Friday, April 24, 2026

“ਐਡਵਾਂਸਡ ਸੈਂਟਰ ਆਫ ਵਾਇਰੌਲੋਜੀ” ਗੁਰੂ ਨਗਰੀ ਅੰਮ੍ਰਿਤਸਰ ਵਿੱਚ ਸਥਾਪਿਤ ਕਰਨ ਦੀ ਮੰਗ

ਅੰਮ੍ਰਿਤਸਰ ਵਿਕਾਸ ਮੰਚ ਨੇ ਪ੍ਰਧਾਨ ਮੰਤਰੀ ਮੋਦੀ, ਕੇਂਦਰੀ ਸਿਹਤ ਮੰਤਰੀ ਤੇ ਕੇਂਦਰੀ ਹਵਾਬਾਜ਼ੀ ਮੰਤਰੀ ਨੂੰ ਭੇਜੀ ਈ-ਮੇਲ

ਅੰਮ੍ਰਿਤਸਰ, 20 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ) – ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ Hall Gate gaਨੂੰ ਚਿੱਠੀ ਲਿਖ ਕੇ ਪੰਜਾਬ ਵਿੱਚ “ਐਡਵਾਂਸਡ ਸੈਂਟਰ ਆਫ ਵਾਇਰੌਲੋਜੀ” ਦੀ ਸਥਾਪਨਾ ਕਰਨ ਲਈ ਕੇਂਦਰੀ ਸਿਹਤ ਮੰਤਰੀ ਨੂੰ ਹਦਾਇਤ ਕਰਨ ਮੰਗ ਕੀਤੀ ਗਈ ਸੀ।ਅੰਮ੍ਰਿਤਸਰ ਵਿਕਾਸ ਮੰਚ ਨੇ ਇਹ “ਐਡਵਾਂਸਡ ਸੈਂਟਰ ਆਫ ਵਾਇਰੌਲੋਜੀ” ਗੁਰੂ ਨਗਰੀ ਅੰਮ੍ਰਿਤਸਰ ਵਿੱਚ ਸਥਾਪਿਤ ਕਰਨ ਦੀ ਅਪੀਲ ਕੀਤੀ ਹੈ।ਮੰਚ ਦੇ ਪ੍ਰਧਾਨ ਮਨਮੋਹਣ ਸਿੰਘ ਬਰਾੜ, ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਤੇ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਹਰਸ਼ ਵਰਧਨ ਅਤੇ ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਈ-ਮੇਲ ਭੇਜ ਕੇ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਉਪਰੋਕਤ ਵਾਇਰੌਲੋਜੀ ਸੈਂਟਰ ਸਥਾਪਿਤ ਕਰਨ ਲਈ ਅੰਮ੍ਰਿਤਸਰ ਸਥਿਤ ਸਰਕਾਰੀ ਮੈਡੀਕਲ ਕਾਲਿਜ ਸਭ ਤੋਂ ਢੁੱਕਵਾਂ ਸਥਾਨ ਹੈ।ਇਹ ਸੈਂਟਰ ਪੰਜਾਬ ਸਮੇਤ ਉਤਰੀ ਭਾਰਤ ਨੂੰ ਸੇਵਾਵਾਂ ਪ੍ਰਦਾਨ ਕਰਨ ਦੇ ਸਮਰੱਥ ਹੋਵੇਗਾ।
                ਉਨਾਂ ਕਿਹਾ ਕਿ 1864 ਈਸਵੀ ਵਿੱਚ ਲਾਹੌਰ ਵਿਖੇ “ਗਲੈਂਸੀ ਮੈਡੀਕਲ ਕਾਲਜ” ਵਜੋਂ ਸ਼ੁਰੂ ਕੀਤਾ ਗਿਆ ਸਰਕਾਰੀ ਮੈਡੀਕਲ ਕਾਲਜ 1920 ਵਿੱਚ ਅੰਮ੍ਰਿਤਸਰ ਵਿਖੇ ਤਬਦੀਲ਼ ਕੀਤਾ ਗਿਆ ਅਤੇ ਹੁਣ ਇਹ 163 ਏਕੜ ਰਕਬੇ ਵਿੱਚ ਫੈਲਿਆ ਹੋਇਆ ਹੈ।ਉਤਰੀ ਭਾਰਤ ਦੇ ਸਭ ਤੋਂ ਪੁਰਾਤਨ ਮੈਡੀਕਲ ਕਾਲਜ ਦੇ ਮਾਹਿਰ ਅਤੇ ਤਜੱਰਬੇਕਾਰ ਡਾਕਟਰਾਂ ਨੇ ਪੀ.ਜੀ.ਆਈ.ਚੰਡੀਗੜ੍ਹ ਅਤੇ ਏਮਜ਼ ਦਿੱਲੀ ਨੂੰ ਸ਼ੁੁਰੂ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ।ਭਾਰਤ ਸਰਕਾਰ ਨੇ ਇਸ ਮੈਡੀਕਲ ਕਾਲਜ ਨੂੰ “ਪ੍ਰਧਾਨ ਮੰਤਰੀ ਸਵੱਸਥ ਸੁਰੱਕਸ਼ਾ ਯੋਜਨਾ” ਵਿੱਚ ਸ਼ਾਮਲ ਕੀਤਾ ਹੈ, ਜਿਸ ਸਦਕਾ ਇਥੇ ਮਰੀਜ਼ਾਂ ਦੀ ਬਿਹਤਰ ਸੰਭਾਲ, ਉਚ ਵਿੱਦਿਆ ਅਤੇ ਖੋਜ਼ ਸੰਭਵ ਹੈ।ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਵਾਇਰੌਲੋਜੀ ਸੈਂਟਰ ਦੀ ਸਥਾਪਨਾ ਹੋਰ ਵੀ ਜਰੂਰੀ ਹੋਈ ਹੈ।
                ਵਰਤਮਾਨ ਸਮੇਂ ਸਮੁੱਚੇ ਭਾਰਤ ਵਿਚ ਕੇਵਲ “ਨੈਸ਼ਨਲ ਇੰਸਟੀਚਿਊਟ ਆਫ ਵਾਇਰੌਲੋਜੀ ਪੂਨਾ” ਹੀ ਵਿਸ਼ਾਣੂਆਂ ਸਬੰਧੀ ਖੋਜ਼ਮਈ ਕਾਰਜ ਕਰ ਰਿਹਾ ਹੈ।ਸੋ ਉਤਰੀ ਭਾਰਤ ਦੇ ਮਹੱਤਵਪੂਰਨ ਸ਼ਹਿਰ ਅੰਮ੍ਰਿਤਸਰ ਵਿੱਚ “ਐਡਵਾਂਸਡ ਸੈਂਟਰ ਆਫ ਵਾਇਰੌਲੋਜੀ” ਦੀ ਸਥਾਪਨਾ ਸਮੇਂ ਦੀ ਅਹਿਮ ਲੋੜ ਹੈ।
          ਗੁਰੂ ਨਗਰੀ ਅੰਮ੍ਰਿਤਸਰ ਸੜਕੀ, ਰੇਲ ਅਤੇ ਹਵਾਈ ਆਵਾਜਾਈ ਦੇ ਸਾਧਨਾਂ ਜ਼ਰੀਏ ਸਾਰੇ ਦੇਸ਼ ਅਤੇ ਵਿਦੇਸ਼ ਨਾਲ ਜੁੜਿਆ ਹੋਣ ਕਰਕੇ ਪਹਿਲਾਂ ਤੋਂ ਹੀ ਇਥੇ ਦੇਸ਼ ਵਿਦੇਸ਼ ਤੋਂ ਮਰੀਜ਼ ਇਲਾਜ਼ ਲਈ ਆਉਂਦੇ ਹਨ।
              ਆਗੂਆਂ ਨੇ ਕਿਹਾ ਕਿ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਡਾਕਟਰ ਸੰਤੋਖ ਸਿੰਘ ਆਨੰਦ (ਪੀ.ਜੀ.ਆਈ ਚੰਡੀਗੜ੍ਹ ਦੇ ਸੰਸਥਾਪਕ ਡਾਇਰੈਕਟਰ ਅਤੇ ਭਾਰਤ ਦੇ ਰਾਸ਼ਟਰਪਤੀ ਦੇ ਸਿਹਤ ਸਲਾਹਕਾਰ), ਡਾਕਟਰ ਦਲਜੀਤ ਸਿੰਘ ਅੱਖਾਂ ਦੇ ਮਾਹਿਰ, ਡਾਕਟਰ ਕਰਮ ਸਿੰਘ ਹੱਡੀਆਂ ਦੇ ਮਾਹਿਰ ਅਤੇ ਡਾਕਟਰ ਤੁਲਸੀ ਦਾਸ ਡਾਇਰੈਕਟਰ ਪੀ.ਜੀ.ਆਈ ਆਦਿ ਇਸੇ ਨੇ ਹੀ ਪੈਦਾ ਕੀਤੇ ਸਨ।ਇਸ ਮੈਡੀਕਲ ਕਾਲਿਜ ਵਿਚ ਐਮ.ਬੀ.ਬੀ.ਐਸ ਤੋਂ ਇਲਾਵਾ ਐਮ.ਡੀ /ਐਮ.ਐਸ ਦੀ ਉਚ ਪੜ੍ਹਾਈ ਦੇ ਪੂਰੇ ਪ੍ਰਬੰਧ ਹੈ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …