Saturday, April 25, 2026

ਔਜਲਾ ਨੇ ਪਿੰਡ ਜਹਾਂਗੀਰ ਪਹੁੰਚ ਕੇ ਕਰਵਾਈ ਝੋਨੇ ਦੀ ਸਿੱਧੀ ਬਿਜ਼ਾਈ

ਕਿਸਾਨ ਥੋੜੇ-ਥੋੜੇ ਰਕਬੇ ‘ਚ ਸਿੱਧੀ ਬਿਜ਼ਾਈ ਦਾ ਤਜ਼ਰਬਾ ਜ਼ਰੂਰ ਕਰਨ – ਔਜਲਾ

ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਪਿੰਡ ਜਹਾਂਗੀਰ ‘ਚ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜ਼ਾਈ ਬਾਰੇ ਜਾਣਕਾਰੀ ਦੇਣ ਲਈ ਲਗਾਏ ਗਏ ਕੈਂਪ ਵਿੱਚ ਵਿਸ਼ੇਸ਼ ਤੌਰ ‘ਤੇ ਪੁੱਜੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪਾਣੀ ਦੀ ਬੱਚਤ ਲਈ ਵੱਡੇ ਕਿਸਾਨਾਂ ਨੂੰ ਅਜਿਹੇ ਤਜ਼ਰਬੇ ਕਰਨ ਲਈ ਪ੍ਰੇਰਦਿਆਂ ਕਿਹਾ ਸ਼ੁਰੂ ‘ਚ ਥੋੜੇ-ਥੋੜੇ ਰਕਬੇ ‘ਤੇ ਕੀਤਾ ਗਿਆ ਤਜ਼ਰਬਾ ਆਉਣ ਵਾਲੀਆਂ ਪੀੜੀਆਂ ਲਈ ਮਾਰਗ ਦਰਸ਼ਕ ਬਣ ਸਕਦਾ ਹੈ।
ਉਨਾਂ ਕਿਹਾ ਕਿ ਸੇਵਾ ਮੁਕਤ ਖੇਤੀਬਾੜੀ ਅਧਿਕਾਰੀ ਡਾ. ਦਲੇਰ ਸਿੰਘ ਨੇ ਇਸ ਮੁੱਦੇ ‘ਤੇ ਲੰਮਾ ਸਮਾਂ ਕੰਮ ਕੀਤਾ ਹੈ ਅਤੇ ਉਨਾਂ ਦੀ ਖਜ਼ ਸਿੱਧ ਕਰਦੀ ਹੈ ਕਿ ਜੇਕਰ ਵੱਟਾਂ ‘ਤੇ ਝੋਨੇ ਦੀ ਬਿਜ਼ਾਈ ਕੀਤੀ ਜਾਵੇ ਤਾਂ ਝਾੜ ਵੀ ਨਹੀਂ ਘਟਦਾ ਤੇ ਪਾਣੀ ਦੀ ਬੱਚਤ ਵੀ 41 ਫੀਸਦੀ ਤੱਕ ਹੁੰਦੀ ਹੈ।ਔਜਲਾ ਨੇ ਕਿਹਾ ਕਿ ਕਣਕ-ਝੋਨੇ ਦਾ ਫਸਲੀ ਚੱਕਰ ਕੇਵਲ ਕਿਸਾਨ ਦੀ ਲੋੜ ਨਹੀਂ, ਬਲਕਿ ਸਾਡੇ ਦੇਸ਼ ਦੇ ਅਨਾਜ ਭੰਡਾਰ ਭਰਨ ਲਈ ਵੀ ਜ਼ਰੂਰੀ ਹੈ।ਜਿਸ ਬਾਰੇ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ।ਉਨਾਂ ਵੱਡੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਵਲੋਂ ਸਿਫਾਰਸ਼ ਕੀਤੀਆਂ ਨਵੀਆਂ ਵਿਧੀਆਂ ਰਾਹੀਂ ਥੋੜੇ-ਥੋੜੇ ਰਕਬੇ ਉਤੇ ਝੋਨੇ ਦੀ ਸਿੱਧੀ ਬਿਜ਼ਾਈ ਜ਼ਰੂਰ ਕਰਨ।ਔਜਲਾ ਇਸ ਮਗਰੋਂ ਕ੍ਰਿਸ਼ੀ ਵਿਗਿਆਨ ਕੇਂਦਰ ਵੀ ਗਏ ਅਤੇ ਮਾਹਿਰਾਂ ਨਾਲ ਖੇਤੀ ਖੋਜ ਬਾਰੇ ਵਿਸਥਾਰ ‘ਚ ਚਰਚਾ ਕੀਤੀ।
ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜ਼ਾਈ ਬਾਰੇ ਜਾਣਕਾਰੀ ਅਤੇ ਪ੍ਰੈਕਟੀਕਲ ਸਿੱਖਿਆ ਦੇਣ ਲਈ ਕੈਂਪ ਲਗਾਇਆ ਸੀ, ਜਿਸ ਵਿਚ 150 ਦੇ ਕਰੀਬ ਕਿਸਾਨਾਂ ਨੂੰ ਡਾ. ਦਲੇਰ ਸਿੰਘ ਨੇ ਸਿੱਧੀ ਬਿਜ਼ਾਈ ਬਾਰੇ ਜਾਣਕਾਰੀ ਦਿੱਤੀ ਗਈ।
               ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਗੁਰਦਿਆਲ ਸਿੰਘ ਬੱਲ, ਡਾ. ਅਵਤਾਰ ਸਿੰਘ ਬੁੱਟਰ, ਡਾ. ਸੁਖਰਾਜ ਸਿੰਘ, ਡਾ. ਅਮਰਜੀਤ ਸਿੰਘ, ਡਾ. ਸੁਖਮਿੰਦਰ ਸਿੰਘ, ਡਾ. ਰਮਿੰਦਰ ਕੌਰ, ਪ੍ਰਦੀਪ ਸਿੰਘ, ਸਰਪੰਚ ਅਮਰੀਕ ਸਿੰਘ ਜਹਾਂਗੀਰ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …