Sunday, March 15, 2026

ਜੈਕਾਰਿਆਂ ਦੀ ਗੂੰਜ ‘ਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਲੌਕਿਕ ਨਗਰ ਕੀਰਤਨ ਆਯੋਜਿਤ

ਹਵਾਈ ਜਹਾਜ ਰਾਹੀਂ ਕੀਤੀ ਗਈ ਫੁੱਲ ਪੱੱਤੀਆਂ ਦੀ ਵਰਖਾ

PPN08101432

ਅੰਮ੍ਰਿਤਸਰ 08 ਅਕਤੂਬਰ ਚੌਥੇ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼-ਗੁਰਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਵਿੱਚ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਅਲੌਕਿਕ ਨਗਰ ਕੀਰਤਨ ਆਯੋਜਿਤ ਕੀਤਾ ਗਿਆ।ਫੁੱਲਾਂ ਨਾਲ ਸਜੀ ਸੁਨਹਿਰੀ ਪਾਲਕੀ ਵਿੱਚ ਸੁਸ਼ੋਭਿਤ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਚੌਰ ਸਾਹਿਬ ਦੀ ਸੇਵਾ ਨਿਭਾਅ ਰਹੇ ਸਨ।

ਨਗਰ ਕੀਰਤਨ ਵਿਚ ਵੱਖ-ਵੱਖ ਸਕੂਲਾਂਫ਼ਕਾਲਜਾਂ ਦੇ ਵਿਦਿਆਰਥੀ, ਸਕੂਲੀ ਬੈਂਡ, ਸਟਾਫ, ਸ਼ਹਿਰ ਦੀਆਂ ਵੱਖ-ਵੱਖ ਬੈਂਡ ਪਾਰਟੀਆਂ, ਧਾਰਮਿਕ ਸਭਾ-ਸੁਸਾਇਟੀਆਂ, ਟਕਸਾਲਾਂ, ਨਿਹੰਗ ਸਿੰਘ ਜਥੇਬੰਦੀਆਂ, ਸ਼ਬਦੀ ਜਥੇ, ਵੱਖ-ਵੱਖ ਸਿੰਘ ਸਭਾਵਾਂ, ਗਤਕਾ ਪਾਰਟੀਆਂ ਤੇ ਗੁਰੂ-ਜਸ ਗਾਇਨ ਕਰਦੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ।ਨਗਰ ਕੀਰਤਨ ‘ਤੇ ਹਵਾਈ ਜਹਾਜ਼ ਰਾਹੀਂ ਫੁੱਲ-ਪੱਤੀਆਂ ਦੀ ਵਰਖਾ ਕੀਤੀ ਗਈ। ਇਹ ਨਗਰ ਕੀਰਤਨ ਸ੍ਰੀ ਗੁਰੂ ਰਾਮਦਾਸ ਨਿਵਾਸ ਤੋਂ ਬ੍ਰਹਮ ਬੂਟਾ ਮਾਰਕੀਟ, ਮਾਹਣਾ ਸਿੰਘ ਰੋਡ, ਸੱਟੀ ਬਾਜ਼ਾਰ, ਕਟੜਾ ਆਹਲੂਵਾਲੀਆ, ਚੌਂਕ ਘੰਟਾ ਘਰ, ਬਜ਼ਾਰ ਮਾਈ ਸੇਵਾ, ਬਜ਼ਾਰ ਕਾਠੀਆਂ, ਬਜ਼ਾਰ ਪਾਪੜਾਂ, ਬਜ਼ਾਰ ਬਾਂਸਾਂ, ਚੌਂਕ ਛੱਤੀ ਖੂਹੀ, ਚਾਵਲ ਮੰਡੀ, ਦਾਲ ਮੰਡੀ, ਚੌਂਕ ਢਾਬ ਵਸਤੀ ਰਾਮ, ਚੌਂਕ ਲਛਮਣਸਰ, ਚੌਂਕ ਮੋਨੀ, ਚੌਂਕ ਕਰੌੜੀ, ਚੌਂਕ ਬਾਬਾ ਸਾਹਿਬ, ਚੌਂਕ ਪ੍ਰਾਗਦਾਸ ਤੇ ਸ੍ਰੀ ਗੁਰੂੁ ਰਾਮਦਾਸ ਨਿਵਾਸ ਤੋਂ ਹੁੰਦਾ ਹੋਇਆ ਦੇਰ ਸ਼ਾਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਪੰਨ ਹੋਇਆ।
ਨਗਰ ਕੀਰਤਨ ਵਿੱਚ ਸ.ਜਗੀਰ ਸਿੰਘ ਵਰਪਾਲ ਮੈਂਬਰ ਸ਼ੋ੍ਰਮਣੀ ਕਮੇਟੀ, ਸ.ਮਨਜੀਤ ਸਿੰਘ, ਸ. ਸਤਬੀਰ ਸਿੰਘ ਸਕੱਤਰ,ਸ. ਮਹਿੰਦਰ ਸਿੰਘ ਆਹਲੀ, ਸ. ਰਣਜੀਤ ਸਿੰਘ, ਸ.ਹਰਭਜਨ ਸਿੰਘ ਮਨਾਵਾਂ ਵਧੀਕ ਸਕੱਤਰ, ਸ. ਸਕੱਤਰ ਸਿੰਘ, ਸ.ਸੰਤੋਖ ਸਿੰਘ ਤੇ ਜਸਵਿੰਦਰ ਸਿੰਘ ਦੀਨਪੁਰ ਮੀਤ ਸਕੱਤਰ, ਸ. ਪ੍ਰਤਾਪ ਸਿੰਘ ਤੇ ਸ. ਗੁਰਿੰਦਰ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸੁਪ੍ਰਿੰਟੈਂਡੈਂਟ ਹਰਮਿੰਦਰ ਸਿੰਘ ਮੂਧਲ ਤੇ ਹਰਜਿੰਦਰ ਸਿੰਘ ਕੈਰੋਂਵਾਲ, ਸਹਾਇਕ ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਇੰਚਾਰਜ ਸ.ਕਰਮਬੀਰ ਸਿੰਘ ਤੇ ਸ. ਗੁਰਮੀਤ ਸਿੰਘ, ਸ. ਬਿਅੰਤ ਸਿੰਘ ਸ. ਸੁਖਰਾਜ ਸਿੰਘ ਤੇ ਸ. ਜਤਿੰਦਰ ਸਿੰਘ ਐਡੀਸ਼ਨਲ ਮੈਨੇਜਰ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸ. ਬਲਦੇਵ ਸਿੰਘ, ਸ. ਪ੍ਰਿਤਪਾਲ ਸਿੰਘ ਕੌਂਸਲਰ, ਸ. ਇੰਦਰ ਮੋਹਨ ਸਿੰਘ ਅਨਜਾਣ ਸੁਪਰਵਾਈਜ਼ਰ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸਮੁੱਚਾ ਸਟਾਫ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ।
9 ਅਕਤੂਬਰ ਨੂੰ ਪ੍ਰਕਾਸ਼ ਪੁਰਬ ਵਾਲੇ ਦਿਨ ਹੋਣ ਵਾਲੇ ਸਮਾਗਮਾਂ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਵਿਖੇ ਸਵੇਰੇ 8.30 ਤੋਂ 12.00 ਵਜੇ ਤੱਕ ਸੁੰਦਰ ਜਲੌਅ ਸਜਾਏ ਜਾਣਗੇ ਇਸੇ ਦਿਨ ਦੁਪਹਿਰ 12 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੰਮ੍ਰਿਤ-ਸੰਚਾਰ ਹੋਵੇਗਾ, ਅੰਮ੍ਰਿਤ-ਅਭਿਲਾਖੀ ਤਿਆਰ ਬਰ ਤਿਆਰ ਹੋ ਕੇ ਸਮੇਂ ਸਿਰ ਪੁੱਜਣ ਦੀ ਖੇਚਲ ਕਰਨ।ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸਾਰਾ ਦਿਨ ਧਾਰਮਿਕ ਦੀਵਾਨ ਸਜਣਗੇ ਜਿਸ ਵਿੱਚ ਪੰਥ ਪ੍ਰਸਿੱਧ ਵਿਦਵਾਨ, ਰਾਗੀ, ਢਾਡੀ ਤੇ ਕਵੀਸ਼ਰੀ ਜਥੇ ਕਥਾ ਵਿਖਿਆਨਾ, ਇਲਾਹੀ ਬਾਣੀ ਦੇ ਕੀਰਤਨ ਤੇ ਬੀਰ-ਰਸੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਤੇ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਮਨਮੋਹਕ ਆਤਿਸ਼ਬਾਜੀ ਚਲਾਈ ਜਾਵੇਗੀ।ਇਸੇ ਦਿਨ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਰਾਤ 08:00 ਵਜੇ ਤੋਂ ਵਿਸ਼ੇਸ਼ ਕਵੀ ਦਰਬਾਰ ਆਰੰਭ ਹੋਵੇਗਾ ਜਿਸ ਵਿੱਚ ਨਾਮਵਰ ਕਵੀ ਹਾਜ਼ਰੀ ਭਰਨਗੇ। ਸ. ਮਨਜੀਤ ਸਿੰਘ ਸਕੱਤਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਵਿੱਚ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply