Thursday, August 27, 2026

ਇਕ ਲੱਖ ਰੁਪਏ ਤੱਕ ਪਸ਼ੂਆਂ ਦੇ ਸ਼ੈਡ ਬਣਾਉਣ ਲਈ 100 ਫੀਸਦੀ ਸਹਾਇਤਾ ਦੇਵੇਗੀ ਸਰਕਾਰ

ਸਰਕਾਰ ਨੇ ਕਿਸਾਨਾਂ ਵੱਲੋਂ 40 ਫੀਸਦੀ ਯੋਗਦਾਨ ਦੇਣ ਦੀ ਸ਼ਰਤ ਹਟਾਈ – ਭੁੱਲਰ

ਕਪੂਰਥਲਾ, 27 ਮਈ (ਪੰਜਾਬ ਪੋਸਟ ਬਿਉਰੋ) – ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਸ਼ਵ ਵਿਆਪੀ ਅਸਰ ਕਾਰਨ ਅਰਥਚਾਰੇ ’ਤੇ ਪਏ ਮਾੜੇ ਪ੍ਰਭਾਵ ਤੋਂ ਪੰਜਾਬ ਦੇ ਕਿਸਾਨਾਂ ਨੂੰ ਰਾਹਤ ਦੇਣ ਦੇ ਮਕਸਦ ਨਾਲ ਪਿੰਡਾਂ ਦੇ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਸਹਾਇਕ ਧੰਦਿਆਂ ਲਈ ਪ੍ਰੇਰਿਤ ਕਰਨ ਲਈ ਉਨ੍ਹਾਂ ਨੂੰ ਪਸ਼ੂਆਂ ਦੇ ਸ਼ੈਡ ਬਣਾ ਕੇ ਦੇਣ ਦੀ ਇਕ ਵਿਆਪਕ ਯੋਜਨਾ ਤਿਆਰ ਕੀਤੀ ਗਈ ਹੈ।ਜਿਸ ਤਹਿਤ 4 ਤੋਂ 6 ਪਸ਼ੂਆਂ ਜਾਂ ਬੱਕਰੀਆਂ ਤੇ ਸੂਰ ਪਾਲਣ ਲਈ ਇਕ ਲੱਖ ਰੁਪਏ ਤੱਕ ਦੇ ਸ਼ੈਡ ਦੀ ਉਸਾਰੀ ਲਈ ਮਨਰੇਗਾ ਦੇ ਜਾਬ ਕਾਰਡ ਹੋਲਡਰਾਂ, ਪਿੰਡਾਂ ਵਿੱਚ ਰਹਿਣ ਵਾਲੇ ਔਰਤ ਮੁਖੀ ਪਰਿਵਾਰਾਂ, ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਦੇ ਲਾਭਪਾਤਰੀਆ ਅਤੇ ਐਸ.ਸੀ ਪਰਿਵਾਰਾਂ ਨੂੰ ਇਸ ਯੋਜਨਾ ਦਾ ਲਾਭ ਦਿੱਤਾ ਜਾ ਰਿਹਾ ਹੈ।
               ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿਘ ਬਾਜਵਾ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਖੇਤੀ ਵਿਭਿੰਨਤਾ ਲਿਆਉਣ ਦੀ ਯੋਜਨਾ ਤਹਿਤ ਪੰਜਾਬ ਦੇ ਸਾਰੇ ਪਿੰਡਾਂ ਨੂੰ ਇਸ ਸਕੀਮ ਤਹਿਤ ਕਵਰ ਕੀਤਾ ਜਾ ਰਿਹਾ ਹੈ।ਕਪੂਰਥਲਾ ਦੇ ਪਿੰਡਾਂ ਜਹਾਂਗੀਰਪੁਰ, ਅਕਬਰਪੁਰ ਤੇ ਖੀਰਾਂਵਾਲੀ ਦਾ ਦੌਰਾ ਕਰਦਿਆਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਸੰਯੁਕਤ ਡਾਇਰੈਕਟਰ ਅਵਤਾਰ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਉਠਾ ਕੇ ਕੋਰੋਨਾ ਵਾਇਰਸ ਦੇ ਅਰਥਚਾਰੇ ’ਤੇ ਪਏ ਮਾੜੇ ਪ੍ਰਭਾਵ ਨੂੰ ਦੂਰ ਕਰਨ ਲਈ ਕਿਸਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਡੇਅਰੀ ਫਾਰਮਿੰਗ ਦੇ ਖੇਤਰ ਵਿਚ ਸੂਬੇ ਨੂੰ ਅੱਗੇ ਲਿਜਾਇਆ ਜਾ ਸਕੇ।
            ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਲਾਭ ਲੈਣ ਲਈ ਸਬੰਧਤ ਪਿੰਡ ਦੇ ਸਰਪੰਚ, ਇਲਾਕੇ ਦੇ ਬੀ.ਡੀ.ਪੀ.ਓ ਜਾਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਇਸ ਸਕੀਮ ਤਹਿਤ ਵੱਧ ਤੋਂ ਵੱਧ ਕਿਸਾਨਾਂ ਨੂੰ ਫਾਇਦਾ ਦੇਣ ਲਈ ਸਰਕਾਰ ਵੱਲੋਂ ਕਿਸਾਨ ਦੇ 40 ਫੀਸਦੀ ਯੋਗਦਾਨ ਦੀ ਸ਼ਰਤ ਹਟਾ ਦਿੱਤੀ ਗਈ ਹੈ ਅਤੇ ਹੁਣ ਸ਼ੈਡ ਦਾ 100 ਫੀਸਦੀ ਖ਼ਰਚਾ ਸਰਕਾਰ ਵੱਲੋਂ ਦਿੱਤਾ ਜਾਵੇਗਾ।
             ਇਸ ਮੌਕੇ ਬੀ.ਡੀ.ਪੀ.ਓ ਕਪੂਰਥਲਾ ਅਮਰਜੀਤ ਸਿੰਘ, ਏ.ਪੀ.ਓ ਵਿਸ਼ਾਲ ਅਰੋੜਾ, ਆਈ.ਟੀ ਮੈਨੇਜਰ ਰਾਜੇਸ਼ ਰਾਏ ਅਤੇ ਹੋਰ ਹਾਜ਼ਰ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …