ਦਾਣਾ ਮੰਡੀ ਦਾ ਦੌਰਾ ਕਰਕੇ, ਖਰੀਦ ਪ੍ਰਬੰਧਾਂ ਦਾ ਵੀ ਲਿਆ ਜ਼ਾਇਜਾ
ਰੂਪਨਗਰ, 14 ਅਪੈ੍ਰਲ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਕਿਹਾ ਕਿ ਮੰਡੀਆਂ ਵਿੱਚ ਦੀ ਕਣਕ ਲਿਫਟਿੰਗ ਨਾਲੋਂ ਨਾਲ ਕਰਨ ਦੇ
ਲਈ ਟਰਾਂਸਪੋਰਟਿੰਗ ਦਾ ਯੋਜਨਾਬੰਦ ਤਰੀਕੇ ਨਾਲ ਪ੍ਰਬੰਧ ਕੀਤਾ ਜਾਵੇ।ਮੰਡੀਆਂ ਵਿੱਚ ਕਣਕ ਦੀ ਆਮਦ ਦੇ ਅਨੁਸਾਰ ਲਿਫਟਿੰਗ ਦੇ ਲਈ ਟਰੱਕ ਰਿਜ਼ਰਵ ਵੀ ਰੱਖੇ ਜਾਣ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਟਰਾਂਸਪੋਰਟਰਜ਼ ਅਤੇ ਅਧਿਕਾਰੀਆਂ ਨਾਲ ਕਣਕ ਦੀ ਖਰੀਦ ਸਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਦਾ ਜ਼ਾਇਜ਼ਾ ਲੈ ਰਹੇ ਸਨ।ਵਧੀਕ ਡਿਪਟੀ ਕਮਿਸ਼ਨਰ(ਜ) ਸ਼੍ਰੀਮਤੀ ਦੀਪਸ਼ਿਖਾ, ਐਸ.ਡੀ.ਐਮ ਸ੍ਰੀ ਚਮਕੌਰ ਸਾਹਿਬ ਮਨਕਮਲ ਸਿੰਘ ਚਾਹਲ, ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫਸਰ ਸਤਵੀਰ ਸਿੰਘ ਮਾਵੀ ਅਤੇ ਜ਼ਿਲ੍ਹਾ ਮੰਡੀ ਅਫਸਰ ਅਜੈ ਪਾਲ ਸਿੰਘ ਬਰਾੜ ਵੀ ਇਸ ਸਮੇਂ ਮੌਜੂਦ ਸਨ।ਇਸ ਤੋਂ ਬਾਅਦ ਉਨ੍ਹਾਂ ਸ੍ਰੀ ਚਮਕੌਰ ਸਾਹਿਬ ਦਾਣਾ ਮੰਡੀ ਦਾ ਦੌਰਾ ਵੀ ਕੀਤਾ ਅਤੇ ਮੰਡੀ ਵਿੱਚ ਕੀਤੇ ਜਾ ਰਹੇ ਪ੍ਰਬੰਧਾਂ ਦਾ ਜ਼ਾਇਜਾ ਵੀ ਲਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹੇ ਵਿੱਚ 47 ਮੰਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ।ਇਨ੍ਹਾਂ ਮੰਡੀਆਂ ਦੇ ਵਿੱਚ ਲੋਕਲ ਲੇਬਰ ਲਗਾਈ ਜਾਵੇ ਜੇਕਰ ਬਾਹਰਲੀ ਲੇਬਰ ਮੰਡੀਆਂ ਵਿੱਚ ਆਵੇਗੀ ਤਾਂ ਕਰਫਿਊ ਦੇ ਨਿਯਮਾਂ ਦਾ ਉਲੰਘਣ ਹੋਵੇਗਾ।ਉਨ੍ਹਾ ਨੇ ਕਿਹਾ ਕਿ ਮੰਡੀਆਂ ਵਿੱਚ ਕਾਮਿਆਂ ਦੇ ਲਈ ਮਾਸਕ, ਸਾਫ ਪਾਣੀ ਦਾ ਪ੍ਰਬੰਧ ਅਤੇ ਸੋਸ਼ਲ ਡਿਸਟੈਂਸ ਕਰਨ ਨੂੰ ਯਕੀਨੀ ਬਣਾਇਆ ਜਾਵੇ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਭਾਰਤ ਖੁਰਾਕ ਨਿਗਮ (ਐੱਫ.ਸੀ.ਆਈ) ਵਲੋਂ ਨਿਧਾਰਿਤ ਕੀਤੇ ਗਏ 12 ਫ਼ੀਸਦੀ ਨਮੀ ਦੇ ਮਾਪਦੰਡ ਤੋਂ ਵੱਧ ਨਮੀ ਵਾਲੀ ਕਣਕ ਮੰਡੀਆਂ ਵਿਚ ਨਾ ਲਿਆਂਦੀ ਜਾਵੇ ਤਾਂ ਜੋ ਕਿਸਾਨਾਂ ਨੂੰ ਬੇਵਜ੍ਹਾ ਮੰਡੀਆਂ ਵਿਚ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।ਇਸ ਲਈ ਕਿਸਾਨ ਮੰਡੀਆਂ ਵਿਚ ਸੁੱਕੀ ਕਣਕ ਹੀ ਲੈ ਕੇ ਆਉਣ ਉਨ੍ਹਾਂ ਕਿਹਾ ਕਿ ਹਾਰਵੈਸਟਰ ਕੰਬਾਈਨਾਂ ਦੁਆਰਾ ਕਣਕ ਦੀ ਕਟਾਈ ਸਿਰਫ਼ ਦਿਨ ਦੇ ਸਮੇਂ ਦੌਰਾਨ ਸਵੇਰੇ 6:00 ਵਜੇ ਤੋਂ ਸ਼ਾਮ 7:00 ਵਜੇ ਤੱਕ ਸੀਮਤ ਰੱਖੀ ਗਈ ਹੈ ਅਤੇ ਰਾਤ ਦੇ ਸਮੇਂ ਦੌਰਾਨ ਸ਼ਾਮ 7:00 ਤੋਂ ਸਵੇਰੇ 6:00 ਵਜੇ ਤੱਕ ਕਟਾਈ ਕਰਨ ਤੇ ਪੂਰਨ ਪਾਬੰਦੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਆੜ੍ਹਤੀਆਂ ਵਲੋਂ ਹੀ ਕਿਸਾਨਾਂ ਨੂੰ ਵਿਸ਼ੇਸ਼ ਕੂਪਨ ਜਾਰੀ ਕੀਤੇ ਜਾਣਗੇ ਅਤੇ ਇਹੀ ਕੂਪਨ ਉਨ੍ਹਾਂ ਲਈ ਕਰਫ਼ਿਊ ਪਾਸ ਹੋਣਗੇ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਫਸਲ ਦੀ ਅਦਾਇਗੀ ਵੀ ਆੜ੍ਹਤੀਆਂ ਰਾਹੀਂ 48 ਘੰਟੇ ਅੰਦਰ ਹੋਵੇਗੀ।
Punjab Post Daily Online Newspaper & Print Media