Wednesday, February 25, 2026

ਕੈਬਨਿਟ ਮੰਤਰੀ ਸੋੋਨੀ ਵਲੋਂ ਅਤਿ ਆਧੁਨਿਕ ਕਰੋੋਨਾ ਟੈਸਟਿੰਗ ਲੈਬ ਦਾ ਉਦਘਾਟਨ

ਹੁਣ ਜਿਲੇ੍ ਵਿੱਚ ਰੋਜ਼ਾਨਾ ਹੋ ਸਕਣਗੇ 3000 ਦੇ ਕਰੀਬ ਟੈਸਟ

ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਮਹਾਂਮਾਰੀ ਤੇ ਕਾਬੂ ਪਾਉਣ ਲਈ ਮਿਸ਼ਨ ਫਤਿਹ ਸ਼ੁਰੂ ਕੀਤਾ ਗਿਆ ਹੈ।ਇਸ ਮਿਸ਼ਨ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਕਈ ਸੁਵਿਧਾਵਾਂ ਵੀ ਦਿੱਤੀਆਂ ਜਾ ਰਹੀਆਂ ਹਨ।ਇਸੇ ਹੀ ਲੜੀ ਤਹਿਤ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਮੈਡੀਕਲ ਖੋੋਜ ਤੇ ਸਿੱਖਿਆ ਓ.ਪੀ ਸੋਨੀ ਵਲੋਂ ਕਰੋਨਾ ਟੈਸਟਿੰਗ ਲਈ ਅਤਿ ਆਧੁਨਿਕ ਲੈਬ ਦਾ ਉਦਘਾਟਨ ਕੀਤਾ ਜਿਸ ਨਾਲ ਰੋਜਾਨਾ ਕਰੋਨਾ ਮਰੀਜ਼ਾਂ ਦੇ ਲਗਭਗ 3000 ਟੈਸਟ ਹੋ ਸਕਣਗੇ ਜਿਥੇ ਇਹ ਟੈਸਟ ਪਹਿਲਾਂ ਕੇਵਲ 400 ਮਰੀਜ਼ਾਂ ਦੇ ਹੀ ਹੁੰਦੇ ਸਨ।
ਕੈਬਿਨਟ ਮੰਤਰੀ ਸੋਨੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਮੈਡੀਕਲ ਕਾਲਜ ਫਰੀਦਕੋਟ ਵਿਖੇ ਨਵੀਂ ਲੈਬ ਦਾ ਉਦਘਾਟਨ ਕੀਤਾ ਗਿਆ ਸੀ ਅਤੇ ਕੱਲ ਉਨ੍ਹਾਂ ਵੱਲੋਂ ਪਟਿਆਲਾ ਮੈਡੀਕਲ ਕਾਲਜ ਵਿਖੇ ਵੀ ਕਰੋਨਾ ਮਰੀਜ਼ਾਂ ਦੇ ਟੈਸਟ ਲਈ ਨਵੇਂ ਲੈਬ ਦਾ ਉਦਘਾਟਨ ਕੀਤਾ ਜਾਵੇਗਾ।ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਕਰੋਨਾ ਮਹਾਂਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਅਤੇ ਇਸ ਦੀ ਸੈਪਲਿੰਗ, ਟੈਸਟਿੰਗ ਅਤੇ ਮਰੀਜ਼ਾਂ ਦੇ ਇਲਾਜ ਲਈ ਵੱਡੇ ਪੱਧਰ ‘ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਰਾਜ ਵਿੱਚ ਕਰੋਨਾ ਮਰੀਜ਼ਾਂ ਦੀ ਟੈਸਟ ਦੀ ਸਮਰੱਥਾ ਵਧਾਉਣ ਲਈ ਤਿੰਨੋਂ ਮੈਡੀਕਲ ਕਾਲਜਾਂ ਵਿੱਚ ਅਤਿ ਆਧੁਨਿਕ ਲੈਬਾਂ ਸਥਾਪਿਤ ਕੀਤੀਆਂ ਗਈਆਂ ਹਨ ਅਤੇ ਦੇਸ਼ ਵਿੱਚ ਲਗਣ ਵਾਲੀਆਂ ਇਹ ਆਪਣੀ ਕਿਸਮ ਦੀਆਂ ਪਹਿਲੀਆਂ ਅਤਿ ਆਧੁਨਿਕ ਕਰੋੋਨਾ ਟੈਸਟਿੰਗ ਲੈਬਾਂ ਹਨ, ਜਿੰਨਾਂ ਵਿੱਚ ਕਰੋਨਾ ਬਿਮਾਰੀ ਦਾ ਟੈਸਟ ਅਤਿ ਆਧੁਨਿਕ ਤਕਨੀਕਾਂ ਨਾਲ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਸੁਰੱਖਿਅਤ ਲੈਬਾਂ ਵਿਚ ਕੰਮ ਕਰਦੇ ਸਟਾਫ ਨੂੰ ਕਰੋਨਾ ਲਾਗ ਲੱਗਣ ਦਾ ਕੋਈ ਖਤਰਾ ਨਹੀਂ ਰਹਿੰਦਾ।
ਉਨ੍ਹਾਂ ਕਿਹਾ ਕਿ ਇਨ੍ਹਾਂ ਲੈਬਾਂ ਦੀ ਸਥਾਪਨਾ ਨਾਲ ਸੂਬੇ ਵਿੱਚ ਰੋਜ਼ਾਨਾ ਕਰੋਨਾ ਟੈਸਟਿੰਗ ਦੀ ਸਮਰੱਥਾ 9000 ਤੱਕ ਪੁੱਜ ਜਾਵੇਗੀ।ਉਨ੍ਹਾਂ ਕਿਹਾ ਕਿ ਇਕ ਲੈਬ ਵਿੱਚ 3000 ਟੈਸਟ ਹੋਣਗੇ ਅਤੇ ਤਿੰਨਾ ਲੈਬਾਂ ਦੀ ਸਮਰੱਥਾ ਮਿਲਾ ਕੇ ਹੁਣ 9 ਹਜ਼ਾਰ ਹੋ ਜਾਵੇਗੀ।ਜਦਕਿ ਪਹਿਲਾਂ ਇਕ ਦਿਨ ਵਿੱਚ 1050 ਟੈਸਟ ਹੁੰਦੇ ਸਨ।ਉਨ੍ਹਾਂ ਕਿਹਾ ਕਿ ਹੁਣ ਪੰਜਾਬ ਟੈਸਟਿੰਗ ਦੇ ਮਾਮਲੇ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣ ਜਾਵੇਗਾ।ਉਨ੍ਹਾਂ ਕਿਹਾ ਕਿ ਪਹਿਲਾਂ ਕਰੋਨਾ ਟੈਸਟ ਲਈ ਸੈਂਪਲ ਪੂਨੇ ਲੈਬੋਰਟਰੀ ‘ਚ ਭੇਜਣੇ ਪੈਂਦੇ ਸਨ ਅਤੇ ਉਨ੍ਹਾਂ ਦੀ ਰਿਪੋੋਰਟ ਆਉਣ ਤੇ 14 ਦਿਨ ਤੋਂ ਵੀ ਵੱਧ ਸਮਾਂ ਲੱਗ ਜਾਂਦਾ ਸੀ।ਉਨ੍ਹਾਂ ਕਿਹਾ ਕਿ ਇਨ੍ਹਾਂ ਲੈਬਾਂ ਦੀ ਸਥਾਪਨਾ ਨਾਲ ਹੁਣ ਰਿਪੋਰਟ ਉਸੇ ਦਿਨ ਹੀ ਪ੍ਰਾਪਤ ਹੋ ਜਾਵੇਗੀ।
ਸੋਨੀ ਨੇ ਦੱਸਿਆ ਕਿ ਅੰਮ੍ਰਿਤਸਰ ਮੈਡੀਕਲ ਕਾਲਜ ਵਿਖੇ ਜਲਦ ਹੀ ਪਲਾਜ਼ਮਾ ਥਰੈਪੀ ‘ਤੇ ਵੀ ਕੰਮ ਸ਼ੁਰੂ ਹੋ ਜਾਵੇਗਾ ਅਤੇ ਇਸ ਨਾਲ ਕਰੋਨਾ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਇਸ ਸਮੇਂ ਅੰਮ੍ਰਿਤਸਰ ਮੈਡੀਕਲ ਕਾਲਜ ਵਿੱਚ ਰੋਜ਼ਾਨਾ 1200 ਦੇ ਲਗਭਗ ਮਰੀਜ਼ਾਂ ਦੇ ਟੈਸਟ ਹੋਣ ਲਈ ਆ ਰਹੇ ਹਨ ਅਤੇ ਨਵੇਂ ਲੈਬ ਸਥਾਪਤ ਹੋਣ ਨਾਲ ਸਾਰੇ ਮਰੀਜਾਂ ਦੇ ਟੈਸਟ ਇਕ ਦਿਨ ਵਿੱਚ ਹੋ ਸਕਣਗੇ।
ਸੋਨੀ ਨੇ ਦੱਸਿਆ ਕਿ ਇਸ ਸਮੇਂ ਜਿਲੇ੍ ਵਿੱਚ ਲਗਭਗ 60 ਦੇ ਕਰੀਬ ਕਰੋਨਾ ਦੇ ਮਰੀਜ਼ ਦਾਖਲ ਹਨ, ਜਿੰਨਾਂ ਦਾ ਪੂਰਾ ਇਲਾਜ ਕੀਤਾ ਜਾ ਰਿਹਾ ਹੈ।
ਇਸ ਮੌਕੇ ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ, ਡਾ: ਸੁਖਚੈਨ ਸਿੰਘ ਗਿੱਲ ਪੁਲਿਸ ਕਮਿਸ਼ਨਰ ਅੰਮ੍ਰਿਤਸਰ, ਪ੍ਰਿੰਸੀਪਲ ਮੈਡੀਕਲ ਕਾਲਜ ਸੁਜਾਤਾ ਸ਼ਰਮਾ, ਵਾਇਸ ਪ੍ਰਿੰਸੀਪਲ ਡਾ: ਵੀਨਾ ਚਤਰਥ, ਡਾ: ਸ਼ਿਲਪ੍ਰੀਤ ਸਿੰਘ ਸਿੱਧੂ, ਡਾ: ਕੇ.ਡੀ ਸਿੰਘ, ਡਾ: ਨਛੱਤਰ ਸਿੰਘ, ਸੁਪਰਡੈਂਟ ਮੈਡੀਕਲ ਕਾਲਜ ਡਾ: ਰਮਨ ਸ਼ਰਮਾ ਤੋਂ ਇਲਾਵਾ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …