23 ਫਰਵਰੀ ਨੂੰ ਸੰਗਰੂਰ ‘ਚ ਕਰਾਂਗੇ ਜਿਲ੍ਹਾ ਪੱਧਰੀ ਰੈਲੀ
ਲੌਂਗੋਵਾਲ, 5 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੀ ਪੂਰੀ ਤਾਕਤ ਝੋਕ ਕੇ ਸੰਗਰੂਰ ਵਿਖੇ ਕੀਤੀ ਗਈ ਰੈਲੀ ਸਰਕਾਰ
ਵਿਰੋਧੀ ਨਹੀਂ ਸੀ, ਬਲਕਿ ਢੀਂਡਸਾ ਪਰਿਵਾਰ ਦੇ ਵਿਰੁੱਧ ਸੀ।ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸੁਖਬੀਰ ਬਾਦਲ ਬੁਖਲਾਹਟ ਵਿੱਚ ਆ ਚੁੱਕੇ ਹਨ।ਇਸ ਗੱਲ ਦਾ ਪ੍ਰਗਟਾਵਾ ਸਾਬਕਾ ਵਿੱਤ ਮੰਤਰੀ ਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਹਲਕੇ ਦੇ ਪਿੰਡ ਰਾਏਧਰਾਣਾ ਵਿਖੇ ਯੂਥ ਕਲੱਬ ਵਲੋਂ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕੀਤਾ।
ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਕੋਲ ਅਜਿਹੀ ਕੋਈ ਪਾਵਰ ਨਹੀਂ ਜੋ ਸਾਨੂੰ ਅਕਾਲੀ ਦਲ ਵਿਚੋਂ ਕੱਢੇ ਸਕੇ `ਬਲਕਿ ਸੁਖਬੀਰ ਬਾਦਲ ਨੇ ਤਾਂ ਧੱਕੇ ਨਾਲ ਅਕਾਲੀ ਦਲ ‘ਤੇ ਕਬਜ਼ਾ ਕੀਤਾ ਹੋਇਆ ਹੈ।ਜਿਸ ਨੂੰ ਸਿੱਖ ਸੰਗਤ ਛੁਡਾ ਕੇ ਰਹੇਗੀ ਕਿਉਂਕਿ ਅਕਾਲੀ ਦਲ ਸੁਖਬੀਰ ਬਾਦਲ ਦੀ ਨਿੱਜੀ ਜਾਇਦਾਦ ਨਹੀਂ।ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਸਿਧਾਂਤਾਂ ਦੀ ਸੋਚ ਤੇ ਪਹਿਰਾ ਦੇਣ ਵਾਲੇ, ਅਕਾਲੀ ਦਲ ਤੋਂ ਦੁਖੀ ਅਤੇ ਅਕਾਲੀ ਦਲ ਚੋਂ ਨਾਦਰਸ਼ਾਹੀ ਤਰੀਕੇ ਨਾਲ ਕੱਢੇ ਅਤੇ ਅਕਾਲੀ ਦਲ ਦੀਆਂ ਨੀਤੀਆਂ ਤੋਂ ਦੁੱਖੀ ਹੋ ਕੇ ਘਰ ਬੈਠੇ ਸਮੂਹ ਆਗੂਆਂ ਅਤੇ ਵਰਕਰਾ ਨੂੰ ਇੱਕ ਪਲੇਟਫਾਰਮ ‘ਤੇ ਇਕੱਠਾ ਕਰਕੇ ਅਸਲ ਅਕਾਲੀ ਦਲ ਨੂੰ ਹੋਂਦ ‘ਚ ਲਿਆਉਣਗੇ।ਉਨ੍ਹਾਂ ਕਿਹਾ ਕਿ ਢੀਂਡਸਾ ਪਰਿਵਾਰ ਸ਼ੁਰੂ ਤੋਂ ਹੀ ਅਕਾਲੀ ਸੀ ਅਕਾਲੀ ਹੈ ਅਤੇ ਮਰਦੇ ਦਮ ਤੱਕ ਅਕਾਲੀ ਹੀ ਰਹੇਗਾ ਅਤੇ ਅਕਾਲੀ ਦਲ ਨੂੰ ਸਿਧਾਂਤਕ ਅਕਾਲੀ ਦਲ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ।
ਉਨ੍ਹਾਂ ਸੁਖਦੇਵ ਸਿੰਘ ਢੀਂਡਸਾ ਵਲੋਂ ਰਾਜ ਸਭਾ ਜਾਂ ਆਪ ਵਿਧਾਨ ਸਭਾ ਤੋਂ ਅਸਤੀਫਾ ਦੇਣ ਤੋਂ ਸਪੱਸ਼ਟ ਇਨਕਾਰ ਕਰਦਿਆਂ ਕਿਹਾ ਕਿ ਅਸਤੀਫਾ ਦੇਣ ਦੀ ਕੋਈ ਤੁੱਕ ਨਹੀਂ, ਅਸੀਂ ਲੋਕ ਸਭਾ ਅਤੇ ਵਿਧਾਨ ਸਭਾ ‘ਚ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਸੰਘਰਸ਼ ਕਰਾਂਗੇ।ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੇ ਤਾਨਾਸ਼ਾਹੀ ਰਵੱਈਏ ਦਾ ਪਰਦਾਫਾਸ਼ ਕਰਨ ਲਈ 23 ਫਰਵਰੀ ਨੂੰ ਸੰਗਰੂਰ ਵਿਖੇ ਜਿਲ੍ਹਾ ਪੱਧਰੀ ਰੈਲੀ ਰੱਖੀ ਗਈ ਹੈ।ਜਿਸ ਵਿੱਚ ਸਿਰਫ ਜਿਲ੍ਹਾ ਸੰਗਰੂਰ ਦੇ ਆਗੂ ਅਤੇ ਵਰਕਰ ਹੀ ਸ਼ਮੂਲੀਅਤ ਕਰਨਗੇ ਅਤੇ ਅਗਲੀ ਰੂਪ ਰੇਖਾ ਦਾ ਐਲਾਨ ਵੀ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਅਗਰ ਸੁਖਬੀਰ ਬਾਦਲ ਪ੍ਰਧਾਨ ਦੀ ਬਜਾਏ ਇੱਕ ਅਕਾਲੀ ਦਲ ਦੇ ਸੇਵਾਦਾਰ ਦੇ ਤੌਰ ‘ਤੇ ਸੇਵਾ ਨਿਭਾਉਂਦੇ ਹਨ ਤਾਂ ਫਿਰ ਪਾਰਟੀ ਨੂੰ ਸਿਧਾਂਤਿਕ ਪਾਰਟੀ ਬਣਾਉਣ ਸਬੰਧੀ ਸਮਝੌਤੇ ‘ਤੇ ਵਿਚਾਰ ਹੋ ਸਕਦਾ ਹੈ।
ਇਸ ਮੌਕੇ ਹਰਜੋਤ ਸਿੰਘ ਪੀ.ਏ, ਮਹੀਪਾਲ ਸਿੰਘ ਭੂਲਣ ਚੇਅਰਮੈਨ ਮਾਰਕੀਟ ਕਮੇਟੀ ਖਨੌਰੀ, ਮਦਨ ਸਿੰਘ ਕਲੇਰ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ, ਜਸਵੀਰ ਸਿੰਘ ਕਲੇਰ ਯੂਥ ਆਗੂ, ਸੀਤਾ ਰਾਮ ਸਾਬਕਾ ਸਰਪੰਚ, ਡਾ. ਸੁਖਦਰਸ਼ਨ ਕਲੱਬ ਪ੍ਰਧਾਨ, ਭੂਰਾ ਸਿੰਘ ਫ਼ੌਜੀ, ਰਾਮਤੇਜ ਸਿੰਘ ਅਤੇ ਸਤਿਗੁਰ ਸਿੰਘ ਪੰਚ ਆਦਿ ਹਾਜ਼ਰ ਸਨ।
Punjab Post Daily Online Newspaper & Print Media