ਅੰਮ੍ਰਿਤਸਰ, 18 ਮਈ (ਪੰਜਾਬ ਪੋਸਟ ਬਿਊਰੋ) – ਭਾਰਤੀ ਯੂਨੀਅਨ ਕਿਸਾਨ ਪੰਜਾਬ (ਰਜ਼ਿ) ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਸੁਖਦੇਵ ਸਿੰਘ ਹੇਰ ਦੀ ਪ੍ਰਧਾਨਗੀ ਹੇਠ 
ਬੀਤੇ ਦਿਨੀ ਕੋਰੋਨਾ ਮਹਾਂਮਾਰੀ ਦੌਰਾਨ ਸਾਉਣੀ ਦੀਆਂ ਫ਼ਸਲਾਂ ਦੀ ਬਿਜ਼ਾਈ ਸਮੇਂ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਸਮਾਜਿਕ ਦੂਰੀਆਂ ਰੱਖ ਕੇ ਵਿਚਾਰ-ਚਰਚਾ ਕੀਤੀ ਗਈ।ਜਿਸ ਉਪਰੰਤ ਯੂਨੀਅਨ ਵਲੋਂ ਕਿਸਾਨਾਂ ਨੂੰ ਪੇਸ਼ ਆਉਂਦੀਆਂ ਮੁਸੀਬਤਾਂ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਣੂ ਕਰਵਾਉਣ ਲਈ ਡੀ.ਸੀ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ।
ਹੇਰ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜ਼ਾਈ ਲਈ 15 ਮਈ ਤੋਂ ਟਿਊਬਵੈਲਾਂ ਲਈ ਬਿਜਲੀ ਦੀ ਸਪਲਾਈ ਨਿਰਵਿਘਨ 10 ਘੰਟੇ ਦਿੱਤੀ ਜਾਵੇ।ਝੋਨੇ ਦੀ ਲਵਾਈ ਲਈ ਪ੍ਰਵਾਸੀ ਮਜ਼ਦੂਰਾਂ ਦਾ ਪ੍ਰਬੰਧ ਕੀਤਾ ਜਾਵੇ ਜਾਂ ਫ਼ਿਰ ਝੋਨਾ ਮਨਰੇਗਾ ਮਜ਼ਦੂਰਾਂ ਰਾਹੀਂ ਲਵਾਇਆ ਜਾਵੇ ਅਤੇ ਲੇਬਰ ਦਾ ਰੇਟ ਤੈਅ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਪੂਸਾ-44 ਅਤੇ ਹੋਰ ਝੋਨਾ ਲਾਉਣ ਦੀ ਇਜ਼ਾਜਤ 1 ਜੂਨ ਤੋਂ ਦਿੱਤੀ ਜਾਵੇ ਅਤੇ ਝੋਨੇ ਦਾ ਰੇਟ 2900 ਰੁਪੈ ਅਤੇ ਬਾਸਮਤੀ ਦਾ ਰੇਟ 4000/- ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾਵੇ।ਇਸ ਤੋਂ ਇਲਾਵਾ ਉਨ੍ਹਾਂ ਬਾਸਮਤੀ, ਦਾਲਾਂ, ਮੱਕੀ ਦਾ ਲਾਹੇਵੰਦ ਭਾਅ ਐਮ.ਐਸ.ਪੀ ਤੈਅ ਕਰਕੇ ਸਰਕਾਰੀ ਖਰੀਦ ਦੀ ਗਰੰਟੀ ਦਿੱਤੇ ਜਾਣ ਦੀ ਵੀ ਗੱਲ ਕੀਤੀ।
ਹੇਰ ਨੇ ਕਿਹਾ ਕਿ ਗੰਨੇ ਦੀ ਪਿਛਲੀ ਰਹਿੰਦੀ ਬਕਾਇਆ ਰਕਮ ਵਿਆਜ ਸਮੇਤ ਦਿੱਤੀ ਜਾਵੇ, ਕਣਕ ਦੀ ਖਰੀਦ ਸਮੇਂ ਕੀਤੀ ਕਟੌਤੀ ਖ਼ਤਮ ਕੀਤੀ ਜਾਵੇ ਤੇ ਪੇਮੈਂਟ 24 ਘੰਟਿਆਂ ’ਚ ਦਿੱਤੀ ਜਾਵੇ।ਦੇਸ਼ ਲਈ ਅਨਾਜ ਪੈਦਾ ਕਰਨ ਵਾਲੇ ਕਿਸਾਨਾਂ ਤੇ ਲੇਬਰ ਦਾ 50 ਲੱਖ ਦਾ ਬੀਮਾ ਕੀਤਾ ਜਾਵੇ, ਡੀਜ਼ਲ ਦੀਆਂ ਵਧਾਈਆਂ ਕੀਮਤਾਂ ਵਾਪਸ ਲਈਆਂ ਜਾਣ।ਬੇ-ਮੌਸਮੀ ਬਾਰਿਸ਼ ਤੇ ਗੜੇਮਾਰੀ ਨਾਲ ਹੋਏ ਨੁਕਸਾਨ ਤੇ 100/- ਰੁ ਪ੍ਰਤੀ ਕੁਇੰਟਲ ਕਣਕ ’ਤੇ ਬੋਨਸ ਦਿੱਤਾ ਜਾਵੇ, ਬਿਜਲੀ ਦੀ ਨਿਰੰਤਰ ਸਪਲਾਈ ਲਈ ਬਿਜਲੀ ਲਾਈਨਾਂ, ਟਰਾਂਸਫ਼ਾਰਮਰਾਂ ਦੀ ਮੁਰੰਮਤ ਕੀਤੀ ਜਾਵੇ ਅਤੇ ਸਟਾਫ਼ ਪੂਰਾ ਕੀਤਾ ਜਾਵੇ ਤੇ ਬਿਜਲੀ ਨੁਕਸ ਪੈਣ ’ਚ ਸਟਾਫ਼ ਦੀ ਜਿੰਮੇਵਾਰੀ ਤਹਿ ਕੀਤੀ ਜਾਵੇ।
ਇਸ ਮੌਕੇ ਕੁਲਬੀਰ ਸਿੰਘ, ਪਾਲ ਸਿੰਘ, ਮਾਸਟਰ ਬਲਰਾਜ ਸਿੰਘ, ਅਜ਼ਮੇਰ ਸਿੰਘ ਅਤੇ ਸਤਨਾਮ ਸਿੰਘ ਮੌਜ਼ੂਦ ਸਨ।
Punjab Post Daily Online Newspaper & Print Media