Friday, April 17, 2026

ਐਸ.ਸੀ ਕਮਿਸ਼ਨ ਮੈਂਬਰ ਪੂਨਮ ਕਾਂਗੜਾ ਵਲੋਂ ਚਪੜੌਦਾ ਪਿੰਡ ਦਾ ਦੌਰਾ

ਜਾਤੀ ਸੂਚਕ ਸ਼ਬਦ ਬੋਲਣ ਵਾਲਿਆਂ `ਤੇ ਬਣਦੀ ਕਾਰਵਾਈ ਕਰਨ ਦੇ ਦਿੱਤੇ ਹੁਕਮ

ਲੌਂਗੋਵਾਲ, 11 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਨੇੜਲੇ ਪਿੰਡ ਚਪੜੌਦਾ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਸ਼੍ਰੀਮਤੀ ਪੂਨਮ ਕਾਂਗੜਾ PPNJ1105202011ਮੈਂਬਰ ਐਸ.ਸੀ ਕਮਿਸ਼ਨ ਪੰਜਾਬ ਵਲੋਂ ਪਿੰਡ ਦਾ ਦੌਰਾ ਕਰਕੇ ਪੀੜਤਾਂ ਦਾ ਪੱਖ ਸੁਣਿਆ ਗਿਆ।ਇਸ ਸਮੇਂ ਹਾਜ਼ਰ ਚਰਨਜੀਤ ਕੌਰ, ਜਸਵਿੰਦਰ ਕੌਰ, ਕੁਲਦੀਪ ਕੌਰ ਅਤੇ ਪੰਚ ਸੁਖਵਿੰਦਰ ਸਿੰਘ ਨੇ ਸ਼੍ਰੀਮਤੀ ਪੂਨਮ ਕਾਂਗੜਾ ਨੂੰ ਦੱਸਿਆ ਕਿ ਉਨ੍ਹਾਂ ਉਪਰ ਪਿੰਡ ਦੇ ਕੁੱਝ ਜਿਮੀਂਦਾਰਾਂ ਨੇ ਸਿਰਫ ਉਨ੍ਹਾਂ ਦੀ ਲੜਕੀ ਵਲੋਂ ਇੱਕ ਖਰਬੂਜ਼ਾ ਤੋੜਣ ‘ਤੇ ਪਰਿਵਾਰ ਅਤੇ ਇਸ ਸਬੰਧੀ ਸੱਚ ਬੋਲਣ ਵਾਲਿਆਂ `ਤੇ ਥਾਣਾ ਅਮਰਗੜ੍ਹ ਵਿਖੇ ਝੂਠਾ ਚੋਰੀ ਦਾ ਪਰਚਾ ਦਰਜ਼ ਕਰਵਾ ਦਿੱਤਾ ਹੈ।ਜਿਮੀਂਦਾਰਾਂ ਵਲੋਂ ਪੁਲਿਸ ਦੀ ਹਾਜ਼ਰੀ ‘ਚ ਉਨ੍ਹਾਂ ਦੇ ਘਰ ਆ ਕੇ ਅਤੇ ਪਿੰਡ ਦਾ ਇਕੱਠ ਕਰਕੇ ਉਨ੍ਹਾਂ ਦੇ 70 ਸਾਲਾਂ ਬਜੁਰਗ ਸਮੇਤ ਕਥਿਤ ਤੌਰ `ਤੇ ਜ਼ਲੀਲ ਕੀਤਾ ਗਿਆ ਅਤੇ ਹੁਣ ਉਨ੍ਹਾਂ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ।
               ਇਸ ਉਪਰੰਤ ਸ਼੍ਰੀਮਤੀ ਪੂਨਮ ਕਾਂਗੜਾ ਨੇ ਡੀ.ਐਸ.ਪੀ ਰੌਸ਼ਨ ਲਾਲ ਨੂੰ ਉਕਤ ਜਿਮੀਂਦਾਰਾਂ ਵਿਰੁੱਧ ਤੁਰੰਤ ਐਸ.ਸੀ/ ਐਸ.ਟੀ ਸਣੇ ਵੱਖ ਵੱਖ ਧਾਰਾਵਾਂ ਤਹਿਤ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਅਤੇ ਦਰਜ਼ ਹੋਏ ਚੋਰੀ ਦੇ ਕੇਸ ਦੀ ਜਾਂਚ ਪੜਤਾਲ ਕਰਕੇ ਤਿੰਨ ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਪੇਸ਼ ਕਰਨ ਲਈ ਹੁਕਮ ਦਿੱਤਾ।ਸ਼੍ਰੀਮਤੀ ਕਾਂਗੜਾ ਨੇ ਕਿਹਾ ਕਿ ਐਸ.ਸੀ ਵਰਗ ਨਾਲ ਕਿਸੇ ਵੀ ਵਧੀਕੀ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
                  ਉਧਰ ਦੂਜੇ ਪਾਸੇ ਪਰਚਾ ਦਰਜ਼ ਕਰਵਾਉਣ ਵਾਲੀ ਧਿਰ ਦਾ ਕਹਿਣਾ ਹੈ ਕਿ ਐਸ.ਸੀ ਕਮਿਸ਼ਨ ਮੈਂਬਰ ਨੇ ਪਿੰਡ ਆ ਕੇ ਉਨਾਂ ਦਾ ਪੱਖ ਨਹੀਂ ਸੁਣਿਆ।ਉਨ੍ਹਾਂ ਕਿਹਾ ਕਿ ਜੇਕਰ ਉਨਾਂ ਨਾਲ ਪੱਖਪਾਤ ਜਾਂ ਧੱਕੇਸ਼ਾਹੀ ਹੋਈ ਤਾਂ ਉਹ ਕਾਨੂੰਨੀ ਲੜਾਈ ਲੜਨ ਤੋਂ ਪਿੱਛੇ ਨਹੀਂ ਹਟਣਗੇ।
                ਸੰਗਰੂਰ ਤੋਂ ਕਮਿਸ਼ਨ ਨਾਲ ਵਿਸ਼ੇਸ਼ ਤੌਰ `ਤੇ ਪਹੁੰਚੇ ਡੀ.ਐਸ.ਪੀ ਰੋਸ਼ਨ ਲਾਲ ਨੇ ਕਿਹਾ ਕਿ ਕਿਸੇ ਨਾਲ ਵੀ ਪੱਖਪਾਤ ਨਹੀਂ ਹੋਵੇਗਾ।ਬਲਕਿ ਪੂਰੇ ਮਾਮਲੇ ਦੀ ਗਹਿਰਾਈ ਨਾਲ ਪੜਤਾਲ ਕਰਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇਗਾ।ਇਸ ਮੌਕੇ ਤਹਿਸੀਲਦਾਰ ਅਮਰਗੜ੍ਹ ਜਗਦੀਪਿੰਦਰ ਸਿੰਘ ਸੋਢੀ, ਐਸ.ਐਚ.ਓ ਅਮਰਗੜ੍ਹ ਰਾਜੇਸ਼ ਮਲਹੋਤਰਾ ਆਦਿ ਵੀ ਹਾਜ਼ਰ ਸਨ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …