ਕਰੰਸੀ ਨੋਟਾਂ ਦੀ ਥਾਂ ਡਿਜ਼ੀਟਲ ਲੈਣ-ਦੇਣ ਨੂੰ ਦਿਉ ਪਹਿਲ
ਅੰਮ੍ਰਿਤਸਰ, 9 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਿਹਤ ਵਿਭਾਗ ਨੇ ਘਰੇਲੂ ਕੰਮਕਾਰ ਲਈ ਬਾਹਰ ਨਿਕਲਦੇ ਲੋਕਾਂ ਤੇ ਦੁਕਾਨਦਾਰਾਂ ਲਈ ਐਡਵਾਇਜ਼ਰੀ
ਜਾਰੀ ਕਰਦੇ ਕਿਹਾ ਕਿ ਦੁਕਾਨਦਾਰ, ਗ੍ਰਾਹਕ ਅਤੇ ਡਿਲਵਰੀ ਸਟਾਫ ਵਲੋਂ ਹਰ ਸਮੇਂ ਕੱਪੜੇ ਦਾ ਮਾਸਕ ਪਹਿਨ ਕੇ ਰੱਖਿਆ ਜਾਵੇ।ਮਾਸਕ ਇਸ ਢੰਗ ਨਾਲ ਪਹਿਨਿਆ ਜਾਵੇ ਕਿ ਨੱਕ ਤੇ ਮੂੰਹ ਚੰਗੀ ਤਰਾਂ ਢੱਕਿਆ ਜਾਵੇ।ਕੱਪੜੇ ਦੇ ਮਾਸਕ ਨੂੰ ਰੋਜ਼ਾਨਾ ਸਾਬਣ ਤੇ ਪਾਣੀ ਨਾਲ ਧੋ ਕੇ ਵਰਤਿਆ ਜਾਵੇ।
ਸਿਹਤ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਹਰ ਸਮੇਂ ਇੱਕ ਦੂਜੇ ਤੋਂ ਘੱਟੋ-ਘੱਟ 1 ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ।ਉਨਾਂ ਕਿਹਾ ਕਿ ਗ੍ਰਾਹਕਾਂ ਅਤੇ ਡਿਲਵਰੀ ਸਟਾਫ ਵਲੋਂ ਦੁਕਾਨ/ਮਾਰਕਿਟ ਵਿੱਚ ਸਿਗਰਟ-ਬੀੜੀ ਜਾਂ ਤੰਬਾਕੂ ਆਧਾਰਿਤ ਚੀਜ਼ਾਂ ਜਿਵੇਂ ਕਿ ਗੁਟਕਾ, ਪਾਨ ਮਸਾਲਾ ਆਦਿ ਦਾ ਸੇਵਨ ਨਾ ਕੀਤਾ ਜਾਵੇ। ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਗ੍ਰਾਹਕਾਂ ਵਲੋਂ ਡਿਜ਼ੀਟਲ ਭੁਗਤਾਨ ਨੂੰ ਪਹਿਲ ਦਿੱਤੀ ਜਾਵੇ।ਦੁਕਾਨਦਾਰ ਜਾਂ ਉਨਾਂ ਦੇ ਵਰਕਰਾਂ ਅਤੇ ਗ੍ਰਾਹਕ ਵਲੋਂ ਜੇਕਰ ਕਰੰਸੀ ਲੈਣ-ਦੇਣ (ਕੈਸ਼ ਟਰਾਂਜੈਕਸ਼ਨ) ਕੀਤਾ ਜਾਂਦਾ ਹੈ ਤਾਂ ਇਸ ਤੋਂ ਪਹਿਲਾਂ ਤੇ ਤੁਰੰਤ ਬਾਅਦ ਆਪਣੇ ਹੱਥਾਂ ਨੂੰ ਸੈਨੀਟਾਈਜ਼ ਕੀਤਾ ਜਾਵੇ।
