ਹੁਣ ਤੱਕ ਸਿਵਲ ਹਸਪਤਾਲ ਬਟਾਲਾ ਵਿਖੇੇ ਸਾਰੇ 45 ਮਰੀਜ਼ ਹੋਏ ਠੀਕ
ਬਟਾਲਾ, 18 ਮਈ (ਪੰਜਾਬ ਪੋਸਟ ਬਿਊਰੋ) – ਸਿਵਲ ਹਸਪਤਾਲ ਬਟਾਲਾ ਦੇ ਡਾਕਟਰਾਂ ਦੀ ਮਿਹਨਤ ਰੰਗ ਲਿਆਈ ਹੈ ਅਤੇ ਪਿਛਲੇ ਕੁੱਝ ਦਿਨਾਂ ਤੋਂ ਹਸਪਤਾਲ
ਵਿੱਚ ਜ਼ੇਰੇ-ਇਲਾਜ਼ 3 ਕੋਰੋਨਾ ਮਰੀਜ਼ ਵੀ ਕੱਲ ਪੂਰੀ ਤਰਾਂ ਠੀਕ ਹੋ ਕੇ ਆਪਣੇ ਘਰਾਂ ਨੂੰ ਚਲੇ ਗਏ ਹਨ।ਹਸਪਤਾਲ ਦੇ ਐਸ.ਐਮ.ਓ ਡਾ. ਸੰਜੀਵ ਭੱਲਾ ਦੀ ਅਗਵਾਈ ਹੇਠ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਕੁੱਲ 45 ਕੋਰੋਨਾ ਮਰੀਜ਼ਾਂ ਦਾ ਇਲਾਜ਼ ਕੀਤਾ ਗਿਆ ਹੈ ਅਤੇ ਇਹ ਸਾਰੇ ਹੀ ਮਰੀਜ਼ ਬਿਲਕੁੱਲ ਠੀਕ ਹੋ ਗਏ ਹਨ।
ਹਸਪਤਾਲ ਵਿੱਚ ਰਹਿ ਗਏ ਆਖਰੀ ਤਿੰਨ ਮਰੀਜ਼ਾਂ ਨੂੰ ਕੱਲ ਉਨਾਂ ਦੇ ਘਰਾਂ ਨੂੰ ਰਵਾਨਾ ਕਰ ਦਿੱਤਾ ਗਿਆ ਹੈ ਜਦਕਿ 42 ਮਰੀਜ਼ ਠੀਕ ਹੋ ਕੇ ਪਹਿਲਾਂ ਹੀ ਆਪਣੇ ਘਰਾਂ ਨੂੰ ਜਾ ਚੁੱਕੇ ਹਨ।ਮਰੀਜ਼ਾਂ ਨੂੰ ਰਵਾਨਾ ਕਰਨ ਤੋਂ ਪਹਿਲਾਂ ਐਸ.ਡੀ.ਐਮ ਬਟਾਲਾ ਬਲਵਿੰਦਰ ਸਿੰਘ, ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਚੰਦ ਅਤੇ ਐਸ.ਐਮ.ਓ ਡਾ. ਸੰਜੀਵ ਕੁਮਾਰ ਭੱਲਾ ਨੇ ਮਰੀਜ਼ਾਂ ਨੂੰ ਹਾਰ ਪਾ ਕੇ ਉਨਾਂ ਨੂੰ ਮੁਬਾਰਕਬਾਦ ਦਿੱਤੀ ਤੇ ਉਨਾਂ ਦੀ ਨਰੋਈ ਸਿਹਤ ਦੀ ਕਾਮਨਾ ਕੀਤੀ।ਡਾਕਟਰ ਸੰਜੀਵ ਭੱਲਾ ਨੇ ਉਨਾਂ ਨੂੰ ਘਰ ਵਿੱਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਸਮਝਾਇਆ।
ਡਾ. ਸੰਜੀਵ ਕੁਮਾਰ ਭੱਲਾ ਨੇ ਕਿਹਾ ਕਿ ਉਨਾਂ ਦੀ ਟੀਮ ਅੱਗੇ ਕੋਰੋਨਾ ਮਰੀਜ਼ਾਂ ਦਾ ਇਲਾਜ ਕਰਨਾ ਇੱਕ ਵੱਡੀ ਚੁਣੌਤੀ ਸੀ।ਪਰ ਸਾਰੀ ਟੀਮ ਨੇ ਬੜੀ ਮਿਹਨਤ ਤੇ ਹਿੰਮਤ ਨਾਲ ਕੰਮ ਕੀਤਾ ਹੈ।ਉਨਾਂ ਦੱਸਿਆ ਕਿ ਕੋਰੋਨਾ ਮਰੀਜ਼ਾਂ ਵਿੱਚ ਡੇੜ ਸਾਲ ਦੇ ਬੱਚੇ ਤੋਂ ਲੈ ਕੇ 85 ਸਾਲ ਤੱਕ ਦੇ ਬਜ਼ੁਰਗ ਵੀ ਸਨ।ਪਰ ਵਾਹਿਗੁਰੂ ਦੀ ਕ੍ਰਿਪਾ ਸਦਕਾ ਸਾਰੇ ਹੀ ਤੰਦਰੁਸਤ ਹੋਏ ਹਨ।ਡਾ. ਭੱਲਾ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਸਾਰੇ ਮਰੀਜ਼ਾਂ ਨਾਲ ਘਰਾਂ ਵਿੱਚ ਵੀ ਰਾਬਤਾ ਰੱਖਿਆ ਜਾ ਰਿਹਾ ਹੈ ਅਤੇ ਲੋੜ ਪੈਣ ’ਤੇ ਕਿਸੇ ਵੀ ਮੈਡੀਕਲ ਸਹਾਇਤਾ ਲਈ ਉਨਾਂ ਦੀਆਂ ਟੀਮਾਂ ਪੂਰੀ ਤਰਾਂ ਤਿਆਰ ਹਨ।
Punjab Post Daily Online Newspaper & Print Media