ਡਾ. ਰਮੇਸ਼ ਪੋਖਿਰਿਆਲ ਦੇ ਸੰਵਾਦ ਪ੍ਰੋਗਰਾਮ ਨਾਲ ਉਚੇਰੀ ਸਿਖਿਆ ਨੂੰ ਮਿਲੇਗੀ ਨਵੀਂ ਦਿਸ਼ਾ- ਪ੍ਰੋ. ਸੰਧੂ
ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ – ਖੁਰਮਣੀਆਂ) – ਭਾਰਤ ਸਰਕਾਰ ਦੇ ਮਨੁੱਖੀ ਸਰੋਤ ਤੇ ਵਿਕਾਸ ਮੰਤਰੀ, ਡਾ. ਰਮੇਸ਼ ਪੋਖਿਰਿਆਲ ਨਿਸ਼ਾਂਕ ਵੱਲੋਂ
ਆਨਲਾਈਨ ਹੋ ਕੇ ਦੇਸ਼ ਦੀਆਂ 45000 ਤੋਂ ਵੱਧ ਵਿਦਿਅਕ ਸੰਸਥਾਵਾਂ ਨਾਲ ਰਚਾਏ ਗਏ ਸੰਵਾਦ ਨੂੰ ਉਚੇਰੀ ਸਿਖਿਆ ਦੇ ਖੇਤਰ ਵਿਚ ਨਵੀਂ ਦਿਸ਼ਾ ਲੈ ਕੇ ਆਉਣ ਵਾਲਾ ਕਰਾਰ ਦਿੰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਦੱਸੇ ਗਏ ਰਸਤੇ `ਤੇ ਚੱਲ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵੀ ਮੌਜੂਦਾ ਔਖੇ ਹਲਾਤਾਂ ਦੇ ਬਾਵਜੂਦ ਉਚੇਰੀ ਸਿਖਿਆ ਦੇ ਖੇਤਰ ਵਿਚ ਬੁਲੰਦੀਆਂ `ਤੇ ਲਿਜਾਇਆ ਜਾਵੇਗਾ।
ਵਾਈਸ ਚਾਂਸਲਰ ਨੇ ਕਿਹਾ ਕਿ ਯੂ.ਜੀ.ਸੀ ਅਤੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਉਚੇਰੀ ਸਿਖਿਆ ਦੇ ਖੇਤਰ ਵਿਚ ਜੋ ਵੀ ਕਦਮ ਪੁੱਟੇ ਗਏ ਹਨ ਦੇ ਨਾਲ ਵਿਦਿਆਰਥੀ ਅਤੇ ਅਧਿਆਂਪਕਾਂ ਦੇ ਆਪਸੀ ਰਿਸ਼ਤੇ ਦਾ ਸੰਤੁਲਨ ਬਰਕਰਾਰ ਰਿਹਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਲਟੀਮੀਡੀਆ ਰੂਮ ਵਿਚ ਕੇਂਦਰੀ ਮੰਤਰੀ ਦੇ ਨਾਲ ਸੰਵਾਦ ਮੌਕੇ ਡੀਨ ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ, ਡੀਨ ਵਿਦਿਆਰਥੀ ਭਲਾਈ, ਪ੍ਰੋ. ਹਰਦੀਪ ਸਿੰਘ, ਪ੍ਰੋ. ਇੰਚਾਰਜ ਪ੍ਰੀਖਿਆਂਵਾਂ ਪ੍ਰੋ. ਮਨੋਜ ਕੁਮਾਰ; ਡੀਨ ਕਾਲਜ ਵਿਕਾਸ ਕੌਂਸਲ ਪ੍ਰੋ. ਟੀ.