ਹੁਸ਼ਿਆਰਪੁਰ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਹਿਮਾਚਲ ਬਾਰਡਰ ਸੀਲ ਹੋਣ ਕਾਰਨ ਤਲਵਾੜਾ ਬਲਾਕ ਦੇ ਸਵਾਂ ਨਦੀ ਨਜ਼ਦੀਕ ਠਹਿਰੇ ਗੁੱਜਰ ਭਾਈਚਾਰੇ
ਦੀ ਮਹਿਲਾ ਬਿਲੋ, ਜੁਰਫਾ, ਘੁੱਗੀ, ਸਿਰਾਜਦੀਨ ਅਤੇ ਸ਼ਫੀ ਦੇ ਇਹ ਭਾਵਨਾਤਮਕ ਸ਼ਬਦ ਜ਼ਿਲਾ ਪ੍ਰਸ਼ਾਸ਼ਨ ਅਤੇ ਸਮਾਜ ਸੇਵਾ ਲਈ ਤਤਪਰ ਉਨਾਂ ਵਿਅਕਤੀਆਂ ਦਾ ਧੰਨਵਾਦ ਕਰ ਰਹੇ ਸਨ, ਜਿਨਾਂ ਨੇ ਕੋਰੋਨਾ ਵਾਇਰਸ ਦੇ ਮੁਸ਼ਕਿਲ ਦੌਰ ਵਿੱਚ ਉਨਾਂ ਨੂੰ ਕਿਸੇ ਤਰਾਂ ਦੀ ਦਿੱਕਤ ਨਹੀਂ ਆਉਣ ਦਿੱਤੀ।ਭਾਈਚਾਰੇ ਦੇ ਇਸ ਪਰਿਵਾਰ ਦਾ ਕਹਿਣਾ ਹੈ ਕਿ ਪ੍ਰਸ਼ਾਸ਼ਨ ਅਤੇ ਜਿਲਾ ਵਾਸੀਆਂ ਨੇ ਪੰਜਾਬ ਦੀ ਅਮੀਰ ਵਿਰਾਸਤ ਦਾ ਸਬੂਤ ਦਿੰਦੇ ਹੋਏ, ਜਿਸ ਤਰਾਂ ਉਨਾਂ ਦੀ ਬਾਂਹ ਫੜੀ ਹੈ, ਉਸ ਨੇ ਸਾਡੇ ਸਾਰਿਆਂ ਦੇ ਦਿਲਾਂ ਨੂੰ ਜਿੱਤ ਲਿਆ ਹੈ।
ਹਿਮਾਚਲ ਬਾਰਡਰ ਸੀਲ ਹੋਣ ਕਾਰਨ ਮੁਕੇਰੀਆਂ ਤੋਂ ਹਿਮਾਚਲ ਪ੍ਰਦੇਸ਼ ਜਾਣ ਵਾਲੇ ਗੁੱਜਰ ਭਾਈਚਾਰੇ ਦੇ 6 ਪਰਿਵਾਰਾਂ ਦੇ 30 ਮੈਂਬਰ ਇਸ ਜਗ੍ਹਾ `ਤੇ ਫਸ ਗਏ ਸਨ, ਪਰ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਦੀ ਅਗਵਾਈ ਵਾਲੇ ਜ਼ਿਲਾ ਪ੍ਰਸਾਸ਼ਨ ਨੇ ਗੁੱਜ਼ਰ ਭਾਈਚਾਰੇ ਨੂੰ ਇਥੇ ਵੀ ਕਿਸੇ ਤਰਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਅਤੇ ਇਨਾਂ ਨੂੰ ਜਿਥੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਰਾਸ਼ਨ ਮੁਹੱਈਆ ਕਰਵਾਇਆ ਗਿਆ, ਉਥੇ ਇਨਾਂ ਦੇ ਪਸ਼ੂਆਂ ਨੂੰ ਵੀ ਚਾਰਾ ਮੁਹੱਈਆ ਕਰਵਾਇਆ ਗਿਆ।ਇਸ ਤੋਂ ਇਲਾਵਾ ਇਨਾਂ ਦੇ ਦੁੱਧ ਵੇਚਣ ਵਿੱਚ ਵੀ ਸਹਾਇਤਾ ਕੀਤੀ ਗਈ, ਜਿਸ ਤਹਿਤ ਹੁਣ ਇਸ ਭਾਈਚਾਰੇ ਦੇ ਸਾਰੇ ਲੋਕ ਖੁਸ਼ ਹਨ ਅਤੇ ਪ੍ਰਸ਼ਾਸ਼ਨ ਸਮੇਤ ਪੰਜਾਬ ਵਾਸੀਆਂ ਦਾ ਧੰਨਵਾਦ ਕਰ ਰਹੇ ਹਨ ਜੋ ਇਸ ਮੁਸ਼ਕਿਲ ਦੌਰ ਵਿੱਚ ਉਨਾਂ ਦਾ ਸਹਾਰਾ ਬਣੇ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਕਰਫ਼ਿਊ ਦੌਰਾਨ ਸਾਰੇ ਸੂਬੇ ਦੀਆਂ ਸੀਮਾਵਾਂ ਸੀਲ ਹੋਣ ਕਾਰਨ ਪ੍ਰਵਾਸੀ ਮਜ਼ਦੂਰਾਂ ਅਤੇ ਹੋਰਨਾਂ ਨੂੰ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ ਅਤੇ ਜੋ ਲੋਕ ਜਿਥੇ ਵੀ ਹਨ, ਉਨਾਂ ਨੂੰ ਉਥੇ ਹੀ ਹਰ ਤਰਾਂ ਦੀ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ।ਉਨਾਂ ਕਿਹਾ ਕਿ ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਨਾਲ ਸਬੰਧਤ 56 ਵਿਅਕਤੀਆਂ ਨੂੰ ਰਾਧਾ ਸੁਆਮੀ ਸਤਿਸੰਗ ਘਰ ਟਾਂਡਾ ਵਿਖੇ ਅਤੇ 51 ਲੋਕਾਂ ਨੂੰ ਸਤਿਸੰਗ ਘਰ ਡੇਰਾ ਰਾਧਾ ਸੁਆਮੀ ਬਿਆਸ ਪਿੰਡ ਪਲਾਕੀ (ਮੁਕੇਰੀਆਂ) ਵਿੱਚ ਠਹਿਰਾਇਆ ਗਿਆ ਹੈ, ਜੋ ਕਿ ਕਰਫ਼ਿਊ ਦੌਰਾਨ ਫਸ ਗਏ ਸਨ।ਉਕਤ ਰਾਧਾ ਸੁਆਮੀ ਸਤਿਸੰਗ ਘਰ ਦੇ ਸਹਿਯੋਗ ਨਾਲ ਇਨਾਂ ਵਿਅਕਤੀਆਂ ਲਈ ਖਾਣੇ ਤੋਂ ਇਲਾਵਾ ਸਮਾਜਿਕ ਦੂਰੀ ਯਕੀਨੀ ਬਣਾਈ ਗਈ ਹੈ ਅਤੇ ਲਗਾਤਾਰ ਮੈਡੀਕਲ ਚੈਕਅਪ ਵੀ ਕਰਵਾਇਆ ਜਾ ਰਿਹਾ ਹੈ।
ਐਸ.ਡੀ.ਐਮ ਅਸ਼ੋਕ ਕੁਮਾਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ `ਤੇ ਗੁੱਜ਼ਰ ਭਾਈਚਾਰੇ ਦੇ ਮੈਂਬਰਾਂ ਨੂੰ ਜਿਥੇ ਰਾਸ਼ਨ ਉਪਲੱਬਧ ਕਰਵਾਇਆ ਜਾ ਰਿਹਾ ਹੈ, ਉਥੇ ਦੁੱਧ ਲਈ ਦਸੂਹਾ ਦੇ ਇਕ ਡੇਅਰੀ ਮਾਲਕ ਨਾਲ ਗੱਲ ਕਰਕੇ ਇਨਾਂ ਦਾ ਦੁੱਧ ਉਥੇ ਸਪਲਾਈ ਕਰਵਾਇਆ ਜਾ ਰਿਹਾ ਹੈ, ਤਾਂ ਜੋ ਇਨਾਂ ਨੂੰ ਦੁੱਧ ਵੇਚਣ ਵਿੱਚ ਕੋਈ ਦਿੱਕਤ ਨਾ ਆਵੇ।ਡੇਅਰੀ ਮਾਲਕ ਨੇ ਵੀ ਵਿਸ਼ਵਾਸ਼ ਦਿਵਾਇਆ ਕਿ ਗੁੱਜ਼ਰਾਂ ਨੂੰ ਰੋਜ਼ਾਨਾ ਦੁੱਧ ਦੀ ਬਣਦੀ ਕੀਮਤ ਦੇ ਦਿੱਤੀ ਜਾਵੇਗੀ।ਉਨਾਂ ਕਿਹਾ ਕਿ ਇਸ ਤੋਂ ਇਲਾਵਾ ਪਸ਼ੂਆਂ ਦੇ ਚਾਰੇ ਦੀ ਵੀ ਵਿਵਸਥਾ ਕੀਤੀ ਗਈ ਹੈ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media