ਗ੍ਰਾਹਕਾਂ/ਖੱਪਤਕਾਰਾਂ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਖੱਪਤਕਾਰਾਂ ਵਲੋਂ ਸਮਾਨ ਖਰੀਦਣ ਲਈ ਆਪਣੇ ਘਰੋਂ ਹੀ ਕੱਪੜੇ ਦਾ ਥੈਲਾ ਲਿਆਂਦਾ ਜਾਵੇ।ਇਸ ਕੱਪੜੇ ਦੇ ਥੈਲੇ ਨੂੰ ਬਾਅਦ ਵਿੱਚ ਕੋਸੇ ਪਾਣੀ ਅਤੇ ਸਾਬਣ/ਡਿਟਰਜੈਂਟ ਨਾਲ ਧੋਤਾ ਜਾਵੇ।ਖਾਣੇ ਦੀਆਂ ਸਾਰੀਆਂ ਵਸਤੂਆਂ ਨੂੰ ਸਾਫ ਤਾਜ਼ੇ ਪਾਣੀ ਨਾਲ ਧੋਤਾ ਜਾਵੇ। ਕੱਚੇ ਖਾਧੇ ਜਾਣ ਵਾਲੇ ਫ਼ਲ ਅਤੇ ਸਬਜ਼ੀਆਂ ਨੂੰ 50 ਪੀ.ਪੀ.ਐਮ ਕਲੋਰੀਨ ਅਤੇ ਤਾਜ਼ੇ ਪਾਣੀ ਨਾਲ ਧੋਤਾ ਜਾਵੇ।
ਫੂਡ ਹੈਂਡਲਰਾਂ ਲਈ ਇਕ ਵਿਸੇਸ ਐਡਵਾਇਜਰੀ ਵਿਚ ਪੰਜਾਬ ਸਰਕਾਰ ਨੇ ਉਨਾਂ ਨੂੰ ਇਕ ਸਾਫ ਵਰਦੀ, ਦਸਤਾਨੇ, ਹਰ ਸਮੇਂ ਕੱਪੜੇ ਦੇ ਮਾਸਕ / ਚਿਹਰੇ ਦੇ ਢੱਕਣ ਅਤੇ ਸਿਰ ਢੱਕਣ ਲਈ ਕਿਹਾ ਹੈ। ਲਾਕਰ (ਜੇ ਕੋਈ ਹੈ) ਨਿੱਜੀ ਚੀਜਾਂ ਰੱਖਣ ਲਈ ਸਾਂਝਾ ਨਹੀਂ ਕੀਤਾ ਜਾਣਾ ਚਾਹੀਦਾ।ਫੂਡ ਹੈਂਡਲਰਾਂ ਨੂੰ ਆਪਣੇ ਹੱਥ ਅਕਸਰ ਸਾਬਣ ਅਤੇ ਪਾਣੀ ਨਾਲ ਧੋਣੇ ਚਾਹੀਦੇ ਹਨ। ਉਨਾਂ ਨੂੰ ਖਾਣੇ ਨੂੰ ਸੰਭਾਲਣ / ਤਿਆਰ ਕਰਨ ਵੇਲੇ ਦਸਤਾਨੇ ਪਹਿਨਣੇ ਚਾਹੀਦੇ ਹਨ ਅਤੇ ਖਾਣਾ ਬਣਾਉਣ ਵਾਲੀ ਥਾਂ ਵਿਖੇ ਗਹਿਣਿਆਂ, ਘੜੀਆਂ ਆਦਿ ਪਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਉਨਾਂ ਕਿਹਾ ਕਿ ਜੇ ਫੂਡ ਹੈਂਡਲਰਾਂ / ਡਲਿਵਰੀ ਸਟਾਫ ਵਿਚੋਂ ਕੋਈ ਕਰਮਚਾਰੀ ਕੋਵਿਡ-19 ਦਾ ਇਲਾਜ਼ ਕਰਵਾ ਰਿਹਾ ਹੈ ਜਾਂ ਕੋਵਿਡ-19 ਦੀ ਪੁਸ਼ਟੀ ਹੋਈ ਹੈ ਅਤੇ ਜੇਕਰ ਕੋਈ ਹੋਰ ਵਿਅਕਤੀ ਉਸਦੇ ਸੰਪਰਕ ਵਿੱਚ ਆਇਆ ਹੈ ਤਾਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਦੇ ਸੰਬੰਧ ਵਿੱਚ ਹੈਲਪਲਾਈਨ ਨੰਬਰ 104 ਜਾਂ ਸਟੇਟ ਕੰਟਰੋਲ ਰੂਮ ਨੰਬਰ 0172-2920074 / 08872090029 `ਤੇ ਕਾਲ ਕਰਕੇ ਸੰਪਰਕ ਵਿੱਚ ਆਉਣ ਦੀ ਪੂਰੀ ਜਾਣਕਾਰੀ ਦਿੱਤੀ ਜਾਵੇ ਅਤੇ ਅਗਲੇਰੀ ਸਹਾਇਤਾ ਪ੍ਰਾਪਤ ਕੀਤੀ ਜਾਵੇ।
Punjab Post Daily Online Newspaper & Print Media