ਨਿੱਜੀ ਹਸਪਤਾਲ `ਚ ਹੁਸ਼ਿਆਰਪੁਰ ਜਿਲੇ ਨਾਲ ਸਬੰਧਤ ਇਕ ਵਿਅਕਤੀ ਦੀ ਮੌਤ
ਹੁਸ਼ਿਆਰਪੁਰ, 19 ਮਈ (ਪੰਜਾਬ ਪੋਸਟ ਬਿਊਰੋ) – ਹੁਸ਼ਿਆਰਪੁਰ ਵਿਖੇ ਜਿਥੇ ਕੱਲ ਸੋਮਵਾਰ 2 ਹੋਰ ਪੋਜ਼ੀਟਿਵ ਕੇਸ ਸਾਹਮਣੇ ਆਏ ਹਨ, ਉਥੇ ਕੋਰੋਨਾ ਵਾਇਰਸ ਪੀੜਤ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਜਿਸ ਨਾਲ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 5 ਹੋ ਗਈ ਹੈ।
ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਟਾਂਡਾ ਬਲਾਕ ਦੇ ਜਿਸ 35 ਸਾਲਾ ਵਿਅਕਤੀ ਦੀ ਮੌਤ ਹੋਈ ਹੈ, ਉਹ ਗੁਰਦਿਆਂ ਦੀ ਬੀਮਾਰੀ ਤੋਂ ਪੀੜਤ ਸੀ ਅਤੇ ਜਲੰਧਰ ਦੇ ਕਿਡਨੀ ਹਸਪਤਾਲ ਵਿੱਚ ਉਸ ਦਾ ਇਲਾਜ ਚੱਲ ਰਿਹਾ ਸੀ।ਉਨਾਂ ਦੱਸਿਆ ਕਿ ਇਹ ਵਿਅਕਤੀ 16 ਮਈ ਨੂੰ ਉਕਤ ਹਸਪਤਾਲ ਵਿਖੇ ਦਾਖਲ ਹੋਇਆ, ਜਿਥੇ ਇਸ ਦਾ ਸੈਂਪਲ ਲਿਆ ਗਿਆ।ਉਨਾਂ ਦੱਸਿਆ ਕਿ ਇਸ ਦਾ ਸੈਂਪਲ ਪੋਜ਼ਟਿਵ ਪਾਇਆ ਗਿਆ ਅਤੇ ਇਸ ਮਰੀਜ਼ ਦੀ 17 ਮਈ ਸ਼ਾਮ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਹੀ ਮੌਤ ਹੋ ਗਈ ਹੈ।ਉਨਾਂ ਦੱਸਿਆ ਕਿ ਜ਼ਿਲੇ ਦੇ ਸਿਹਤ ਵਿਭਾਗ ਵਲੋਂ ਹੁਣ ਤੱਕ 1531 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ, ਜਿਨਾਂ ਵਿੱਚੋਂ 1345 ਨੈਗੇਟਿਵ ਅਤੇ 64 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਉਨਾਂ ਕਿਹਾ ਕਿ 26 ਸੈਂਪਲ ਇਨਵੈਲਿਡ ਪਾਏ ਗਏ ਹਨ।
ਨੋਡਲ ਅਫ਼ਸਰ ਡਾ. ਸੈਲੇਸ਼ ਨੇ ਦੱਸਿਆ ਕਿ ਸੋਮਵਾਰ 2 ਹੋਰ ਪੋਜ਼ੀਟਿਵ ਕੇਸ ਸਾਹਮਣੇ ਆਏ ਹਨ।ਉਨਾਂ ਕਿਹਾ ਕਿ ਜਿਹੜੇ 23 ਵਿਅਕਤੀ ਦੁਬਈ ਤੋਂ ਆਏ ਹਨ, ਉਨਾਂ ਵਿੱਚੋਂ ਉਕਤ ਦੋ ਕੇਸ ਸਾਹਮਣੇ ਆਏ ਹਨ।ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਨ ਵਲੋਂ ਪਹਿਲਾਂ ਹੀ ਦੁਬਈ ਤੋਂ ਆਏ ਇਨਾਂ ਵਿਅਕਤੀਆਂ ਨੂੰ ਕੋਵਿਡ ਕੇਅਰ ਸੈਂਟਰ ਰਿਆਤ ਬਾਹਰਾ ਇੰਸਟੀਚਿਊਟ ਹੁਸ਼ਿਆਰਪੁਰ ਵਿਖੇ ਇਕਾਂਤਵਾਸ ਕੀਤਾ ਗਿਆ ਹੈ।ਹੁਣ ਤੱਕ ਜ਼ਿਲੇ ਵਿੱਚ ਪੋਜ਼ੀਟਿਵ ਕੇਸਾਂ ਦੀ ਗਿਣਤੀ 96 ਹੋ ਗਈ ਹੈ, ਜਿਨਾਂ ਵਿੱਚੋਂ ਸੋਮਵਾਰ ਹੋਈ ਇਕ ਹੋਰ ਮੌਤ ਸਮੇਤ ਹੁਣ ਤੱਕ 5 ਮੌਤਾਂ ਹੋ ਚੁੱਕੀਆਂ ਹਨ।