ਐਸ. ਬੇਨੀਪਾਲ, ਪ੍ਰੋ. ਇੰਚਾਰਜ ਵਿਤ ਤੇ ਵਿਕਾਸ ਪ੍ਰੋ. ਬਲਵਿੰਦਰ ਸਿੰਘ; ਡਾਇਰੈਕਟਰ ਆਈ.ਕਿਊ.ਏ.ਸੀ ਪ੍ਰੋ. ਰੇਣੂ ਭਾਰਦਵਾਜ ਤੋਂ ਇਲਾਵਾ ਹੋਰ ਯੂਨੀਵਰਸਿਟੀ ਅਧਿਕਾਰੀ ਮੌਜੂਦ ਸਨ।ਇਸ ਮੌਕੇ ਸਮਾਜਿਕ ਦੂਰੀ ਅਤੇ ਹੋਰ ਕੋਵਿਡ 19 ਸਬੰਧੀ ਨਿਯਮਾਂ ਦੀ ਪਾਲਣਾ ਕੀਤੀ ਗਈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਲਜਾਂ ਦੇ ਪ੍ਰਿੰਸੀਪਲ, ਵਿਭਾਗ ਦੇ ਮੁਖੀ, ਅਧਿਆਪਕ ਅਤੇ ਵੱਖ ਵੱਖ ਅਧਿਕਾਰੀ ਵੀ ਆਨਲਾਈਨ ਇਸ ਸੰਵਾਦ ਦਾ ਹਿੱਸਾ ਸਨ।
ਤਕਰੀਬਨ ਤਿੰਨ ਵਜੇ ਸ਼ੁਰੂ ਹੋਏ ਨੈਕ ਵੱਲੋਂ ਕੋਵਿਡ 19 ਮਹਾਂਮਾਰੀ ਦੇ ਚਣੌਤੀਪੂਰਨ ਹਲਾਤਾਂ ਵਿਚੋਂ ਉਚੇਰੀ ਸਿਖਿਆ ਦੇ ਖੇਤਰ ਵਿਚ ਮੌਕਿਆਂ ਦੀ ਤਲਾਸ਼ ਵਿਸ਼ੇ `ਤੇ ਆਯੋਜਤ ਇਸ ਸੰਵਾਦ ਦੇ ਦੌਰਾਨ ਕੇਂਦਰੀ ਮੰਤਰੀ ਡਾ. ਨਿਸ਼ਾਂਕ ਵੱਲੋਂ ਕੋਵਿਡ 19 ਮਹਾਂਮਾਰੀ ਦੇ ਸੰਵੇਦਨਸ਼ੀਲ ਹਲਾਤਾਂ ਦੌਰਾਨ ਦੇਸ਼ ਭਰ ਵਿਚ ਪੈਦਾ ਹੋਏ ਉਨ੍ਹਾਂ ਸਾਰਿਆਂ ਮੁੱਦਿਆਂ ਨੂੰ ਉਭਾਰਿਆ ਜਿਨ੍ਹਾਂ `ਤੇ ਚਰਚਾ ਚੱਲ ਰਹੀ ਸੀ।ਉਨ੍ਹਾਂ ਨੇ ਭਵਿੱਖਮੁਖੀ ਯੋਜਨਾਵਾਂ ਨੂੰ ਵੀ ਛੂਹਿਆ ਅਤੇ ਕਿਹਾ ਕਿ ਦੇਸ਼ ਦੀਆਂ ਸੌ ਯੂਨੀਵਰਸਿਟੀਆਂ ਵਿਚ ਆਨਲਾਈਨ ਸਿਖਿਆ ਨੂੰ ਪ੍ਰਫੁਲਿਤ ਕਰਨ ਦੇ ਲਈ ਜੋਰ ਦਿੱਤਾ ਜਾਵੇਗਾ। ਉਨ੍ਹਾਂ ਇਹ ਇਸ਼ਾਰਾ ਕੀਤਾ ਕਿ ਇਸ ਦੇ ਲਈ ਯੂ.ਜੀ.ਸੀ ਵੱਲੋਂ ਮਾਪਦੰਡ ਤੈਅ ਕੀਤੇ ਜਾਣਗੇ ਜਿਨ੍ਹਾਂ ਦੇ ਵਿਚ ਦੇਸ਼ ਦੀਆਂ ਇਹ ਯੂਨੀਵਰਸਿਟੀਆਂ ਸ਼ਾਮਿਲ ਹੋਣਗੀਆਂ। ਉਹ ਇਸ ਸਮੇਂ ਵਿਦਿਆਰਥੀਆਂ ਅਤੇ ਵੱਖ ਵੱਖ ਵਿਭਾਗਾਂ ਦਾ ਧੰਨਵਾਦ ਕਰਨਾ ਨਹੀਂ ਭੁੱਲੇ ਜਿਨ੍ਹਾਂ ਨੇ ਲਾਕਡਾਊਨ ਦੌਰਾਨ ਉਚੇਰੀ ਸਿਖਿਆ ਦੇ ਖੇਤਰ ਵਧੀਆ ਕੰਮ ਕਰਕੇ ਚੁਣੌਤੀਆਂ ਵਿਚੋਂ ਮੌਕਿਆਂ ਦੀ ਤਲਾਸ਼ ਕੀਤੀ ਹੈ।
ਉਨ੍ਹਾਂ ਨੇ ਅੱਜ ਨੈਕ ਵੱਲੋਂ ਆਯੋਜਨ ਕੀਤੇ ਗਏ ਸੰਵਾਦ ਨੂੰ ਵੀ ਉਚੇਰੀ ਸਿਖਿਆ ਦੇ ਖੇਤਰ ਵਿਚ ਇਤਿਹਾਸਕ ਪਲ ਦੱਸਦਿਆਂ ਕਿਹਾ ਕਿ ਦੇਸ਼ ਨੂੰ ਇਕਜੁਟ ਕਰਨ ਤੇ ਇਕ ਪਲੇਟਫਾਰਮ `ਤੇ ਲਿਆਉਣ ਵਿਚ ਨੈਕ ਦਾ ਵੱਡਾ ਰੋਲ ਹੈ।ਇਹ ਇਕ ਬਹੁਤ ਮੁਸ਼ਕਿਲ ਕਾਰਜ ਸੀ ਜਿਸ ਦੇ ਵਿਚ ਦੇਸ਼ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਵਿਦਿਅਕ ਸੰਸਥਾਵਾਂ ਨੂੰ ਇਕ ਦੂਜੇ ਨਾਲ ਜੋੜੀ ਰੱਖਣਾ ਸ਼ਾਮਲ ਸੀ।ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਸਮੇਂ ਬੱਤੀ ਤੋਂ ਵੱਧ ਵੱਖ-ਵੱਖ ਵਿਸ਼ਿਆਂ ਦੇ ਸਿਖਿਆ ਚੈਨਲ ਚੱਲ ਰਹੇ ਹਨ।ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀਆਂ ਤਕ ਇੰਟਰਨੈਟ ਦੀ ਪਹੁੰਚ ਨਹੀਂ ਹੈ ਉਹ ਇਨ੍ਹਾਂ ਚੈਨਲਾਂ ਰਾਹੀਂ ਆਪਣੀ ਪੜ੍ਹਾਈ ਜਾਰੀ ਰੱਖ ਸਕਣਗੇ।
ਵਿਦਿਆਰਥੀਆਂ ਦੀ ਸੁਰੱਖਿਆ ਲਈ ਵਚਨਬੱਧਤਾ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਜਦੋਂ ਅਗਸਤ-ਸਤੰਬਰ ਵਿੱਚ ਇਮਤਿਹਾਨ ਅਤੇ ਨਵੇਂ ਵਿਦਿਅਕ ਸੈਸ਼ਨ ਸ਼ੁਰੂ ਹੋਣਗੇ ਉਨ੍ਹਾਂ ਦੇ ਵਿਚ ਯੂ.ਜੀ.ਸੀ ਨਿਰਦੇਸ਼ਾਂ ਅਨੁਸਾਰ ਨਿਯਮਾਂ ਨੂੰ ਅਮਲ ਵਿਚ ਲਿਆਂਦਾ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਕਰੋਨਾ ਵਾਇਰਸ ਨਾਲ ਪੈਦਾ ਹੋਈਆਂ ਪ੍ਰਸਿਥਤੀਆਂ ਅਤੇ ਚੁਣੌਤੀਆਂ ਵਿਚੋਂ ਜੋ ਨਵੇਂ ਰਸਤੇ ਤਲਾਸ਼ ਕੇ ਸਿਖਿਆ ਨੂੰ ਨਵੀਂ ਦਿਸ਼ਾਂ ਦਿੱਤੀ ਗਈ ਹੈ, ਉਸ ਦੇ ਲਈ ਅਧਿਆਪਕਾਂ ਨੂੰ ਕਰੋਨਾ ਯੋਧੇ ਕਿਹਾ ਜਾਣਾ ਚਾਹੀਦਾ ਹੈ।
ਡੀਨ, ਅਕਾਦਮਿਕ ਮਾਮਲੇ, ਪ੍ਰੋ. ਬਹਿਲ ਅਤੇ ਰਜਿਸਟਰਾਰ ਪ੍ਰੋ. ਕਾਹਲੋਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ, ਯੂ.ਜੀ.ਸੀ ਅਤੇ ਮਨੁੱਖੀ ਸਰੋਤ ਤੇ ਵਿਕਾਸ ਮੰਤਰਾਲੇ ਵੱਲੋਂ ਜਾਰੀ ਨਿਰਦੇਸ਼ਾਂ `ਤੇ ਚਲਦਿਆਂ ਉਚੇਰੀ ਸਿਖਿਆ ਦੇ ਖੇਤਰ ਵਿਚ ਜੋ ਵੀ ਤਬਦੀਲੀਆਂ ਦੀ ਲੋੜ ਹੈ, ਨੂੰ ਅਮਲ ਵਿਚ ਲਿਆਂਦਾ ਜਾਵੇਗਾ।
ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਨੇ ਆਪਣੇ ਸੰਬੋਧਨ ਨੂੰ ਜਾਰੀ ਰੱਖਦਿਆਂ ਕਿਹਾ ਕਿ ਯੂ.ਜੀ.ਸੀ ਵੱਖ-ਵੱਖ ਮੁੱਦਿਆਂ ਨੂੰ ਹੱਲ ਕਰਨ ਲਈ ਨਿਰੰਤਰ ਕੰਮ ਕਰ ਰਹੀ ਹੈ ਜਿਸ ਵਿੱਚ ਵਿਦਿਆਰਥੀਆਂ ਦੀ ਵਿਦਿਅਕ ਅਤੇ ਮਾਨਸਿਕ ਸਿਹਤ ਦੀ ਸੰਤੁਲਿਤਾ ਸ਼ਾਮਲ ਹੈ।ਉਨ੍ਹਾਂ ਕਿਹਾ ਕਿ ਅਧਿਆਪਕਾਂ ਦਾ ਸਭ ਤੋਂ ਵੱਡਾ ਮਿਸ਼ਨ ਪੜ੍ਹਾਉਣਾ ਅਤੇ ਇਕ ਚੰਗੇ ਵਿਦਿਆਰਥੀ ਪੈਦਾ ਕਰਨਾ ਹੈ।ਉਹ ਇਕ ਰਾਸ਼ਟਰ ਨਿਰਮਾਤਾ ਅਤੇ ਦੇਸ਼ ਲਈ ਇਕ ਮਿਸਾਲ ਵੀ ਹੁੁੰਦੇ ਹਨ।ਉਨ੍ਹਾਂ ਅਧਿਆਪਕਾਂ ਅਤੇ ਪ੍ਰੋਫੈਸਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਸਮੇਂ ਵਿਦਿਆਰਥੀਆਂ ਦੀ ਸਹਾਇਤਾ ਲਈ ਅਣਥੱਕ ਮਿਹਨਤ ਕੀਤੀ ਹੈ।ਉਨ੍ਹਾਂ ਯੂਨੀਵਰਸਿਟੀਆਂ ਅਤੇ ਉੱਚ ਸਿੱਖਿਆ ਸੰਸਥਾਵਾਂ ਨੂੰ ਇਹ ਯਕੀਨੀ ਬਣਾਉਣ ਲਈ ਜਿਥੇ ਵਧਾਈ ਦਿੱਤੀ ਉਥੇ ਇਹ ਵੀ ਕਿਹਾ ਕਿ ਇਹ ਸਿਖਲਾਈ ਦਾ ਮਿਆਰ ਕਦੇ ਵੀ ਨੀਵਾਂ ਨਹੀਂ ਹੋਣਾ ਚਾਹੀਦਾ ਅਤੇ ਸਿਲਸਿਲਾ ਚਲਦਾ ਰਹਿਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿਗਿਆਨ ਅਤੇ ਟੈਕਨੋਲੋਜੀ `ਤੇ ਅਧਾਰਿਤ ਹੋਵੇਗੀ, ਜੋ ਕਿ ਭਾਰਤ ਦੀ ਸਭਿਆਚਾਰਕ ਵਿਰਾਸਤ` ਤੇ ਕੇਂਦ੍ਰਤ ਹੋਵੇਗੀ ਅਤੇ ਜਿਸ ਦਾ ਉਦੇਸ਼ ਇਕ ਨਵਾਂ (ਸਵਸਥ, ਸਵੱਛ, ਸਸ਼ਕਤ ਅਤੇ ਸੈਵਨਿਰਭਰ) ਭਾਰਤ ਦਾ ਨਿਰਮਾਣ ਕਰਨਾ ਹੈ।ਉਨ੍ਹਾਂ ਕਿਹਾ ਕਿ ਦੇਸ਼ ਵਿਚ ਖੋਜ ਨੂੰ ਉਤਸ਼ਾਹਤ ਕਰਨ ਲਈ ਇਕ ਨਵਾਂ ਪ੍ਰੋਗਰਾਮ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਮੰਤਰਾਲੇ ਨੇ ਯੂਜੀਸੀ ਅਤੇ ਐਨ.ਸੀ.ਈ.ਆਰ.ਟੀ ਦੇ ਅਧੀਨ ਇੱਕ ਟਾਸਕ ਫੋਰਸ ਦਾ ਗਠਨ ਕੀਤਾ ਹੈ ਜੋ ਵਿਦਿਆਰਥੀਆਂ ਦੀ ਸੁਰੱਖਿਆ `ਤੇ ਕੇਂਦ੍ਰਿਤ ਹੈ ਅਤੇ ਵੱਖ ਵੱਖ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਨਿਰਦੇਸ਼ਾਂ ਅਨੁਸਾਰ ਯੂਨੀਵਰਸਿਟੀ ਜੁਲਾਈ ਵਿੱਚ ਪ੍ਰੀਖਿਆਵਾਂ ਦੀ ਸ਼ੁਰੂਆਤ ਕਰੇਗੀ ਅਤੇ ਅੰਤਮ ਸਮੈਸਟਰ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ ਅਤੇ ਜੇ ਕਿਸੇ ਜ਼ੋਨ ਦੀ ਸਥਿਤੀ ਅਜੇ ਵੀ ਪ੍ਰੀਖਿਆ ਲਈ ਢੁਕਵੀਂ ਨਹੀਂ ਹੈ, ਤਾਂ ਇਸ ਦੇ ਬਦਲ ਲੱਭਣ ਲਈ ਉਪਾਅ ਕੀਤੇ ਜਾਣਗੇ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media