ਪੁਸਤਕ ਮੇਲੇ ਦੌਰਾਨ ਹੋਈ 20 ਲੱਖ ਦੀਆਂ ਪੁਸਤਕਾਂ ਦੀ ਵਿਕਰੀ
ਅੰਮ੍ਰਿਤਸਰ, 14 ਫਰਵਰੀ (ਪੰਜਾਬ ਪੋਸਟ – ਖੁਰਮਣੀਆਂ) – ‘ਪੰਜਾਬ ਦੇ ਮੌਜੂਦਾ ਸੰਕਟਾਂ ਦੇ ਸਨਮੁੱਖ ਹੋਣ ਲਈ ਨੌਜਵਾਨਾਂ ਨੂੰ ਕੋਸਣ ਦੀ ਬਜ਼ਾ ਿੇਉਸਾਰੂ ਕਦਰਾਂ-ਕੀਮਤਾਂ ਦਾ ਇਕ ਸਮਾਨਾਂਤਰ ਸਭਿਆਚਾਰ ਸਿਰਜਣਾ ਪਵੇਗਾ। ਇਹ ਵਿਚਾਰ ਕੌਮੀ ਪੁਰਸਕਾਰ ਜੇਤੂ ਫ਼ਿਲਮਕਾਰ ਰਾਜੀਵ ਕੁਮਾਰ ਨੇ ਪੰਜਾਬ ਦੀ ਵਿਰਾਸਤੀ ਵਿਦਿਅਕ ਸੰਸਥਾ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਚਾਰ ਰੋਜ਼ਾ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦੇ ਚੌਥੇ ‘ਤੇ ਆਖ਼ਰੀ ਦਿਨ ਸਿਨੇਮਾ ਅਤੇ ਰੰਗਮੰਚ ਦੀ ਸਭਿਆਚਾਰ ਵਿਚ ਭੂਮਿਕਾ ਬਾਰੇ ਹੋਈ ਪੈਨਲ ਚਰਚਾ ਦੌਰਾਨ ਪ੍ਰਗਟ ਕੀਤੇ।ਰਾਜੀਵ ਨੇ ਕਿਹਾ ਕਿ ਇਕ ਪਾਸੇ ਅਸੀਂ ਵਿਦੇਸ਼ ਜਾ ਰਹੇ ਨੌਜਵਾਨਾਂ ਵੱਲ ਦੇਖ ਰਹੇ ਹਾਂ, ਦੂਜੇ ਪਾਸੇ ਸਾਨੂੰ ਦੇਸ਼ ਬਦਲਣ ਲਈ ਹਰ ਪਲ ਨਵੇਂ ਉਦਮ ਕਰ ਰਹੇ ਨੌਜਵਾਨਾਂ ਵੱਲ ਵੀ ਦੇਖਣਾ ਚਾਹੀਦਾ ਹੈ।ਉਨ੍ਹਾਂ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਇਨ੍ਹਾਂ ਵਿਚੋਂ ਆਪਣੇ ਆਦਰਸ਼ਾਂ ਦੀ ਚੋਣ ਆਪ ਕਰਨ।
ਪੈਨਲ ਚਰਚਾ ਵਿੱਚ ਸ਼ਾਮਲ ਪੰਜਾਬ ਦੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਰੰਗਮੰਚ ਦੀਆਂ ਚੁਣੌਤੀਆਂ ਅਤੇ ਸਰੋਕਾਰਾਂ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਦੇਸ਼ ਅਤੇ ਸੂਬੇ ਵਿਚ ਜਦੋਂ-ਜਦੋਂ ਵੀ ਕੋਈ ਸੰਕਟ ਦੀ ਸਥਿਤੀ ਆਈ ਹੈ ਆਵਾਜ਼ ਚੁੱਕਣ ਵਾਲਿਆਂ ਵਿੱਚ ਸਭ ਤੋਂ ਮੋਹਰੀ ਪੰਜਾਬ ਦੇ ਕਲਾਕਾਰ ਰਹੇ ਹਨ।ਉਨ੍ਹਾਂ ਨੇ ਉਸ ਦੌਰ ਵਿਚ ਵੀ ਨਾਟਕ ਕੀਤਾ ਜਦੋਂ ਬਹੁਤੇ ਆਰਥਿਕ ਵਸੀਲੇ ਨਹੀਂ ਹੁੰਦੇ ਸਨ। ਨਾਲੇ ਹਰ ਪਾਸੇ ਜਾਨ ਦਾ ਖ਼ਤਰਾਂ ਹੁੰਦਾ ਸੀ।ਪਰ ਰੰਗਮੰਚ ਦਾ ਅਜਿਹਾ ਸੀ ਕਿ ਉਹ ਆਪਣੀ ਟੀਮ ਸਮੇਤ ਹਨੇਰੀਆਂ ਰਾਤਾਂ ਵਿਚ ਨਿਕਲ ਪੈਂਦੇ ਸਨ।

ਰਾਜੀਵ ਨੇ ਕਿਹਾ ਕਿ ਮੁੱਢਲੇ ਦੌਰ ਵਿਚ ਉਨ੍ਹਾਂ ਕਿਰਤੀਆਂ ਦੇ ਰੰਗਕਰਮੀ ਗੁਰਸ਼ਰਨ ਭਾਜੀ ਨਾਲ ਰੰਗਮੰਚ ਦੀਆਂ ਬਾਰੀਕੀਆਂ ਸਿੱਖੀਆਂ। ਫੇਰ ਚੜ੍ਹਦੀ ਉਮਰ ਵਿਚ ਪਾਸ਼ ਦੇ ਜੀਵਨ ਅਤੇ ਕਵਿਤਾ ਬਾਰੇ ਵਿਆਹ ਦੀ ਫ਼ਿਲਮ ਬਣਾਉਣ ਵਾਲੇ ਕੈਮਰੇ ਨਾਲ ਹੀ ਦਸਤਾਵੇਜ਼ੀ ਫ਼ਿਲਮ ਬਣਾ ਦਿੱਤੀ।ਉਸ ਤੋਂ ਬਾਅਦ ਉਨ੍ਹਾਂ ਕੁੱਝ ਸਮਾਂ ਮੁੱਖ-ਧਾਰਾਈ ਮੀਡੀਆ ਅਤੇ ਸਿਨੇਮਾ ਵਿੱਚ ਕੰਮ ਕੀਤਾ।ਪਰ ਮੁੱਢ ਤੋਂ ਹੀ ਉਨ੍ਹਾਂ ਲੋਕਾਂ ਦੀ ਆਵਾਜ਼ ਬਣਨ ਦਾ ਜਨੂੰਨ ਉਨ੍ਹਾਂ ‘ਤੇ ਸਵਾਰ ਸੀ। ਇਸ ਲਈ ਉਨ੍ਹਾਂ ਨੇ ਸਿਨੇਮਾ ਦੇ ਮਾਧਿਅਮ ਨਾਲ ਨਿਵੇਕਲੇ ਤਜਰਬੇ ਕੀਤੇ। ਅੱਜ ਉਨ੍ਹਾਂ ਹਾਸ਼ੀਆਗਤ ਸਮੂਹਾਂ ਦੀ ਆਵਾਜ਼ ਬਣਨ ਵਾਲੇ ਸਿਨੇਮਾ ਦੀ ਪੇਸ਼ਕਾਰੀ ਦਾ ਅਜਿਹਾ ਮਾਡਲ ਉਸਾਰ ਦਿੱਤਾ ਹੈ, ਜਿਸ ਨਾਲ ਉਹ ਲੋਕ ਵੀ ਸਿਨੇਮਾ ਦੇਖ ਸਕਦੇ ਹਨ, ਜਿਨ੍ਹਾਂ ਨੂੰ ਮੁੱਖ-ਧਾਰਾਈ ਬਾਜ਼ਾਰ ਦੇ ਸਿਨੇਮਾ ਨੇ ਹਾਸ਼ੀਏ ‘ਤੇ ਧੱਕ ਦਿੱਤਾ ਹੈ।ਉਨ੍ਹਾਂ ਵਲੋਂ ਬਣਾਈਆਂ ਗਈਆਂ ਫ਼ਿਲਮਾਂ ਚੰਮ ਅਤੇ ਦੁਸ਼ਮਨ ਦੇ ਸੈਂਕੜੇ ਸ਼ੋਅ ਹੁਣ ਤੱਕ ਪੰਜਾਬ ਦੇ ਪਿੰਡਾਂ ਤੋਂ ਲੈ ਕੇ ਵਿਦੇਸ਼ਾਂ ਤੱਕ ਵਿਚ ਹੋ ਚੁੱਕੇ ਹਨ।
ਪੈਨਲ ਚਰਚਾ ਦੌਰਾਨ ਉਭਰੇ ਨੁਕਤਿਆਂ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਪਿ੍ਰੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਪੜ੍ਹਾਈ ਸਿਰਫ਼ ਜਮਾਤਾਂ ਵਿਚ ਹੀ ਨਹੀਂ ਹੁੰਦੀ, ਬਲਕਿ ਜਿੱਥੇ ਕੁਝ ਸੋਚ-ਵਿਚਾਰ ਕਰਨ ਵਾਲੇ ਜੁੜ ਬੈਠਣ ਉੱਥੇ ਹੀ ਪੜ੍ਹਾਈ ਸ਼ੁਰੂ ਹੋ ਜਾਂਦੀ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਉਤਸ਼ਾਹਤ ਕਰਦਿਆਂ ਕਿਹਾ ਕਿ ਜਿੱਥੇ ਵੀ ਕੁਝ ਸਿੱਖਣ-ਸਿਖਾਉਣ ਵਾਲੇ ਬੈਠੇ ਹੋਣ ਉਨ੍ਹਾਂ ਦੀ ਸੰਗਤ ਵਿਚ ਸ਼ਾਮਲ ਹੋ ਕੇ ਸਿੱਖ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਦੀ ਰਿਵਾਇਤ ਰਹੀ ਹੈ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਜਮਾਤਾਂ ਤੋਂ ਬਾਹਰ ਦੀ ਸਿੱਖਿਆ ਦੇ ਮਾਧਿਅਮ ਅਤੇ ਮੌਕੇ ਉਪਲਬੱਧ ਕਰਵਾਉਂਦਾ ਹੈ।ਇਹ ਚਾਰ ਰੋਜ਼ਾ ਸਾਹਿਤ ਉਤਸਵ ਅਤੇ ਪੁਸਤਕ ਮੇਲਾ ਇਸੇ ਲੜੀ ਨੂੰ ਅੱਗੇ ਤੋਰਦਾ ਹੈ।ਉਨ੍ਹਾਂ ਇਨ੍ਹਾਂ ਚਾਰ ਦਿਨਾਂ ਵਿਚ ਕਾਲਜ ਦੇ ਵਿਹੜੇ ਵਿੱਚ ਪਹੁੰਚੇ ਸਮੂਹ ਵਿਦਵਾਨਾਂ, ਕਵੀਆਂ, ਲੇਖਕਾਂ, ਫ਼ਿਲਮਕਾਰਾਂ ਅਤੇ ਰੰਗ-ਕਰਮੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਸਭ ਦੇ ਸਹਿਯੋਗ ਨਾਲ ਹੀ ਐਨਾ ਵੱਡਾ ਉਤਸਵ ਸਫ਼ਲ ਹੋ ਸਕਿਆ ਹੈ।ਉਨ੍ਹਾਂ ਸਮੁੱਚੇ ਉਤਸਵ ਦਾ ਸੁਚਾਰੂ ਰੂਪ ਵਿਚ ਪ੍ਰਬੰਧ ਕਰਨ ਲਈ ਪੰਜਾਬੀ ਅਧਿਐਨ ਵਿਭਾਗ ਦੇ ਸਟਾਫ਼ ਦੀ ਭਰਪੂਰ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਵਿਦਿਆਰਥੀਆਂ ਨੂੰ ਉਸਾਰੂ ਸਾਹਿਤ ਨਾਲ ਜੋੜਨ ਲਈ ਇਹ ਉਤਸਵ ਹਰ ਸਾਲ ਮਨਾਏਗਾ ਕਰੇਗਾ।
ਚੌਥੇ ਦਿਨ ਦੇ ਅੰਤਿਮ ਪੜਾਅ ਵਿਚ ਪੰਜਾਬ ਭਰ ਤੋਂ ਆਏ ਨਵੀਂ ਨੁਹਾਰ ਦੇ ਕਵੀਆਂ ਦਾ ਭਰਵਾਂ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਉੱਘੀ ਕਵਿੱਤਰੀ ਭੁਪਿੰਦਰ ਕੌਰ ਪ੍ਰੀਤ ਨੇ ਕੀਤੀ।ਉਨ੍ਹਾਂ ਨਾਲ ਨਾਮਵਾਰ ਚਰਿੱਤਰ ਅਭਿਨੇਤਾ ਹਰਦੀਪ ਗਿੱਲ, ਸੀਨੀਅਰ ਕਵੀ ਨਿਰਮਲ ਅਰਪਨ ਕਾਲਜ ਅਤੇ ਰਜਿਸਟਰਾਰ ਪ੍ਰੋ. ਦਵਿੰਦਰ ਸਿੰਘ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਪਹੁੰਚੇ।ਇਸ ਕਵੀ ਦਰਬਾਰ ਵਿਚ ਕਵੀ ਤਨਵੀਰ, ਜਗਦੀਪ ਸਿੱਧੂ, ਰਮਨ ਸੰਧੂ, ਚਮਨਦੀਪ ਦਿਓਲ, ਅਮਰਜੀਤ ਕੌਰ ਅਮਰ, ਅਮਨ ਸੀ. ਸਿੰਘ, ਸਿਮਰਨ ਅਕਸ, ਪ੍ਰੋ. ਆਂਚਲ ਅਰੋੜਾ, ਮੁਨੀਸ਼ ਅਤੇ ਦੀਪ ਜਗਦੀਪ ਸਿੰਘ ਨੇ ਆਪਣੇ ਭਾਵਪੂਰਤ ਕਲਾਮ ਪੇਸ਼ ਕਰਕੇ ਹਾਜ਼ਰ ਸਰੋਤਿਆਂ ਅਤੇ ਵਿਦਿਆਰਥੀਆਂ ਨੂੰ ਮੰਤਰ-ਮੁੰਗਧ ਕਰ ਦਿੱਤਾ।
ਉਤਸਵ ਦੇ ਕਨਵੀਨਰ ਅਤੇ ਪੰਜਾਬੀ ਅਧਿਐਨ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਉਤਸਵ ਨੂੰ ਸਫ਼ਲ ਬਣਾਉਣ ਲਈ ਵਿਦਵਾਨਾਂ, ਲੇਖਕਾਂ ਅਤੇ ਕਲਾਕਾਰਾਂ ਤੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ। ਪੁਸਤਕ ਮੇਲੇ ਦੇ ਕਨਵੀਨਰ ਗੁਰਜੰਟ ਸਿੰਘ ਨੇ ਦੱਸਿਆ ਕਿ ਪੁਸਤਕ ਮੇਲੇ ਦੌਰਾਨ ਲਗਾਏ ਗਏ 50 ਤੋਂ ਵੱਧ ਸਟਾਲਾਂ ਨੂੰ ਪੁਸਤਕ ਪ੍ਰੇਮੀਆਂ ਦਾ ਭਰਪੂਰ ਹੁੰਗਾਰਾ ਮਿਲਿਆ।ਚਾਰ ਦਿਨਾਂ ਦੌਰਾਨ 20 ਲੱਖ ਰੁਪਏ ਦੀਆਂ ਪੁਸਤਕਾਂ ਦੀ ਵਿਕਰੀ ਹੋਈ।
ਇਸ ਮੌਕੇ ਕਾਲਜ ਰਜਿਸਟਰਾਰ ਪ੍ਰੋ. ਦਵਿੰਦਰ ਸਿੰਘ, ਪੰਜਾਬੀ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ. ਪਰਮਿੰਦਰ ਸਿੰਘ, ਡਾ. ਭੁਪਿੰਦਰ ਸਿੰਘ, ਡਾ. ਕੁਲਦੀਪ ਸਿੰਘ ਢਿਲੋਂ, ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ, ਡਾ. ਜਸਬੀਰ ਸਿੰਘ, ਡਾ. ਗੁਰਿੰਦਰ ਕੌਰ, ਡਾ. ਪਵਨ ਕੁਮਾਰ, ਪ੍ਰੋ. ਬਲਜਿੰਦਰ ਸਿੰਘ, ਪ੍ਰੋ. ਗੁਰਸ਼ਰਨ ਸਿੰਘ, ਪ੍ਰੋ. ਗੁਰਸ਼ਿੰਦਰ ਕੌਰ, ਪ੍ਰੋ. ਅਮਨਦੀਪ ਕੌਰ, ਡਾ. ਰਾਜਬੀਰ ਕੌਰ, ਡਾ. ਚਿਰਜੀਵਨ ਕੌਰ, ਪ੍ਰੋ. ਹਰਵਿੰਦਰ ਕੌਰ, ਪ੍ਰੋ. ਅੰਮ੍ਰਿਤਪਾਲ ਕੌਰ, ਡਾ. ਰਜਨੀਸ਼ ਕੌਰ, ਡਾ. ਪਰਮਿੰਦਰਜੀਤ ਕੌਰ ਵੀ ਹਾਜ਼ਰ ਸਨ।
Punjab Post Daily Online Newspaper & Print Media