ਬਠਿੰਡਾ ਜਿਲ੍ਹੇ ‘ਚ ਕੋਵਿਡ ਇਲਾਜ ਪ੍ਰਬੰਧਨ ਤੇ ਓਟ ਕਲੀਨਿਕਾਂ ਦੇ ਕੰਮਕਾਜ ਦੀ ਕੀਤੀ ਸਮੀਖਿਆ
ਬਠਿੰਡਾ, 5 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜਿਲ੍ਹੇ ਦਾ ਦੌਰਾ ਕਰਕੇ ਕੋਵਿਡ ਦੇ ਇਲਾਜ ਪ੍ਰਬੰਧਨ ਅਤੇ ਓਟ
ਕਲੀਨਿਕਾਂ ਦੇ ਕੰਮਕਾਜ਼ ਦੀ ਸਮੀਖਿਆ ਕੀਤੀ।ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਕੋਵਿਡ ਬਿਮਾਰੀ ਪੂਰੀ ਤਰਾਂ ਕਾਬੂ ਹੇਠ ਹੈ ਅਤੇ ਸਾਡੇ ਸਥਾਨਕ ਮਰੀਜ਼ਾਂ ਦੀ ਗਿਣਤੀ ਕਾਫੀ ਘੱਟ ਹੈ।
ਸਿਹਤ ਮੰਤਰੀ ਨੇ ਕਿਹਾ ਹੁਣ ਜੋ ਮਰੀਜ਼ਾਂ ਦੀ ਗਿਣਤੀ ਵਿਚ ਇਕ ਦਮ ਵਾਧਾ ਹੋਇਆ ਹੈ।ਇਹ ਬਾਹਰੋਂ ਆਏ ਲੋਕਾਂ ਕਰਕੇ ਹੈ, ਪਰ ਕਿਉਂਕਿ ਉਨ੍ਹਾਂ ਨੂੰ ਆਉਂਦਿਆਂ ਹੀ ਇਕਾਂਤਵਾਸ ਕਰ ਲਿਆ ਗਿਆ ਸੀ।ਇਸ ਨਾਲ ਬਿਮਾਰੀ ਦੇ ਇੰਨ੍ਹਾਂ ਤੋਂ ਅੱਗੇ ਪਸਾਰ ਦਾ ਡਰ ਨਹੀਂ ਹੈ ਅਤੇ ਇਹ ਲੋਕ ਛੇਤੀ ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਜਾਣਗੇ।ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਤੱਕ 1232 ਪਾਜਿਟਿਵ ਕੇਸ ਆਏ ਹਨ ਅਤੇ ਇਸ ਸਮੇਂ ਐਕਟਿਵ ਕੇਸ 1081 ਹਨ।ਉਨ੍ਹਾਂ ਨੇ ਕਿਹਾ ਕਿ ਇਕਾਂਤਵਾਸ ਕੇਂਦਰਾਂ ਵਿਚ ਸਰਕਾਰ ਵਲੋਂ ਹਰ ਪ੍ਰਕਾਰ ਦੀ ਸਵਿਧਾ ਇਥੇ ਰਹਿ ਰਹੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ।
ਸਿਹਤ ਮੰਤਰੀ ਸਿੱਧੂ ਨੇ ਕਿਹਾ ਕਿ ਕੋਵਿਡ ਕਾਰਨ ਲੱਗੇ ਕਰਫਿਊ ਦੌਰਾਨ ਰਾਜ ਵਿੱਚ ਨਸ਼ੇ ਦੀ ਸਪਲਾਈ ਲਾਈਨ ਪੂਰੀ ਤਰਾਂ ਟੁੱਟ ਚੁੱਕੀ ਹੈ ਅਤੇ ਵੱਡੀ ਗਿਣਤੀ ‘ਚ ਨਸ਼ੇ ਤੋਂ ਪੀੜਤ ਮਰੀਜ਼ ਇਲਾਜ ਲਈ ਸਿਹਤ ਕੇਂਦਰਾਂ ‘ਤੇ ਆ ਰਹੇ ਹਨ। ਉਨ੍ਹਾਂ ਨੇ ਸਿਹਤ ਅਧਿਕਾਰੀਆਂ ਨੂੰ ਕਿਹਾ ਕਿ ਓਟ ਕਲੀਨਿਕਾਂ ਤੇ ਆ ਰਹੇ ਮਰੀਜਾਂ ਦੀ ਚੰਗੀ ਤਰਾਂ ਕਾਉਂਸਲਿੰਗ ਕੀਤੀ ਜਾਵੇ ਤਾਂ ਜ਼ੋ ਉਹ ਦ੍ਰਿੜ ਇੱਛਾ ਸ਼ਕਤੀ ਨਾਲ ਆਪਣੀ ਨਸ਼ੇ ਦੀ ਆਦਤ ਤੋਂ ਨਿਜ਼ਾਤ ਪਾ ਕੇ ਆਮ ਸ਼ਹਿਰੀ ਵਰਗੀ ਜਿੰਦਗੀ ਜੀਅ ਸਕਣ।
