਰੇਲਵੇ ਅਧਿਕਾਰੀਆਂ ਕੋਲ ਉਠਾਇਆ। ਉਨਾਂ ਮੌਜੂਦਾ ਰੇਲਵੇ ਸਟੇਸ਼ਨ ਦੇ ਬਾਹਰ ਸਾਫ-ਸਫਾਈ ਵੱਲ ਧਿਆਨ ਦਿਵਾਉਂਦੇ ਅਧਿਕਾਰੀਆਂ ਨੂੰ ਕਿਹਾ ਕਿ ਨਵਾਂ ਸਟੇਸ਼ਨ ਬਣਨ ਤੋਂ ਪਹਿਲਾਂ ਇਸ ਨੂੰ ਸਾਫ-ਸੁਥਰਾ ਰੱਖਣ ਦਾ ਕੰਮ ਵੀ ਕਰਨਾ ਚਾਹੀਦਾ ਹੈ।
            ਮੀਟਿੰਗ ਵਿਚ ਸਟੇਸ਼ਨ ਦਾ ਡਿਜ਼ਾਇਨ ਤਿਆਰ ਕਰਨ ਵਾਲੀ ‘ਡਿਜ਼ਾਇਨ ਫੋਰਮ ਇੰਟਰਨੈਸ਼ਨਲ’ ਦੇ ਪ੍ਰਤੀਨਿਧੀ ਗੁਰਮੀਤ ਸਿੰਘ ਚੌਹਾਨ ਨੇ ਤਿਆਰ ਕੀਤੇ ਡਿਜ਼ਾਇਨ ਨੂੰ ਸਕਰੀਨ ‘ਤੇ ਵਿਖਾ ਕੇ ਸਾਰਾ ਵਿਸਥਾਰ ਬਿਆਨ ਕੀਤਾ। ਮੀਟਿੰਗ ਵਿਚ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਡੀ.ਆਰ.ਐਮ ਫਿਰੋਜ਼ਪੁਰ ਰਾਜੇਸ਼ ਅਗਰਵਾਲ, ਆਈ.ਆਰ.ਐਸ.ਡੀ.ਸੀ ਦੇ ਮੁਖੀ ਐਸ.ਕੇ ਲੋਹੀਆ, ਡੀ.ਜੀ.ਐਮ ਹਰੀਪਾਲ ਸਿੰਘ, ਕਮਿਸ਼ਨਰ ਕਾਰਪੋਰੇਸ਼ਨ ਸ੍ਰੀਮਤੀ ਕੋਮਲ ਮਿੱਤਲ, ਲੋਕ ਨਿਰਮਾਣ ਵਿਭਾਗ ਅਤੇ ਰੇਲਵੇ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply