ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ।
ਸਕੂਲ ਦੇ ਵਿਦਿਆਰਥੀਆਂ ਵੱਲੋਂ ਮਾਂ ਬੋਲੀ ਪੰਜਾਬੀ ਪ੍ਰਤੀ ਪਿਆਰ ਅਤੇ ਸਤਿਕਾਰ ਦਰਸਾਉਂਦੇ ਸਲੋਗਨ ਬਣਾਏ ਗਏ, ਜਿਨ੍ਹਾਂ ’ਚ ਭਾਵਪੂਰਵਕ ਸੰਦੇਸ਼ ਸੀ।
ਮੇਜ਼ਬਾਨ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਸਵੇਰ ਦੀ ਪ੍ਰਾਰਥਨਾ ਸਭਾ ਉਪਰੰਤ ਵਿਦਿਆਰਥੀਆਂ ਨੂੰ ਇਸ ਦਿਨ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ 21 ਫ਼ਰਵਰੀ ਦਾ ਦਿਨ ਪੂਰੇ ਵਿਸ਼ਵ ’ਚ ਕੌਮਾਂਤਰੀ ਮਾਂ ਬੋਲੀ ਦਿਵਸ ਵਜੋਂ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਬਾਬਾ ਫ਼ਰੀਦ ਜੀ ਤੋਂ ਲੈ ਕੇ ਗੁਰੂ ਸਾਹਿਬਾਨਾਂ ਤੱਕ ਰਚੀ ਅਧਿਆਤਮਕ ਬਾਣੀ ਵੀ ਮਾਤ ਭਾਸ਼ਾ ’ਚ ਹੋਣ ਕਰਕੇ ਸਾਡੇ ਵਾਸਤੇ ਹੋਰ ਵੀ ਫ਼ਖ਼ਰ ਵਾਲੀ ਗੱਲ ਹੋ ਜਾਂਦੀ ਹੈ।
ਡਾ. ਗੋਗੋਆਣੀ ਨੇ ਕਿਹਾ ਕਿ ਹੋਰਨਾਂ ਭਾਸ਼ਾਵਾਂ ਦਾ ਗਿਆਨ ਹੋਣਾ ਚੰਗੀ ਗੱਲ ਹੈ।ਪਰ ਪੰਜਾਬੀ ਭਾਸ਼ਾ ਗੁਰੂਆਂ, ਪੀਰਾਂ, ਫ਼ਕੀਰਾਂ, ਸੰਤਾਂ ਅਤੇ ਪੰਜਾਬੀਆਂ ਦੀ ਅਮੀਰ ਤੇ ਸਮਰੱਥ ਭਾਸ਼ਾ ਹੈ।ਇਸ ਲਈ ਸਾਨੂੰ ਪੰਜਾਬੀ ਨੂੰ ਪੜ੍ਹਨ, ਬੋਲਣ ਅਤੇ ਲਿਖਣ ਲਈ ਤਰਜੀਹ ਦੇਣੀ ਚਾਹੀਦੀ ਹੈ।ਉਨਾਂ ਕਿਹਾ ਕਿ ਸਾਨੂੰ ਆਪਣੇ ਨਾਂਅ-ਵਾਲੀਆਂ ਤਖ਼ਤੀਆਂ, ਸੂਚਨਾ ਬੋਰਡ, ਖੁਸ਼ੀਆਂ ਅਤੇ ਗ਼ਮੀਆਂ ਦੇ ਸਮਾਗਮਾਂ ਵਾਲੇ ਸੱਦਾ ਪੱਤਰ ਅਤੇ ਸੋਸ਼ਲ ਮੀਡੀਆ ਆਦਿ ’ਤੇ ਪੰਜਾਬੀ ਭਾਸ਼ਾ ਨੂੰ ਪਹਿਲ ਦੇਣੀ ਹੀ ਪੰਜਾਬੀ ਭਾਸ਼ਾ ਦਾ ਮਾਣ ਸਤਿਕਾਰ ਹੈ।ਉਨ੍ਹਾਂ ਕਿਹਾ ਕਿ ਘਰਾਂ ’ਚ ਪੰਜਾਬੀ ਦੀਆਂ ਕਿਤਾਬਾਂ ਜਰੂਰ ਰੱਖੋ।ਮਾਂ ਬੋਲੀ ’ਚ ਛੱਪਦੇ ਅਖ਼ਬਾਰਾਂ, ਰਸਾਲਿਆਂ ਆਦਿ ਨੂੰ ਆਪ ਪੜ੍ਹੋ ਅਤੇ ਆਪਣੇ ਬੱਚਿਆਂ ਨੂੰ ਪੜ੍ਹਾਓ ਤਾਂ ਜੋ ਬੱਚੇ ਬਚਪਨ ਤੋਂ ਹੀ ਆਪਣੀ ਮਾਂ ਬੋਲੀ ਪ੍ਰਤੀ ਜਾਗਰੂਕ ਹੋ ਸਕਣ ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media