ਸਰਕਾਰ 2021 ‘ਚ ਵੱਡੇ ਪੱਧਰ ‘ਤੇ ਮਨਾਏਗੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 400ਵਾਂ ਪ੍ਰਕਾਸ਼ ਪੁਰਬ
ਅੰਮ੍ਰਿਤਸਰ, 11 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਤੇ ਖਾਲਸੇ ਦਾ
ਸਾਜਨਾ ਦਿਵਸ ਜੋ ਕਿ ਕ੍ਰਮਵਾਰ 12 ਅਤੇ 13 ਅਪ੍ਰੈਲ ਨੂੰ ਆ ਰਹੇ ਹਨ, ਨੂੰ ਸਾਰੇ ਲੋਕ ਆਪਣੇ ਘਰਾਂ ਵਿਚ ਹੀ ਮਨਾਉਣ, ਤਾਂ ਕਿ ਕੋਵਿਡ 19 ਵਿਰੁੱਧ ਲੜੀ ਜਾ ਰਹੀ ਜੰਗ ਪ੍ਰਭਾਵਿਤ ਨਾ ਹੋਵੇ।ਉਕਤ ਸਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਇਸ ਬਾਬਤ ਆਦੇਸ਼ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਪੰਜਾਬ ਸਰਕਾਰ ਨੇ ਵੀ ਕੋਵਿਡ 19 ਦੇ ਚੱਲਦੇ ਇਕੱਠ ਕਰਨ ‘ਤੇ ਰੋਕ ਲਗਾਈ ਹੋਈ ਹੈ।
ਡੀ.ਸੀ ਢਿਲੋਂ ਨੇ ਦੱਸਿਆ ਕਿ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ, ਜੋ ਕਿ 2021 ਵਿਚ ਆਉਣਾ ਹੈ, ਨੂੰ ਵੱਡੇ ਪੱਧਰ ‘ਤੇ ਮਨਾਉਣ ਲਈ ਪੰਜਾਬ ਸਰਕਾਰ ਨੇ ਜੰਗੀ ਪੱਧਰ ‘ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ ਅਤੇ ਇਸ 12 ਅਪ੍ਰੈਲ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਵੱਡਾ ਸਮਾਗਮ ਕਰਕੇ ਇੰਨਾਂ ਸਾਲ ਭਰ ਚੱਲਣ ਵਾਲੇ ਸਮਾਗਮਾਂ ਨੂੰ ਸ਼ੁਰੂ ਕਰਨ ਦੀ ਯੋਜਨਾ ਸੀ।ਪਰ ਕੋਵਿਡ 19 ਕਾਰਨ ਇਹ ਪ੍ਰੋਗਰਾਮ ਵੀ ਅੱਗੇ ਪਾ ਦਿੱਤਾ ਗਿਆ ਹੈ।ਇਸ ਵਾਰ ਦਾ ਪ੍ਰਕਾਸ਼ ਪੁਰਬ ਆਪਾਂ ਸਾਰੇ ਆਪਣੇ ਘਰਾਂ ਵਿਚ ਸਰਬਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਮਨਾਈਏ।
Punjab Post Daily Online Newspaper & Print Media