ਪਰਿਵਾਰ ਸਿਰ ਚੜਿਆ ਕਰਜ਼ਾ ਲਾਹੇਗਾ ਟਰੱਸਟ ਤੇ ਜਲਦ ਵਤਨ ਆਵੇਗੀ ਮ੍ਰਿਤਕ ਦੇਹ
ਅੰਮ੍ਰਿਤਸਰ, 18 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਰੋਜ਼ੀ ਰੋਟੀ ਕਮਾਉਣ ਲਈ ਦੁਬਈ ਗਏ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਚਾਟੀਵਿੰਡ ਲੇਲ੍ਹ ਦੇ 30 ਸਾਲਾ ਹਰਦੀਪ ਸਿੰਘ ਦੀ ਬੀਤੀ 20 ਅਪ੍ਰੈਲ ਨੂੰ ਦੁਬਈ `ਚ ਅਚਾਨਕ ਮੌਤ ਹੋ ਗਈ ਸੀ।ਉਸ ਦੇ ਪਰਿਵਾਰ ਦੀ ਮਦਦ ਲਈ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਉੱਘੇ ਸਮਾਜ ਸੇਵਕ ਡਾ. ਐਸ.ਪੀ ਸਿੰਘ ਓਬਰਾਏ ਨੇ ਅੱਗੇ ਆਉਂਦਿਆਂ ਜਿੱਥੇ ਉਸ ਦੀ ਮ੍ਰਿਤਕ ਦੇਹ ਭਾਰਤ ਉਸ ਦੇ ਵਾਰਸਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਚੁੱਕੀ ਹੈ, ਉਥੇ ਹੀ ਉਨ੍ਹਾਂ ਪੀੜਤ ਪਰਿਵਾਰ ਸਿਰ ਚੜ੍ਹਿਆ ਕਰਜ਼ਾ ਲਾਹੁਣ ਦੇ ਨਾਲ-ਨਾਲ ਮ੍ਰਿਤਕ ਦੀ ਵਿਧਵਾ ਨੂੰ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਐਲਾਨ ਵੀ ਕੀਤਾ ਹੈ।
ਸ਼ਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਅੰਮ੍ਰਿਤਸਰ ਇਕਾਈ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮਾਝਾ ਜੋਨ ਦੇ ਸਲਾਹਕਾਰ ਸੁਖਦੀਪ ਸਿੱਧੂ, ਜਨਰਲ ਸਕੱਤਰ ਮਨਪ੍ਰੀਤ ਸੰਧੂ, ਖਜ਼ਾਨਚੀ ਨਵਜੀਤ ਘਈ, ਐਕਸੀਅਨ ਜਗਦੇਵ ਸਿੰਘ ਛੀਨਾ, ਸ਼ਿਸ਼ਪਾਲ ਸਿੰਘ ਲਾਡੀ ਆਦਿ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਚਾਟੀਵਿੰਡ ਲੇਲ੍ਹ ਦਾ ਨੌਜਵਾਨ ਹਰਦੀਪ ਸਿੰਘ ਪੁੱਤਰ ਸਵ: ਲੁਕਾ ਸਿੰਘ ਬੀਤੀ 25 ਅਗਸਤ ਨੂੰ ਕਰਜ਼ਾ ਚੁੱਕ ਕੇ ਆਪਣੇ ਪਰਿਵਾਰ ਦੀ ਬਿਹਤਰੀ ਲਈ ਦੁਬਈ ਮਜ਼ਦੂਰੀ ਕਰਨ ਵਾਸਤੇ ਗਿਆ ਸੀ।ਜਿਸ ਦੀ ਬਿਮਾਰ ਰਹਿਣ ਪਿੱਛੋਂ ਬੀਤੀ 20 ਅਪ੍ਰੈਲ ਨੂੰ ਉਸ ਦੀ ਮੌਤ ਹੋ ਗਈ ਸੀ। ਜਦ ਹਰਦੀਪ ਦੇ ਪਰਿਵਾਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਡਾ.ਐਸ.ਪੀ ਸਿੰਘ ਓਬਰਾਏ ਨਾਲ ਸੰਪਰਕ ਕਰ ਕੇ ਹਰਦੀਪ ਦੀ ਮ੍ਰਿਤਕ ਦੇਹ ਵਾਪਸ ਭਾਰਤ ਲੈ ਕੇ ਆਉਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਡਾ: ਓਬਰਾਏ ਨੇ ਤੁਰੰਤ ਇਸ ਕੇਸ ਦੀ ਪੈਰਵਾਈ ਕਰਦਿਆਂ ਕਿਹਾ ਕਿ ਟਰੱਸਟ ਵੱਲੋਂ ਬਹੁਤ ਹੀ ਜਲਦ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇਗੀ। ਪਰਿਵਾਰ ਦੇ ਆਰਥਿਕ ਹਾਲਾਤ ਬਹੁਤੇ ਵਧੀਆ ਨਾ ਹੋਣ ਕਾਰਨ ਡਾ: ਓਬਰਾਏ ਵਲੋਂ ਪੀੜਤ ਪਰਿਵਾਰ ਸਿਰ ਚੜ੍ਹਿਆ ਸਾਰਾ ਕਰਜ਼ਾ ਲਾਹੁਣ ਤੋਂ ਇਲਾਵਾ ਮ੍ਰਿਤਕ ਦੀ ਪਤਨੀ ਨੂੰ ਟਰੱਸਟ ਵਲੋਂ ਮਹੀਨੇਵਾਰ 3 ਹਜ਼ਾਰ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਫੈਸਲਾ ਵੀ ਕੀਤਾ ਹੈ।ਟਰੱਸਟ ਵੱਲੋਂ ਪਰਿਵਾਰ ਨੂੰ ਪੈਨਸ਼ਨ ਦਾ ਚੈਕ ਦੇਣ ਤੋਂ ਇਲਾਵਾ ਕਰਜ਼ੇ ਦੀ ਬਣਦੀ ਰਕਮ ਦਾ ਚੈਕ ਵੀ ਸੌਂਪਣ ਤੋਂ ਇਲਾਵਾ ਪਰਿਵਾਰ ਨੂੰ ਸੁੱਕਾ ਰਾਸ਼ਨ ਵੀ ਦਿੱਤਾ ਗਿਆ ਹੈ।
ਇਸ ਦੌਰਾਨ ਮ੍ਰਿਤਕ ਹਰਦੀਪ ਸਿੰਘ ਦੇ ਚਾਚਾ ਜਗਰੂਪ ਸਿੰਘ, ਭੂਆ ਦੇ ਪੁੱਤਰ ਸਰਬਜੀਤ ਸਿੰਘ ਅਤੇ ਹੋਰਨਾਂ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਪਤਨੀ ਤੇ ਤਿੰਨ ਛੋਟੇ-ਛੋਟੇ ਬੱਚੇ ਉਸ ਦੀ ਬਜ਼ੁਰਗ ਵਿਧਵਾ ਮਾਂ ਨਾਲ ਰਹਿੰਦੇ ਹਨ।ਇਸ ਵੱਡੇ ਪਰਉਪਕਾਰ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਹਮੇਸ਼ਾਂ ਹੀ ਸ੍ਰ. ਓਬਰਾਏ ਦਾ ਰਿਣੀ ਰਹੇਗਾ।