Friday, November 22, 2024

ਔਰਤਾਂ ਵਿਰੁੱਧ ਰੂੜੀਵਾਦੀ ਰਵਾਇਤਾਂ ਨੂੰ ਚੁਣੌਤੀ ਦੇਵੇਗਾ ਪੰਜਾਬ

ਔਰਤਾਂ ਨੂੰ ਸਮਰਪਿਤ 7 ਤੇ 8 ਮਾਰਚ ਦੀ ਦਰਮਿਆਨੀ ਰਾਤ ਨੂੰ ਕਰਵਾਏ ਜਾਣਗੇ ਪ੍ਰੋਗਰਾਮ
ਚੰਡੀਗੜ੍ਹ, 3 ਮਾਰਚ (ਪੰਜਾਬ ਪੋਸਟ ਬਿਊਰੋ) – ਸਮਾਜ ਵਿੱਚ ਔਰਤਾਂ ਨੂੰ ਵਧੇਰੇ ਸਮਰੱਥ ਵਧਾਉਣ ਦੀ ਕੋਸ਼ਿਸ਼ ਕਰਦਿਆਂ ਪੰਜਾਬ ਸਰਕਾਰ ਨੇ ਦੇਸ਼ ਵਿੱਚ ਪਹਿਲੀ Aruna Chaudhryਦਫ਼ਾ ਕੌਮਾਂਤਰੀ ਮਹਿਲਾ ਦਿਵਸ ਨੂੰ ਵਿਲੱਖਣ ਤਰੀਕੇ ਨਾਲ ਮਨਾਉਣ ਦਾ ਫੈਸਲਾ ਕੀਤਾ ਹੈ।ਹਨੇਰਾ ਹੋਣ ਪਿੱਛੋਂ ਔਰਤਾਂ ਤੇ ਬੱਚਿਆਂ ਦੇ ਘਰਾਂ ਵਿੱਚ ਹੀ ਰਹਿਣ ਵਰਗੀਆਂ ਰੂੜੀਵਾਦੀ ਰਵਾਇਤਾਂ ਨੂੰ ਚੁਣੌਤੀ ਦਿੰਦਿਆਂ ਸਰਕਾਰ 7 ਤੇ 8 ਮਾਰਚ ਦੀ ਦਰਮਿਆਨੀ ਰਾਤ ਨੂੰ ਹਰੇਕ ਜ਼ਿਲੇ ਵਿੱਚ ਮੁੱਖ ਸੜਕ ਦਾ ਇਕ ਹਿੱਸਾ ਸ਼ਾਮੀਂ 7 ਤੋਂ ਰਾਤੀਂ 1 ਵਜੇ ਤੱਕ ਔਰਤਾਂ ਤੇ ਲੜਕੀਆਂ ਦੀਆਂ ਵੱਖ ਵੱਖ ਗਤੀਵਿਧੀਆਂ ਲਈ ਰਾਖਵਾਂ ਰੱਖੇਗੀ।
             ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਦੱਸਿਆ ਕਿ ਸੂਬਾ ਸਰਕਾਰ ਸੜਕਾਂ  ਤੇ ਗਲੀਆਂ ਨੂੰ ਔਰਤਾਂ ਤੇ ਲੜਕੀਆਂ ਲਈ ਸੁਰੱਖਿਅਤ ਬਣਾਉਣ ਅਤੇ ਆਰਥਿਕ ਗਤੀਵਿਧੀਆਂ ਵਿੱਚ ਉਨਾਂ ਦੀ ਸ਼ਮੂਲੀਅਤ ਵਧਾਉਣ ਦੀ ਇੱਛੁਕ ਹੈ। ਉਨਾਂ ਕਿਹਾ ਕਿ ਔਰਤਾਂ ਨੂੰ ਸਿਰਫ਼ ਇਸ ਕਾਰਨ ਹੀ ਰੋਜ਼ਗਾਰ ਤੋਂ ਨਹੀਂ ਰੋਕਿਆ ਜਾਣਾ ਚਾਹੀਦਾ ਕਿ ਉਹ ਹਨੇਰਾ ਹੋਣ ਮਗਰੋਂ ਸਫ਼ਰ ਨਹੀਂ ਕਰ ਸਕਦੀਆਂ।ਇਸ ਲਈ ਵਿਭਾਗ ਨੇ ਕੌਮਾਂਤਰੀ ਮਹਿਲਾ ਦਿਵਸ ਨੂੰ ਜਨਤਕ ਥਾਵਾਂ ਉਤੇ ਔਰਤਾਂ ਦੀ ਦਾਅਵੇਦਾਰੀ ਜਤਾਉਣ ਦੀ ਕੋਸ਼ਿਸ਼ ਦੇ ਨਵੇਂ ਤਰੀਕੇ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ।ਉਨਾਂ ਦੱਸਿਆ ਕਿ ਇਸ ਦਿਨ ਸ਼ਾਮੀਂ 7 ਤੋਂ 1 ਵਜੇ ਤੱਕ ਸਾਰੇ ਜ਼ਿਲਾ ਹੈਡ ਕੁਆਰਟਰਾਂ ਅਤੇ ਵੱਡੇ ਸ਼ਹਿਰਾਂ ਵਿੱਚ ਕਿਸੇ ਇਕ ਮੁੱਖ ਸੜਕ ਦਾ 6 ਕਿਲੋਮੀਟਰ ਹਿੱਸਾ ਔਰਤਾਂ ਤੇ ਲੜਕੀਆਂ ਲਈ ਰਾਖਵਾਂ ਹੋਵੇਗਾ।ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਸੜਕ ਉਤੇ ਦੌੜ, ਪੈਦਲ ਚਾਲ, ਸਾਇਕਲਿੰਗ, ਉਦੇਸ਼ ਪੂਰਤੀ ਲਈ ਨ੍ਰਿਤ, ਮਨੁੱਖੀ ਲੜੀ, ਦਸਤਖ਼ਤ ਮੁਹਿੰਮ ਚਲਾ ਕੇ ਅਜਿਹਾ ਸਮਾਜ ਸਿਰਜਣ ਦੀ ਲੋੜ ਉਤੇ ਜ਼ੋਰ ਦਿੱਤਾ ਜਾਵੇਗਾ, ਜਿਸ ਵਿੱਚ ਕਿਸੇ ਲੜਕੀ ਜਾਂ ਔਰਤ ਨੂੰ ਕਿਸੇ ਵੀ ਤਰਾਂ ਦੇ ਸ਼ੋਸ਼ਣ ਜਾਂ ਹਮਲੇ ਦਾ ਸਾਹਮਣਾ ਨਾ ਕਰਨਾ ਪਵੇ।ਇਸ ਤੋਂ ਇਲਾਵਾ ਪੂਰੀ ਤਰਾਂ ਸ਼ਿੰਗਾਰੀਆਂ ਇਨਾਂ ਸੜਕਾਂ ਉਤੇ ਮਹਿਲਾ ਉੱਦਮੀਆਂ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨ ਤੋਂ ਇਲਾਵਾ ਫੂਡ ਸਟਾਲ ਵੀ ਲਾਏ ਜਾਣਗੇ।
               ਸ੍ਰੀਮਤੀ ਚੌਧਰੀ ਨੇ ਕਿਹਾ ਕਿ ਜੇ ਹਨੇਰਾ ਹੋਣ ਮਗਰੋਂ ਕੰਮ, ਮਨੋਰੰਜਨ ਜਾਂ ਕਿਸੇ ਹੋਰ ਮੰਤਵ ਲਈ ਕੁੱਝ ਔਰਤਾਂ ਗਲੀਆਂ ਜਾਂ ਸੜਕਾਂ ਉਤੇ ਨਿਕਲਦੀਆਂ ਹਨ ਤਾਂ ਇਸ ਨਾਲ ਹੋਰ ਔਰਤਾਂ ਨੂੰ ਵੀ ਜਨਤਕ ਥਾਵਾਂ ਉਤੇ ਬਿਨਾਂ ਕਿਸੇ ਡਰ ਤੋਂ ਖੁੱਲ ਕੇ ਵਿਚਰਨ ਲਈ ਉਤਸ਼ਾਹਤ ਕੀਤਾ ਜਾ ਸਕੇਗਾ।ਉਨਾਂ ਦੱਸਿਆ ਕਿ ਜੇ ਅਜਿਹੀਆਂ ਗਤੀਵਿਧੀਆਂ ਬਾਕਾਇਦਾ ਆਧਾਰ ਉਤੇ ਕਰਵਾਈਆਂ ਜਾਣ ਤਾਂ ਇਸ ਨਾਲ ਔਰਤਾਂ ਲਈ ਸੁਰੱਖਿਅਤ ਮਾਹੌਲ ਸਿਰਜਣ ਵਿੱਚ ਮਦਦ ਮਿਲੇਗੀ।
            ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਸਾਰੇ ਡਿਪਟੀ ਕਮਿਸ਼ਨਰਾਂ, ਐਸ.ਐਸ.ਪੀ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰਾਂ, ਜ਼ਿਲਾ ਪ੍ਰੋਗਰਾਮ ਅਫ਼ਸਰਾਂ ਅਤੇ ਸਿਹਤ, ਸਿੱਖਿਆ, ਸ਼ਹਿਰੀ ਵਿਕਾਸ ਤੇ ਸਥਾਨਕ ਸਰਕਾਰਾਂ ਬਾਰੇ ਮਹਿਕਮਿਆਂ ਦੇ ਸਾਰੇ ਜ਼ਿਲਾ ਮੁਖੀਆਂ ਨੂੰ ਇਨਾਂ ਪ੍ਰੋਗਰਾਮਾਂ ਵਿੱਚ ਔਰਤਾਂ ਤੇ ਲੜਕੀਆਂ ਦੀ ਭਰਵੀਂ ਗਿਣਤੀ ਵਿੱਚ ਸ਼ਮੂਲੀਅਤ ਕਰਵਾਉਣ ਲਈ ਆਖਿਆ ਗਿਆ ਹੈ।ਉਨਾਂ ਨੂੰ ਕਿਹਾ ਗਿਆ ਹੈ ਕਿ ਉਹ ਸਿੱਖਿਆ ਸੰਸਥਾਵਾਂ, ਪ੍ਰਾਈਵੇਟ ਅਦਾਰਿਆਂ ਦੀਆਂ ਮੁਲਾਜ਼ਮਾਂ, ਕਾਲ ਸੈਂਟਰਾਂ ਦੇ ਸਟਾਫ਼, ਡਾਕਟਰਾਂ, ਇੰਜਨੀਅਰਾਂ, ਅਧਿਆਪਕਾਂ ਤੇ ਸਮਾਜ ਲਈ ਹੋਰ ਆਦਰਸ਼ ਹਸਤੀਆਂ ਦੀ ਹਾਜ਼ਰੀ ਇਨਾਂ ਪ੍ਰੋਗਰਾਮਾਂ ਵਿੱਚ ਯਕੀਨੀ ਬਣਾਉਣ। ਉਨਾਂ ਆਪਣੇ ਵਿਭਾਗ ਦੇ ਸਾਰੇ ਜ਼ਿਲਾ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਕਿ ਇਸ ਪੂਰੇ ਪ੍ਰੋਗਰਾਮ ਦਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਉਤੇ ਸਿੱਧਾ ਪ੍ਰਸਾਰਨ ਕੀਤਾ ਜਾਵੇ।ਉਨਾਂ ਦੱਸਿਆ ਕਿ ਇਨਾਂ ਪ੍ਰੋਗਰਾਮਾਂ ਵਿੱਚ ਸਬੰਧਤ ਮੰਤਰੀਆਂ, ਵਿਧਾਇਕਾਂ ਤੇ ਪ੍ਰਮੁੱਖ ਹਸਤੀਆਂ ਵੀ ਸ਼ਾਮਲ ਹੋਣਗੀਆਂ।
               ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਦੱਸਿਆ ਕਿ ਇਸ ਮੌਕੇ ਪੁਰਸ਼ ਸਬੰਧਤ ਸੜਕ ਦੇ ਦੋਵਾਂ ਹਿੱਸਿਆਂ ਉਤੇ ਹਾਜ਼ਰ ਹੋਣਗੇ।ਉਹ ਸਮਾਜ ਨੂੰ ਲਿੰਗਕ ਪੱਖੋਂ ਵੱਧ ਸੰਵੇਦਨਸ਼ੀਲ ਅਤੇ ਔਰਤਾਂ ਲਈ ਸੁਰੱਖਿਅਤ ਮਾਹੌਲ ਬਣਾਉਣ ਲਈ ਯੋਗਦਾਨ ਪਾਉਣ ਦਾ ਅਹਿਦ ਲੈਣਗੇ।ਉਨਾਂ ਦੱਸਿਆ ਕਿ ਸਰਕਾਰ ਔਰਤਾਂ ਦੀ ਸੁਰੱਖਿਆ ਤੇ ਮਾਣ-ਸਨਮਾਨ ਪ੍ਰਤੀ ਸੰਵੇਦਨਸ਼ੀਲ ਹੈ ਅਤੇ ਇਸ ਦਿਸ਼ਾ ਵਿੱਚ ਕਈ ਕਦਮ ਚੁੱਕੇ ਗਏ ਹਨ ਤਾਂ ਕਿ ਲਿੰਗਕ ਪੱਖੋਂ ਸਮਾਨਤਾ ਵਾਲਾ ਸਮਾਜ ਸਿਰਜਿਆ ਜਾ ਸਕੇ।ਇਸ ਦਿਸ਼ਾ ਵਿੱਚ ਸਭ ਤੋਂ ਅਹਿਮ ਕਦਮ ਜਨਤਕ ਥਾਵਾਂ ਤੇ ਜਨਤਕ ਟਰਾਂਸਪੋਰਟ ਨੂੰ ਔਰਤਾਂ ਲਈ ਸੁਰੱਖਿਅਤ ਬਣਾਉਣਾ ਹੈ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …