ਇਕ ਦਿਨ ਵਿਚ 53 ਫ਼ਰਮਾਂ ਦੀ ਕੀਤੀ ਚੈਕਿੰਗ, ਟੈਸਟ ਲਈ 21 ਬੀਜ਼ਾਂ ਦੇ ਲਏ ਨਮੂਨੇ- ਡੀ.ਸੀ
ਸੰਗਰੂਰ, 3 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਿਸਾਨਾਂ ਨੂੰ ਘਟੀਆ ਮਿਆਰ ਦੇ ਬੀਜ ਵੇਚਣ ਵਾਲਿਆਂ ਵਿਰੁੱਧ ਸ਼ਿਕੰਜਾ ਕਸਦਿਆਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਟੀਮਾਂ ਬਣਾ ਕੇ ਵੱਖ-ਵੱਖ ਬਲਾਕਾਂ ਵਿੱਚ ਬੀਜ਼ ਵੇਚਣ ਵਾਲੀਆਂ ਫ਼ਰਮਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।ਇਸੇ ਹੀ ਲੜੀ ਤਹਿਤ ਅੱਜ ਟੀਮਾਂ ਵੱਲੋਂ ਜ਼ਿਲ੍ਹੇ ਵਿਚ 53 ਬੀਜ਼ ਵੇਚਣ ਵਾਲੀਆਂ ਫ਼ਰਮਾਂ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ 21 ਬੀਜਾਂ ਦੇ ਨਮੂਨੇ ਲੈ ਕੇ ਟੈਸਟਿੰਗ ਲਈ ਭੇਜੇ ਗਏ ਹਨ।ਜਦਕਿ ਹੁਣ ਤੱਕ 137 ਫ਼ਰਮਾਂ ਦੀ ਚੈਕਿੰਗ ਕੀਤੀ ਜਾ ਚੁੱਕੀ ਹੈ ਤੇ 215 ਬੀਜ਼ਾਂ ਦੇ ਨਮੂਨੇ ਭਰ ਕੇ ਟੈਸਟ ਲਈ ਭੇਜੇ ਜਾ ਚੁੱਕੇ ਹਨ।ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਉਚ ਮਿਆਰ ਦੇ ਬੀਜ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਟੀਮਾਂ ਵੱਲੋਂ ਚੈਕਿੰਗ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇ।
ਉਨ੍ਹਾਂ ਦੱਸਿਆ ਕਿ 13 ਫ਼ਰਮਾਂ ਤੋਂ ਬੀਜ਼ਾਂ ਦੇ 21 ਨਮੂਨੇ ਭਰ ਕੇ ਟੈਸਟਿੰਗ ਲਈ ਭੇਜੇ ਗਏ ਹਨ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੈਕਿੰਗ ਟੀਮਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਕਿਸਾਨ ਹਿੱਤਾਂ ਨੂੰ ਮੁੱਖ ਰੱਖਦਿਆਂ ਬੀਜਾਂ ਦੀ ਵਿਕਰੀ ਵਿਚ ਅਣਗਹਿਲੀ ਵਰਤਣ ਵਾਲੇ ਡੀਲਰਾਂ ਵਿਰੁੱਧ ਤੁਰੰਤ ਬੀਜ਼ ਐਕਟ 1966 ਅਤੇ ਜ਼ਰੂਰੀ ਵਸਤਾਂ ਐਕਟ 1955 ਅਧੀਨ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਕਿਸਾਨਾਂ ਨੂੰ ਉਚ ਮਿਆਰ ਦੀਆਂ ਖੇਤੀ ਵਸਤਾਂ ਮੁਹੱਈਆ ਕਰਾਉਣ ਲਈ ਵਚਨਬੱਧ ਹੈ।ਇਸ ਸਬੰਧੀ ਜ਼ਿਲ੍ਹਾ ਤੇ ਬਲਾਕ ਪੱਧਰ ਦੀਆਂ 8 ਟੀਮਾਂ ਤੈਨਾਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਲੋਂ ਹੁਣ ਤੱਕ 137 ਬੀਜ਼ ਵਿਕਰੇਤਾ ਅਤੇ ਉਤਪਾਦਕ ਫ਼ਰਮਾਂ ਦੀ ਚੈਕਿੰਗ ਕੀਤੀ ਜਾ ਚੁੱਕੀ ਹੈ ਅਤੇ 215 ਬੀਜਾਂ ਦੇ ਨਮੂਨੇ ਭਰ ਕੇ ਟੈਸਟਿੰਗ ਲਈ ਭੇਜੇ ਜਾ ਚੁੱਕੇ ਹਨ, ਜਿਸ ਵਿਚੋਂ 101 ਨਮੂਨੇ ਝੋਨੇ ਦੀ ਫ਼ਸਲ ਨਾਲ ਸਬੰਧਤ ਹਨ।ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਜ਼ਿਲ੍ਹੇ ਦੀਆਂ 3 ਫ਼ਰਮਾਂ ਵਿਰੁੱਧ ਬੀਜ਼ ਐਕਟ 1966 ਅਤੇ ਬੀਜ ਕੰਟਰੋਲ ਆਰਡਰ 1983 ਅਧੀਨ ਬੇਨਿਯਮੀਆਂ ਦੇ ਚਲਦਿਆਂ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਇਸ ਤਹਿਤ ਅੱਜ ਵੱਖ-ਵੱਖ ਮੰਡੀਆਂ ਦੇ 53 ਬੀਜ਼ ਵਿਕਰੇਤਾਵਾਂ ਦੇ ਬੀਜ਼ਾਂ ਦੇ ਸਟਾਕ ਅਤੇ ਬੀਜ਼ਾਂ ਦੀ ਵਿਕਰੀ ਤੇ ਖ਼ਰੀਦ ਸਬੰਧੀ ਰਿਕਾਰਡ ਦੀ ਚੈਕਿੰਗ ਕੀਤੀ ਗਈ ਹੈ।