24 ਰੇਲ ਗੱਡੀਆਂ ਰਾਹੀਂ ਹੁਣ ਤੱਕ 27 ਹਜ਼ਾਰ ਲੋਕ ਦੂਸਰੇ ਰਾਜਾਂ ਨੂੰ ਭੇਜੇ – ਕੁਮਾਰ ਅਮਿਤ
ਪਟਿਆਲਾ, 24 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿੱਚ ਵੱਖ-ਵੱਖ ਕੰਮ ਧੰਦਿਆਂ `ਚ ਲੱਗੇ ਪ੍ਰਵਾਸੀ ਮਜ਼ਦੂਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਸਮੇਤ ਦੂਸਰੇ ਰਾਜਾਂ ਦੇ

ਹੋਰਨਾਂ ਵਸਨੀਕਾਂ ਨੂੰ ਉਨ੍ਹਾਂ ਦੇ ਪਿੱਤਰੀ ਸੂਬਿਆਂ ‘ਚ ਛੱਡਣ ਲਈ ਅੱਜ ਪੰਜਾਬ ਦੀ 300ਵੀਂ ਰੇਲ ਗੱਡੀ ਉਤਰ ਪ੍ਰਦੇਸ਼ ਦੇ ਬਰੇਲੀ ਤੇ ਹਰਦੋਈ ਜ਼ਿਲ੍ਹੇ ਦੇ ਵਸਨੀਕਾਂ ਨੂੰ ਲੈ ਕੇ ਰਵਾਨਾ ਹੋਈ।ਇਸ ਰੇਲ ਨੂੰ ਰਵਾਨਾ ਕਰਨ ਸਮੇਂ ਡਿਪਟੀ ਕਮਿਸ਼ਨਰ ਕੁਮਾਰ ਅਤੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਵੀ ਮੌਜੂਦ ਸਨ।ਜਦੋਂਕਿ ਦੇਰ ਰਾਤ ਬਿਹਾਰ ਦੇ ਸਹਰਸਾ ਜ਼ਿਲੇ ਦੇ ਕਰੀਬ 1600 ਵਸਨੀਕਾਂ ਨੂੰ ਲੈ ਕੇ ਵੀ ਇੱਕ ਰੇਲ ਗੱਡੀ ਰਵਾਨਾ ਹੋਵੇਗੀ।
ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਪਟਿਆਲਾ ਤੋਂ 5 ਮਈ 2020 ਤੋਂ ਅੱਜ ਤੱਕ 24 ਰੇਲਾਂ ਰਾਹੀਂ ਹੁਣ ਤੱਕ 27 ਹਜ਼ਾਰ ਤੋਂ ਵਧੇਰੇ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਰਾਜਾਂ ਲਈ ਭੇਜਿਆ ਜਾ ਚੁੱਕਾ ਹੈ।ਜਦੋਂਕਿ ਲੁਧਿਆਣਾ, ਜਲੰਧਰ, ਐਸ.ਏ.ਐਸ ਨਗਰ, ਸ੍ਰੀ ਅੰਮ੍ਰਿਤਸਰ ਸਾਹਿਬ, ਫ਼ਿਰੋਜ਼ਪੁਰ, ਸਰਹਿੰਦ ਅਤੇ ਬਠਿੰਡਾ ਤੋਂ ਵੀ ਰੋਜ਼ਾਨਾ ਰੇਲਾਂ ਰਵਾਨਾ ਹੋ ਰਹੀਆਂ ਹਨ ਅਤੇ ਹੁਣ ਤੱਕ ਕਰੀਬ 3 ਲੱਖ 70 ਹਜ਼ਾਰ ਦੇ ਕਰੀਬ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਸੂਬਿਆਂ `ਚ ਭੇਜਿਆ ਜਾ ਚੁੱਕਾ ਹੈ।ਯਾਤਰੀਆਂ ਨੂੰ ਰਵਾਨਾ ਕਰਨ ਸਮੇਂ ਇਨ੍ਹਾਂ ਦੀ ਮੈਡੀਕਲ ਸਕਰੀਨਿੰਗ ਸਮੇਤ ਮੁਫ਼ਤ ਖਾਣਾ, ਪਾਣੀ ਅਤੇ ਟਿਕਟਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਯੂ.ਪੀ ਦੇ ਬਰੇਲੀ-ਹਰਦੋਈ ਜ਼ਿਲ੍ਹੇ ਨੂੰ ਜਾਣ ਵਾਲੀ ਇਸ ਰੇਲ ਗੱਡੀ ਵਿੱਚ ਸਵਾਰ 1380 ਤੋਂ ਵਧੇਰੇ ਯਾਤਰੀਆਂ ਨੇ ਪੰਜਾਬ ਸਰਕਾਰ ਵਲੋਂ ਸੰਕਟ ਦੀ ਘੜੀ ਉਨ੍ਹਾਂ ਦੀ ਕੀਤੀ ਗਈ ਮਦਦ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਜਿਆਦਾਤਰ ਲੋਕ ਹੁਣ ਜਾਣਾ ਨਹੀਂ ਚਾਹੁੰਦੇ, ਕਿਉਂਕਿ ਪਟਿਆਲਾ ਜ਼ਿਲ੍ਹੇ ਅੰਦਰ ਸਨਅਤਾਂ ਮੁੜ ਤੋਂ ਚੱਲ ਪਈਆਂ ਹਨ ਅਤੇ ਲੋਕਾਂ ਨੂੰ ਮੁੜ ਤੋਂ ਰੋਜ਼ਗਾਰ ਨਾਲ ਜੁੜਨ ਦਾ ਮੌਕਾ ਮਿਲ ਰਿਹਾ ਹੈ।ਇਸ ਦੌਰਾਨ ਐਸ.ਡੀ.ਐਮ ਚਰਨਜੀਤ ਸਿੰਘ, ਸਹਾਇਕ ਕਮਿਸ਼ਨਰ ਡਾ. ਇਸਮਤ ਵਿਜੇ ਸਿੰਘ ਤੇ ਜਗਨੂਰ ਸਿੰਘ, ਸਟੇਸ਼ਨ ਸੁਪਰਡੈਂਟ ਅਜੀਤ ਸਿੰਘ ਚੀਮਾ ਅਤੇ ਚੀਫ਼ ਟਿਕਟ ਇੰਸਪੈਕਟਰ ਭਲਿੰਦਰ ਸਿੰਘ ਗਰੇਵਾਲ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।
Punjab Post Daily Online Newspaper & Print Media