ਡਿਪਟੀ ਕਮਿਸ਼ਨਰ ਨੇ ਉਜਵਲ ਭਵਿਖ ਲਈ ਦਿਤੀਆਂ ਸ਼ੁਭਕਾਮਨਾਵਾਂ
ਹੁਸ਼ਿਆਰਪੁਰ, 17 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੋਰੋਨਾ ਵਾਇਰਸ ਤੋਂ ਪੀੜਤ ਜਾਨ ਗਵਾਉਣ ਵਾਲੇ ਪਿੰਡ ਮੋਰਾਂਵਾਲੀ ਦੇ ਹਰਭਜਨ ਸਿੰਘ ਦੀ ਧਰਮ ਪਤਨੀ
ਸ਼੍ਰੀਮਤੀ ਪਰਮਜੀਤ ਕੌਰ ਨੇ ਵੀ ਕੋਰੋਨਾ `ਤੇ ਜਿੱਤ ਹਾਸਲ ਕਰ ਲਈ ਹੈ ਅਤੇ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ ਸਿਹਤ ਵਿਭਾਗ ਨੇ ਉਸ ਨੂੰ ਫੁੱਲ ਸੌਂਪ ਕੇ ਰਵਾਨਾ ਕੀਤਾ।ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਉਜਵਲ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਜ਼ਿਲਾ ਪ੍ਰਸਾਸ਼ਨ ਪਰਿਵਾਰ ਨਾਲ ਹਰ ਵੇਲੇ ਖੜਾ ਹੈ ਅਤੇ ਪਰਿਵਾਰ ਨੂੰ ਕਿਸੇ ਵੀ ਤਰਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।ਉਨਾਂ ਕਿਹਾ ਕਿ ਹਰਭਜਨ ਸਿੰਘ ਦਾ ਪੁੱਤਰ ਗੁਰਪ੍ਰੀਤ ਸਿੰਘ ਵੀ ਠੀਕ ਹੋ ਚੁੱਕਾ ਹੈ, ਜਿਸ ਨੂੰ ਬੀਤੇ ਦਿਨ ਘਰ ਭੇਜ ਦਿੱਤਾ ਗਿਆ ਹੈ।
ਸ਼੍ਰੀਮਤੀ ਪਰਮਜੀਤ ਕੌਰ ਨੇ ਸਿਹਤ ਮਹਿਕਮੇ ਦਾ ਧੰਨਵਾਦ ਵੀ ਕੀਤਾ ਕਿ ਚੰਗੀ ਦੇਖ-ਭਾਲ ਤੇ ਇਲਾਜ਼ ਨਾਲ ਉਹ ਠੀਕ ਹੋ ਚੁੱਕੀ ਹੈ ਅਤੇ ਉਸ ਦੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਕੋਵਿਡ-19 ਦੀ ਨਾਮੁਰਾਦ ਬੀਮਾਰੀ ਤੋਂ ਵੀ ਛੁਟਕਾਰਾ ਮਿਲ ਚੁੱਕਾ ਹੈ ।
ਸੀਨੀਅਰ ਮੈਡੀਕਲ ਅਫਸਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਪਰਮਜੀਤ ਕੌਰ ਦੇ ਪਰਿਵਾਰ ਦੇ ਉਨਾਂ ਕੋਲ ਹੋਰ ਦੋ ਮੈਂਬਰ ਹੋਰ ਹਨ।ਇਕ ਇਨਾਂ ਦੀ ਨੂੰਹ ਅਤੇ ਦੂਜੀ ਇਨਾਂ ਦੀ ਭਰਜਾਈ ਹੈ ਅਤੇ ਉਨਾਂ ਦੇ ਟੈਸਟ ਲੈਬ ਨੂੰ ਭੇਜੇ ਹੋਏ ਹਨ ਅਤੇ ਨੈਗੇਟਿਵ ਆਉਣ `ਤੇ ਜਲਦੀ ਹੀ ਉਨਾਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ।ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਨਮਿਤਾ ਘਈ, ਨੋਡਲ ਅਫਸਰ ਡਾ. ਸ਼ੈਲੇਸ਼ ਕੁਮਾਰ ਵੀ ਹਾਜ਼ਰ ਸਨ ।
ਉਧਰ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਤਾਜ਼ਾ ਰਿਪੋਰਟ ਬਾਰੇ ਦੱਸਿਆ ਕਿ ਹੁਣ ਤੱਕ ਸ਼ੱਕੀ ਮਰੀਜ਼ਾਂ ਦੇ ਕੁੱਲ 315 ਸੈਂਪਲ ਲਏ ਸਨ, ਜਿਨਾਂ ਵਿਚੋਂ 295 ਨੈਗੇਟਿਵ ਆ ਚੁੱਕੇ ਹਨ ਅਤੇ 14 ਦੀ ਰਿਪੋਰਟ ਆਉਣੀ ਬਾਕੀ ਹੈ। ਉਨਾਂ ਕਿਹਾ ਕਿ ਪੋਜ਼ੀਟਿਵ ਆਏ 6 ਮਰੀਜ਼ਾਂ ਵਿਚੋਂ ਇਕ ਦੀ ਮੌਤ ਹੋ ਚੁੱਕੀ ਹੈ, ਦੋ ਠੀਕ ਹੋ ਚੁੱਕੇ ਹਨ ਅਤੇ ਦੋ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਹਨ ਅਤੇ ਇਕ ਮਰੀਜ਼ ਅੰਮ੍ਰਿਤਸਰ ਰੈਫਰ ਕੀਤਾ ਹੈ।
Punjab Post Daily Online Newspaper & Print Media