ਬਾਹਰਲੇ ਰਾਜਾਂ ਤੋਂ ਆਏ ਪੰਜਾਬੀਆਂ ਕਾਰਨ ਕਰੋਨਾ ਮਰੀਜਾਂ ਦੀ ਗਿਣਤੀ ਵਾਧੇ ਬਾਰੇ ਗੱਲ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਦੂਸਰੇ ਰਾਜਾਂ ਤੋਂ ਪੰਜਾਬ ਵਿਚ ਆਉਣ ਵਾਲੇ ਪੰਜਾਬੀ ਸਾਡੇ ਭਰਾ ਹਨ ਅਤੇ ਉਨ੍ਹਾਂ ਦੀ ਦੇਖਭਾਲ ਕਰਨਾ ਸਾਡਾ ਪਹਿਲਾ ਫਰਜ਼ ਬਣਦਾ ਹੈ।
ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਸੈਪਲਾਂ ਦੀ ਟੈਸਟਿੰਗ ਦੀ ਰਫ਼ਤਾਰ ਨੂੰ ਵਧਾਉਣ ਲਈ ਪ੍ਰਾਈਵੇਟ ਲੈਬੋਰਟਰੀ ਵਾਲਿਆਂ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਤਾਂ ਜੋ ਵੱਧ ਤੋ ਵੱਧ ਨਮੂਨਿਆਂ ਦੇ ਨਤੀਜੇ ਜਲਦ ਤੋ ਜਲਦ ਲਏ ਜਾਣ ਅਤੇ ਲੋਕਾਂ ਦਾ ਸਮੇ ਸਿਰ ਇਲਾਜ ਸ਼ੁਰੂ ਕੀਤਾ ਜਾ ਸਕੇ।
ਇਸ ਤੋਂ ਪਹਿਲਾਂ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਤੇ ਸਿਹਤ ਵਿਭਾਗ ਸਮੇਤ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਜ਼ਿਲ੍ਹੇ ਵਿਚ ਮੌਜੂਦਾ ਸਥਿਤੀ ਦਾ ਜਾਇਜਾ ਲਿਆ ਉਨ੍ਹਾਂ ਕਿਹਾ ਕਿ ਪੀ.ਪੀ.ਈ ਕਿੱਟਾਂ, ਮਾਸਕ, ਸੈਨੇਟਾਈਜ਼ਰ, ਡਿਸਇਨਫੈਕਟਿਡ ਸਪਰੇਅ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਮੰਤਰੀ ਪੰਜਾਬ ਬਲਬੀਰ ਸਿਧੂ ਨੇ ਅਗਲੀ ਕਤਾਰ ਵਿੱਚ ਕੰਮ ਕਰ ਰਹੇ ਵਰਕਰਾਂ, ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ, ਸਿਹਤ ਵਿਭਾਗ ਅਤੇ ਉਨ੍ਹਾਂ ਸਾਰੇ ਅਫ਼ਸਰਾਂ ਦੀ ਸ਼ਲਾਘਾ ਕੀਤੀ।
ਡਿਪਟੀ ਕਮਿਸ਼ਨਰ ਬੀ.ਸ੍ਰੀ ਨਿਵਾਸਨ ਨੇ ਕੋਵਿਡ 19 ਦੇ ਇਲਾਜ, ਇਕਾਂਤਵਾਸ ਕੇਂਦਰਾਂ ਅਤੇ ਰਾਹਤ ਕਾਰਜਾਂ ਸਬੰਧੀ ਸਿਹਤ ਮੰਤਰੀ ਨੂੰ ਜਾਣੂ ਕਰਵਾਇਆ। ਇਸ ਮੌਕੇ ਐਸ.ਐਸ.ਪੀ ਡਾ: ਨਾਨਕ ਸਿੰਘ, ਕਮਿਸ਼ਨਰ ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ, ਸਿਵਲ ਸਰਜਨ ਡਾ: ਅਮਰੀਕ ਸਿੰਘ ਆਦਿ ਵੀ ਹਾਜ਼ਰ ਸਨ।
Punjab Post Daily Online Newspaper & Print Media