ਸ਼ਾਨਦਾਰ ਸੇਵਾਵਾਂ ਬਦਲੇ ਡੀ.ਜੀ.ਪੀ ਡਿਸਕ ਤੇ ਪ੍ਰਮਾਣ ਪੱਤਰਾਂ ਨਾਲ ਸਨਮਾਨ
ਪਟਿਆਲਾ, 20 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਦਿਨਕਰ ਗੁਪਤਾ ਨੇ ਅੱਜ ਪਟਿਆਲਾ ਪੁਲਿਸ ਨੂੰ ਸ਼ਾਬਾਸ਼ੀ ਦਿੰਦਿਆਂ
ਪੁਲਿਸ ਦੇ ਵੱਖ-ਵੱਖ ਅਹੁਦਿਆਂ `ਤੇ ਸੇਵਾ ਨਿਭਾਅ ਰਹੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਡੀ.ਜੀ.ਪੀ ਡਿਸਕਾਂ ਅਤੇ ਪ੍ਰਮਾਣ ਪੱਤਰਾਂ ਨਾਲ ਸਨਮਾਨਿਤ ਕੀਤਾ।
ਇੱਥੇ ਪੁਲਿਸ ਲਾਇਨ ਵਿਖੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਡੀ.ਜੀ.ਪੀ ਦਿਨਕਰ ਗੁਪਤਾ ਨੇ ਕਿਹਾ ਕਿ ਪੰਜਾਬ ਪੁਲਿਸ ਵਲੋਂ ਵਿਸ਼ਵ ਵਿਆਪੀ ਮਹਾਂਮਾਰੀ ਕੋਰੋਨਾ ਦੇ ਸੰਕਟ ਦੌਰਾਨ ਅਨੁਸ਼ਾਸਨ `ਚ ਰਹਿ ਕੇ ਲਾਮਿਸਾਲ ਕਾਰਜ਼ ਕਰਨ ਕਰਕੇ ਪੁਲਿਸ ਦਾ ਇੱਕ ਨਵਾਂ ਚਿਹਰਾ ਸਾਹਮਣੇ ਆਇਆ ਹੈ।ਉਨ੍ਹਾਂ ਕਿਹਾ ਕਿ ਇਸ ਲਈ ਪੰਜਾਬ ਪੁਲਿਸ ਦੀ ਪੰਜਾਬ ਤੋਂ ਇਲਾਵਾ ਦੇਸ਼ ਅਤੇ ਵਿਦੇਸ਼ਾਂ `ਚ ਵੀ ਸ਼ਲਾਘਾ ਹੋਈ, ਜਿਸ ਲਈ ਉਨ੍ਹਾਂ ਨੂੰ ਫ਼ਖ਼ਰ ਹੈ।
ਆਈ.ਜੀ ਪਟਿਆਲਾ ਰੇਂਜ ਜਤਿੰਦਰ ਸਿੰਘ ਔਲਖ ਨੇ ਡੀ.ਜੀ.ਪੀ ਗੁਪਤਾ ਦਾ ਸਵਾਗਤ ਕੀਤਾ ਅਤੇ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਨੇ ਗੁਪਤਾ ਦਾ ਪਟਿਆਲਾ ਪੁਲਿਸ ਦੀ ਹੌਂਸਲਾ ਅਫ਼ਜਾਈ ਲਈ ਧੰਨਵਾਦ ਕੀਤਾ। ਡੀ.ਜੀ.ਪੀ ਦਿਨਕਰ ਗੁਪਤਾ ਨੇ ਪੁਲਿਸ ਲਾਇਨ ਵਿਖੇ ਹਸਪਤਾਲ ਦਾ ਦੌਰਾ ਕਰਦਿਆਂ ਇਥੇ ਸਥਾਪਿਤ ਡੈਂਟਲ ਚੇਅਰ, ਆਈ ਟੈਸਟਿੰਗ, ਕ੍ਰਿਟੀਕਲ ਕੇਅਰ ਮੋਨੀਟਰ ਦੀ ਵਿਸ਼ੇਸ਼ ਸ਼ਲਾਘਾ ਕਰਦਿਆਂ ਪਟਿਆਲਾ ਮਾਡਲ ਨੂੰ ਸਾਰੇ ਪੰਜਾਬ `ਚ ਲਾਗੂ ਕਰਨ ਦੀ ਗੱਲ ਆਖੀ।
ਇਸ ਤੋਂ ਪਹਿਲਾਂ ਆਪਣੇ ਸੰਬੋਧਨ `ਚ ਗੁਪਤਾ ਨੇ ਪਟਿਆਲਾ ਪੁਲਿਸ ਦਾ ਮਨੋਬਲ ਵਧਾਉਂਦਿਆਂ ਕਿਹਾ ਕਿ ਸਰਹੱਦੀ ਸੂਬੇ ਪੰਜਾਬ ਦੀ ਪੁਲਿਸ ਨੇ ਅੱਤਵਾਦ ਸਮੇਤ ਸਖ਼ਤ ਤੋਂ ਸਖ਼ਤ ਚੁਣੌਤੀਆਂ ਦਾ ਹਮੇਸ਼ਾਂ ਡਟ ਕੇ ਸਾਹਮਣਾ ਕੀਤਾ ਹੈ ਅਤੇ ਇਸੇ ਤਰਜ `ਤੇ ਹੁਣ ਕੋਰੋਨਾ ਵਾਇਰਸ ਦੇ ਨਿਵੇਕਲੇ ਵਿਸ਼ਵ ਵਿਆਪੀ ਸੰਕਟ `ਚ ਵੀ ਆਪਣੀ ਡਿਊਟੀ ਦੇ ਨਾਲ-ਨਾਲ ਫਰੰਟ ਲਾਇਨ ਯੋਧੇ ਬਣਕੇ ਅਤੇ ਆਪਣੀ ਜਾਨ ਜੋਖ਼ਮ `ਚ ਪਾ ਕੇ ਲੋੜਵੰਦਾਂ ਦੀ ਮਦਦ ਕਰਕੇ ਵੱਡੀ ਸੇਵਾ ਨਿਭਾਈ ਹੈ।
ਡੀ.ਜੀ.ਪੀ ਗੁਪਤਾ ਨੇ ਐਸ.ਆਈ ਹਰਜੀਤ ਸਿੰਘ ਦੇ ਹੱਥ ਕੱਟੇ ਜਾਣ ਦੀ ਘਟਨਾ ਦਾ ਜਿਕਰ ਕਰਦਿਆਂ ਕਿਹਾ ਕਿ ਪੁਲਿਸ ਨੇ ਸਮਾਜ ਦੇ 85 ਫੀਸਦੀ ਚੰਗੇ ਲੋਕਾਂ ਨਾਲ ਬਿਹਤਰ ਢੰਗ ਨਾਲ ਵਿਚਰਨਾ ਹੈ ਅਤੇ ਕੁੱਝ ਫੀਸਦੀ ਮਾੜੇ ਅਨਸਰਾਂ ਨਾਲ ਕਾਨੂੰਨ ਦੇ ਦਾਇਰੇ `ਚ ਰਹਿ ਕੇ ਸਿੱਝਣਾ ਹੈ।
ਇਸ ਤੋਂ ਬਾਅਦ ਡੀ.ਜੀ.ਪੀ ਨੇ ਪਟਿਆਲਾ ਪੁਲਿਸ ਦੇ 4 ਐਸ.ਪੀ, 2 ਡੀ.ਐਸ.ਪੀ, ਪੁਲਿਸ ਲਾਇਨ ਦੇ ਡਾਕਟਰ ਸਮੇਤ 3 ਇੰਸਪੈਕਟਰ, 10 ਸਬ ਇੰਸਪੈਕਟਰ, 6 ਏ.ਐਸ.ਆਈ, 5 ਹੌਲਦਾਰ, 6 ਸਿਪਾਹੀ ਅਤੇ ਮਾਰਕੀਟ ਕਮੇਟੀ ਮੁਲਾਜਮ ਦਾ ਡੀ.ਜੀ.ਪੀ ਕਮੈਂਡੇਸ਼ਨ ਡਿਸਕ ਤੇ ਪ੍ਰਮਾਣ ਪੱਤਰਾਂ ਨਾਲ ਸਨਮਾਨ ਕੀਤਾ।
ਇਨ੍ਹਾਂ `ਚ ਐਸ.ਪੀ ਸਿਟੀ ਵਰੁਣ ਸ਼ਰਮਾ, ਐਸ.ਪੀ ਸਥਾਨਕ ਨਵਨੀਤ ਸਿੰਘ ਬੈਂਸ, ਐਸ.ਪੀ ਜਾਂਚ ਹਰਮੀਤ ਸਿੰਘ ਹੁੰਦਲ, ਐਸ.ਪੀ ਟ੍ਰੈਫਿਕ ਪਲਵਿੰਦਰ ਸਿੰਘ ਚੀਮਾ, ਡੀ.ਐਸ.ਪੀ ਸਿਟੀ-1 ਯੋਗੇਸ਼ ਸ਼ਰਮਾ, ਡੀ.ਐਸ.ਪੀ ਦਿਹਾਤੀ ਅਜੈਪਾਲ ਸਿੰਘ, ਪੁਲਿਸ ਲਾਇਨ ਹਸਪਤਾਲ ਦੇ ਮੈਡੀਕਲ ਅਫ਼ਸਰ ਡਾ. ਸਜੀਲਾ ਖਾਨ, ਇੰਸਪੈਕਟਰ ਐਸ.ਐਚ.ਓ ਕੋਤਵਾਲੀ ਸੁਖਦੇਵ ਸਿੰਘ, ਐਸ.ਐਚ.ਓ ਸਦਰ ਪਟਿਆਲਾ ਇੰਸਪੈਕਟਰ ਬਿੱਕਰ ਸਿੰਘ, ਇੰਚਾਰਜ਼ ਸਕਿਉਰਟੀ ਡੀ.ਪੀ.ਓ ਇੰਸਪੈਕਟਰ ਕਰਨੈਲ ਸਿੰਘ ਸ਼ਾਮਲ ਸਨ।
ਇਸ ਤੋਂ ਇਲਾਵਾ ਐਸ.ਐਚ.ਓ ਤ੍ਰਿਪੜੀ ਐਸ.ਆਈ ਹਰਜਿੰਦਰ ਸਿੰਘ, ਰੀਡਰ ਐਸ.ਐਸ.ਪੀ ਐਸ.ਆਈ ਸੁਖਵਿੰਦਰ ਸਿੰਘ, ਰੀਡਰ ਆਈ.ਜੀ ਐਸ.ਆਈ. ਪ੍ਰਿਤਪਾਲ ਸਿੰਘ, ਇੰਚਾਰਜ ਡੀਸੀਆਰਬੀ ਐਸ.ਆਈ. ਸਾਹਿਬ ਸਿੰਘ, ਇੰਚਾਰਜ ਸੀਆਰਪੀਸੀ ਐਸ.ਆਈ. ਸੁਖਵਿੰਦਰ ਕੌਰ, ਇੰਚਾਰਜ ਸਾਇਬਰ ਸੈਲ ਐਸ.ਆਈ ਤਰਨਦੀਪ ਕੌਰ, ਇੰਚਾਰਚ ਚੌਂਕੀ ਅਫ਼ਸਰ ਕਲੋਨੀ ਐਸ.ਆਈ ਪ੍ਰਿਯਾਂਸ਼ੂ ਸਿੰਘ, ਓ.ਐਸ.ਆਈ ਐਸ.ਆਈ ਸੁਖਦੇਵ ਸਿੰਘ, ਇੰਚਾਰਜ ਸੀ.ਸੀ.ਟੀ.ਐਨ ਐਸ ਐਸ.ਆਈ ਪ੍ਰਿਤਪਾਲ ਸਿੰਘ, ਲਾਇਨ ਅਫ਼ਸਰ ਐਸ.ਆਈ ਕੁਲਵਿੰਦਰ ਸਿੰਘ ਅਤੇ ਮਾਰਕੀਟ ਕਮੇਟੀ ਦੇ ਮੁਲਾਜਮ ਯਾਦਵਿੰਦਰ ਸਿੰਘ ਸਮੇਤ ਹੋਰ ਮੁਲਾਜਮ ਵੀ ਸ਼ਾਮਲ ਸਨ।
Punjab Post Daily Online Newspaper & Print Media