ਚੰਡੀਗੜ੍ਹ, 3 ਮਾਰਚ (ਪੰਜਾਬ ਪੋਸਟ ਬਿਊਰੋ) – ਸੀਨੀਅਰ ਪੱਤਰਕਾਰ ਰਾਜੇਸ਼ ਭਾਂਬੀ ਜੋ ਕਿ ਬੀਤੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ, ਦਾ
ਅੱਜ ਲੁਧਿਆਣਾ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ।ਉਨਾਂ ਦੇ ਪਰਿਵਾਰਕ ਮੈਂਬਰਾਂ, ਦੋਸਤਾਂ, ਸਾਕ-ਸਬੰਧੀਆਂ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਤੇ ਪੱਤਰਕਾਰਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਲੋਕਾਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਉਨਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਮ੍ਰਿਤਕ ਦੇਹ `ਤੇ ਫੁੱਲ ਮਾਲਾਵਾਂ ਭੇਟ ਕੀਤੀਆਂ।ਇਸ ਤੋਂ ਪਹਿਲਾਂ ਭਾਂਬੀ ਦੇ ਅਕਾਲ ਚਲਾਣੇ `ਤੇ ਮੁੱਖ ਮੰਤਰੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ।ਮ੍ਰਿਤਕ ਦੇਹ `ਤੇ ਅਦਾਰਾ `ਹਿੰਦੁਸਤਾਨ ਟਾਈਮਜ਼` ਵਲੋਂ ਵੀ ਦੁਸ਼ਾਲਾ ਪਾਇਆ ਗਿਆ, ਜਿਥੇ ਕਿ ਭਾਂਬੀ ਨੇ ਬਤੌਰ ਸਟਰਿੰਗਰ ਕੰਮ ਕੀਤਾ ਸੀ।
ਸਮਸ਼ਾਨਘਾਟ ਵਿਖੇ ਅੰਤਿਮ ਰਸਮਾਂ ਭਾਂਬੀ ਦੇ ਪੁੱਤਰ ਜ਼ੁਬਿਨ, ਜੋ ਕਿ ਬੀਤੀ ਸ਼ਾਮ ਹੀ ਕੈਨੇਡਾ ਤੋਂ ਵਾਪਸ ਪਰਤੇ ਸਨ ਨੇ ਅਦਾ ਕੀਤੀਆਂ। ਅੰਤਿਮ ਸਮੇਂ ਇੰਡੀਆ ਨਿਊਜ਼ ਦੇ ਬਿਊਰੋ ਚੀਫ਼ ਵਜੋਂ ਕਾਰਜਸ਼ੀਲ ਰਹੇ ਰਾਜੇਸ਼ ਭਾਂਬੀ, ਜੋ ਕਿ ਇੱਕ ਨਿੱਘੇ ਸੁਭਾਅ ਅਤੇ ਘਾਗ ਪੱਤਰਕਾਰ ਵਜੋਂ ਜਾਣੇ ਜਾਂਦੇ ਸਨ, ਦੀਆਂ ਅੰਤਿਮ ਸਸਕਾਰ ਮੌਕੇ ਵੱਡੀ ਗਿਣਤੀ ਵਿੱਚ ਪੱਤਰਕਾਰ ਅਤੇ ਰਾਜਸੀ ਆਗੂ ਵੀ ਹਾਜ਼ਰ ਸਨ।ਭਾਂਬੀ ਆਪਣੇ ਪਿੱਛੇ ਪਤਨੀ, ਦੋ ਪੁੱਤਰੀਆਂ ਤੇ ਪੁੱਤਰ ਛੱਡ ਗਏ ਹਨ।
ਦੱਸਣਯੋਗ ਹੈ ਕਿ ਰਾਜੇਸ਼ ਭਾਂਬੀ ਨੇ ਪੰਜਾਬ ਵਿੱਚ ਆਪਣਾ ਪੱਤਰਕਾਰੀ ਸਫ਼ਰ `ਰਾਇਟਰਜ਼` ਨਾਲ ਸ਼ੁਰੂ ਕੀਤਾ ਸੀ।ਉਨਾਂ ਨੇ `ਇੰਡੀਆ ਟੂਡੇ` ਨਾਲ ਫੋਟੋ ਪੱਤਰਕਾਰ ਵਜੋਂ ਵੀ ਕੰਮ ਕੀਤਾ।
ਇਸ ਉਪਰੰਤ `ਦਿ ਟ੍ਰਿਬਿਊਨ` ਲਈ ਲੁਧਿਆਣਾ ਤੋਂ ਅਤੇ `ਹਿੰਦੁਸਤਾਨ ਟਾਈਮਜ਼` ਲਈ ਪੂਰੇ ਪੰਜਾਬ ਤੋਂ ਫੋਟੋ ਪੱਤਰਕਾਰ ਵਜੋਂ ਸੇਵਾਵਾਂ ਦਿੱਤੀਆਂ।ਇਸ ਦੌਰਾਨ ਉਨਾਂ ਨੇ `ਇੰਡੀਆ ਨਿਊਜ਼` ਲਈ ਬਿਊਰੋ ਚੀਫ਼ ਅਤੇ `ਪੰਜਾਬ ਕੇਸਰੀ` ਲਈ ਪੱਤਰਕਾਰ ਵਜੋਂ ਵੀ ਸੇਵਾਵਾਂ ਨਿਭਾਈਆਂ।
Check Also
ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …
Punjab Post Daily Online Newspaper & Print Media