Sunday, February 22, 2026

ਭੀੜ ਘੱਟ ਕਰਨ ਲਈ ਮੁੜ ਵਾਰੀ ਸਿਰ ਖੋਲ੍ਹੇ ਜਾਣਗੇ ਬਜ਼ਾਰ – ਡਿਪਟੀ ਕਮਿਸ਼ਨਰ

ਰਾਤ ਦਾ ਕਰਫਿਊ ਰਹੇਗਾ ਜਾਰੀ, ਕੇਵਲ ਮੁਸਾਫਿਰਾਂ ਤੇ ਕਰਫਿਊ ਪਾਸ ਧਾਰਕਾਂ ਨੂੰ ਛੋਟ

ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ -ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ 19 ਦੇ ਚੱਲਦੇ ਲਾਕਡਾਊਨ 30 ਜੂਨ ਤੱਕ ਵਧਾਉਣ ਦੇ ਦਿੱਤੇ ਗਏ ਫੈਸਲੇ ਤੋਂ ਬਾਅਦ ਗ੍ਰਹਿ ਤੇ ਨਿਆਂ ਵਿਭਾਗ ਵੱਲੋਂ ਜਾਰੀ ਕੀਤੀਆਂ ਤਾਜ਼ਾ ਹਦਾਇਤਾਂ ਬਾਰੇ ਬੋਲਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਸਪੱਸ਼ਟ ਕੀਤਾ ਹੈ ਕਿ ਕੰਟੇਨਮੈਂਟ ਜੋਨ ਨੂੰ ਛੱਡ ਕੇ ਬਾਕੀ ਥਾਵਾਂ ਉਤੇ ਨਵੀਆਂ ਰਿਆਇਤਾਂ ਲਾਗੂ ਹੋਣਗੀਆਂ।ਰਾਤ ਦਾ ਕਰਫਿਊ ਹੁਣ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ।ਕੇਵਲ ਰੇਲ ਤੇ ਹਵਾਈ ਯਾਤਰਾ ‘ਤੇ ਜਾਣ ਵਾਲੇ ਮੁਸਾਫਿਰਾਂ ਦੀ ਟਿਕਟਾਂ ਉਨਾਂ ਦਾ ਕਰਫਿਊ ਪਾਸ ਮੰਨੀਆਂ ਜਾਣਗੀਆਂ, ਇਸ ਤੋਂ ਇਲਾਵਾ ਬਾਹਰ ਨਿਕਲਣ ਲਈ ਕਰਫਿਊ ਪਾਸ ਜਰੂਰੀ ਹੋਵੇਗਾ।ਉਨਾਂ ਕਿਹਾ ਕਿ ਬਿਨਾਂ ਮਾਸਕ ਤੋਂ ਘੁੰਮਣ ਅਤੇ ਭੀੜ ਇਕੱਠੀ ਹੋਣ ਦੀ ਸੂਰਤ ‘ਚ ਪੁਲਿਸ ਵੱਲੋਂ ਚਲਾਨ ਕੱਟਣ ਦੇ ਨਾਲ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।
                 ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਾਜ਼ਾਰਾਂ ਵਿਚ ਭੀੜ ਨੂੰ ਰੋਕਣ ਲਈ ਤਿੰਨ ਗਰੁੱਪ ਬਣਾ ਕੇ ਦੁਕਾਨਾਂ ਖੁੱਲਣਗੀਆਂ।ਸਾਰੇ ਬਾਜ਼ਾਰ ਇਕੋ ਵੇਲੇ ਨਹੀਂ ਖੁੱਲ ਸਕਣਗੇ।ਅੰਦਰਲੇ ਤੇ ਭੀੜੇ ਬਾਜ਼ਾਰਾਂ ਵਿਚੋਂ ਇਕ-ਇਕ ਗਰੁੱਪ ਹੀ ਖੁੱਲੇਗਾ।ਵੱਡੇ ਬਾਜ਼ਾਰ ਵੀ ਪਹਿਲਾਂ ਦੀ ਤਰਾਂ ਇਕ ਸਮੇਂ ਇਕ ਪਾਸਾ ਹੀ ਖੁੱਲ ਸਕੇਗਾ।ਉਨਾਂ ਦੱਸਿਆ ਕਿ ਡੀ.ਸੀ.ਪੀ ਪੁਲਿਸ ਇਸ ਨੂੰ ਲਾਗੂ ਕਰਵਾਉਣਗੇ।ਉਨਾਂ ਸਪੱਸ਼ਟ ਕੀਤਾ ਕਿ ਨਵੀਆਂ ਹਦਾਇਤਾਂ ਅਨੁਸਾਰ ਸਿਨੇਮਾ ਘਰ, ਜਿੰਮਨੇਜੀਅਮ, ਸਵਿਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ, ਬਾਰ, ਆਡੀਟੋਰੀਅਮ ਆਦਿ ਬੰਦ ਰਹਿਣਗੇ।ਕਿਸੇ ਵੀ ਤਰਾਂ ਦੇ ਇਕੱਠ ‘ਤੇ ਮੁਕੰਮਲ ਪਾਬੰਦੀ ਰਹੇਗੀ।ਉਨਾਂ ਦੱਸਿਆ ਕਿ ਸੜਕ ਅਤੇ ਜਨਤਕ ਸਥਾਨਾਂ ਉਤੇ ਥੁਕਣ ‘ਤੇ ਹੋਵੇਗੀ ਸਖਤ ਕਾਰਵਾਈ ਅਤੇ ਵਿਆਹਾਂ ਮੌਕੇ ਵੀ 50 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਉਤੇ ਹੋਵੇਗੀ ਰੋਕ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦੇਣ ਤੇ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …