ਕਪੂਰਥਲਾ, 8 ਫਰਵਰੀ (ਪੰਜਾਬ ਪੋਸਟ ਬਿਊਰੋ) – ਜਿਲਾ ਕਪੂਰਥਲਾ ‘ਚ ਸਰਕਾਰੀ ਵਿਕਾਸ ਕਾਰਜਾਂ ਲਈ ਇੱਟਾਂ ਦੇ ਭਾਅ ਨਿਰਧਾਰਿਤ ਕਰਨ ਲਈ ਡਿਪਟੀ
ਕਮਿਸ਼ਨਰ ਸ੍ਰੀਮਤੀ ਦੀਪਤੀ ਉਪਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਭੱਠਾ ਮਾਲਕ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵੀ ਭਾਗ ਲਿਆ।ਭੱਠਾ ਮਾਲਕ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਮੈਂਬਰਾਂ ਨੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਕਿ ਕਪੂਰਥਲਾ ਜਿਲ੍ਹੇ ਵਿਚ 2014 ‘ਚ ਸਰਕਾਰੀ ਕੰਮਾਂ ਲਈ ਇੱਟਾਂ ਦੇ ਰੇਟ 4500 ਰੁਪਏ (ਪ੍ਰਤੀ 1000) ਨਿਯਤ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਉਦੋਂ ਤੋਂ ਹੁਣ ਤੱਕ ਮਿੱਟੀ, ਮਜ਼ਦੂਰੀ ਅਤੇ ਕੋਲੇ ਦੀਆਂ ਕੀਮਤਾਂ ਵਿਚ ਵਾਧਾ ਹੋਣ ਕਾਰਨ ਇੱਟਾਂ ਦੀ ਉਤਪਾਦਨ ਲਾਗਤ ਵਿਚ ਵਾਧਾ ਹੋਇਆ ਹੈ, ਇਸ ਕਰਕੇ ਸਰਕਾਰੀ ਕੰਮਾਂ ਲਈ ਵਰਤੀਆਂ ਜਾਣ ਵਾਲੀਆਂ ਇੱਟਾਂ ਦੀਆਂ ਕੀਮਤਾਂ ‘ਚ ਸੋਧ ਬੇਹੱਦ ਜ਼ਰੂਰੀ ਹੈ। ਡਿਪਟੀ ਕਮਿਸ਼ਨਰ ਵੱਲੋਂ ਭੱਠਾ ਐਸੋਸੀਏਸ਼ਨ ਤੇ ਹਾਜ਼ਰ ਅਧਿਕਾਰੀਆਂ ਨਾਲ ਵਿਸਥਾਰ ’ਚ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਸਰਕਾਰੀ ਵਿਕਾਸ ਕੰਮਾਂ ਲਈ ਪਹਿਲੇ ਦਰਜੇ ਦੀਆਂ ਇੱਟਾਂ ਦੀ ਕੀਮਤ 5350 ਰੁਪਏ ਨਿਰਧਾਰਤ ਕਰਨ ਦਾ ਫ਼ੈਸਲਾ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਮੀਟਿੰਗ ’ਚ ਹਾਜ਼ਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇੱਟਾਂ ਦੀ ਖ਼ਰੀਦ ਲੋਕਲ ਪੱਧਰ ਉੱਤੇ ਅਤੇ ਕੰਮ ਵਾਲੇ ਸਥਾਨ ਤੋਂ ਨਜ਼ਦੀਕ ਪੈਂਦੇ ਭੱਠਿਆਂ ਤੋਂ ਹੀ ਕਰਨ ਨੂੰ ਤਰਜੀਹ ਦਿੱਤੀ ਜਾਵੇ।ਉਨ੍ਹਾਂ ਭੱਠਾ ਮਾਲਕਾਂ ਨੂੰ ਆਪਣੀ ਬਣਦੀ ਰਾਇਲਟੀ ਜਮ੍ਹਾਂ ਕਰਵਾਉਣ ਦੀ ਵੀ ਹਦਾਇਤ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਡੀ.ਐਫ.ਐਸ.ਸੀ ਸਰਤਾਜ ਸਿੰਘ ਚੀਮਾ, ਡੀ.ਡੀ.ਪੀ.ਓ ਹਰਜਿੰਦਰ ਸਿੰਘ ਸੰਧੂ, ਐਕਸੀਅਨ ਪੀ.ਡਬਲਿੳੂ.ਡੀ ਸਰਬਰਾਜ ਕੁਮਾਰ, ਐਕਸੀਅਨ ਪੰਚਾਇਤੀ ਰਾਜ ਸੰਦੀਪ ਸ੍ਰੀਧਰ, ਐਕਸੀਅਨ ਡਰੇਨੇਜ ਅਜੀਤ ਸਿੰਘ, ਐਸ.ਡੀ.ਡੀ ਬਲਬੀਰ ਸਿੰਘ ਤੋਂ ਇਲਾਵਾ ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਵਿਸ਼ਾਲ ਸੋਨੀ ਅਤੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।
Check Also
ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media