ਪਟਿਆਲਾ, 3 ਜੂਨ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਕਰੋਨਾ ਕੇਸਾਂ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਬੀਤੇ ਦਿਨੀਂ
ਕੋਵਿਡ ਜਾਂਚ ਲਈ ਭੇਜੇ ਸੈਂਪਲਾਂ ਵਿਚੋਂ ਦੇਰ ਰਾਤ 12 ਸੈਂਪਲਾਂ ਦੀ ਪ੍ਰਾਪਤ ਹੋਈ ਰਿਪੋਰਟ ਵਿਚ 10 ਸੈਂਪਲ ਨੈਗੇਟਿਵ ਅਤੇ 2 ਕੋਵਿਡ ਪੌਜਟਿਵ ਪਾਏ ਗਏ ਹਨ ਅਤੇ ਬਾਕੀ ਸੈਂਪਲਾਂ ਦੀ ਰਿਪੋਰਟ ਦੇਰ ਰਾਤ ਪ੍ਰਾਪਤ ਹੋਣ ਦੀ ਸੰਭਾਵਨਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਪਿੰਡ ਅਰਨੋ ਤਹਿਸੀਲ ਪਾਤੜਾਂ ਦੀ ਰਹਿਣ ਵਾਲੀ 7 ਸਾਲਾ ਲੜਕੀ ਜੋ ਕਿ 28 ਮਈ ਨੂੰ ਮੁੰਬਈ ਤੋਂ ਪਰਿਵਾਰ ਸਮੇਤ ਵਾਪਸ ਪਿੰਡ ਆਈ ਸੀ ਦਾ ਬਾਹਰੀ ਰਾਜ ਤੋਂ ਆਉਣ ਕਾਰਨ ਕੋਵਿਡ ਜਾਂਚ ਸਬੰਧੀ ਸੈਂਪਲ ਲਿਆ ਗਿਆ ਸੀ, ਜੋਕਿ ਕੋਵਿਡ ਪੌਜਟਿਵ ਪਾਈ ਗਈ ਹੈ।ਦੂਸਰਾ ਪੌਜ਼ਟਿਵ ਵਿਅਕਤੀ ਪਿੰਡ ਬਾਹਮਣਾ ਪੱਤੀ, ਸਮਾਣਾ ਦਾ ਰਹਿਣ ਵਾਲਾ 35 ਸਾਲਾ ਵਿਅਕਤੀ ਹੈ, ਜੋ ਕਿ ਰਾਈਸ ਸ਼ੈਲਰ ਵਿਚ ਟਰੱਕ ਡਰਾਈਵਰ ਹੈ ਅਤੇ ਉਹ ਓਟ ਕਲੀਨਿਕ ਆਪਣੀ ਦਵਾਈ ਲੈਣ ਆਇਆ ਸੀ ਅਤੇ ਗਾਈਡ ਲਾਈਨਜ਼ ਅਨੁਸਾਰ ਉਸ ਦਾ ਕੋਵਿਡ ਜਾਂਚ ਸਬੰਧੀ ਸੈਂਪਲ ਲਿਆ ਗਿਆ ਸੀ ਜੋ ਕਿ ਕੋਵਿਡ ਪੌਜ਼ਟਿਵ ਆਇਆ ਹੈ।ਉਨ੍ਹਾਂ ਦੱਸਿਆ ਕਿ ਪੌਜਟਿਵ ਆਏ ਕੇਸਾਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਅਤੇ ਇਸ ਤਰਾਂ ਜਿਲ੍ਹੇ ਵਿੱਚ ਕੁੱਲ ਕੋਵਿਡ ਪੌਜ਼ਟਿਵ ਕੇਸਾਂ ਦੀ ਗਿਣਤੀ 129 ਹੋ ਗਈ ਹੈ।ਉਨ੍ਹਾਂ ਦੱਸਿਆ ਕਿ ਅੱਜ ਬਾਹਮਣਾ ਪੱਤੀ ਦੇ ਪੌਜ਼ਟਿਵ ਆਏ ਕੇਸ ਦੇ ਨੇੜੇ ਦੇ ਸੰਪਰਕ ਵਿਚ ਆਏ ਚਾਰ ਵਿਅਕਤੀਆਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਗਏ ਅਤੇ ਬਾਕੀ ਦੇ ਸੰਪਰਕਾਂ ਦੀ ਭਾਲ ਅਜੇ ਜਾਰੀ ਹੈ ।
ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਵੀ ਜਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਕੁੱਲ 339 ਸੈਂਪਲ ਲਏ ਗਏ ਹਨ।ਜਿਨ੍ਹਾਂ ਵਿਚੋਂ ਪੌਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾਂ ਤੋਂ ਆ ਰਹੇ ਯਾਤਰੀਆਂ, ਲੇਬਰ, ਫਲੂ ਲੱਛਣਾਂ ਵਾਲੇ ਮਰੀਜ਼, ਟੀ.ਬੀ ਮਰੀਜ਼, ਸਿਹਤ ਵਿਭਾਗ ਦੇ ਫ਼ਰੰਟ ਲਾਈਨ ਵਰਕਰ, ਪੁਲਿਸ ਮੁਲਾਜ਼ਮ ਆਦਿ ਦੇ ਲਏ ਗਏ ਸੈਂਪਲ ਸ਼ਾਮਲ ਹਨ। ਜਿਨ੍ਹਾਂ ਦੀ ਰਿਪੋਰਟ ਕੱਲ੍ਹ ਨੂੰ ਆਵੇਗੀ।
ਸਿਵਲ ਸਰਜਨ ਨੇ ਦੱਸਿਆ ਕਿ ਜਿਲ੍ਹੇ ਵਿਚ ਹੁਣ ਤੱਕ ਪੌਜਟਿਵ ਆਏ 129 ਕੇਸਾਂ ਦੇ ਉਮਰ ਦੇ ਹਿਸਾਬ ਮੁਲਾਂਕਣ ਕਰਨ ‘ਤੇ ਪਤਾ ਲਗਦਾ ਹੈ ਕਿ ਜਿਲ੍ਹੇ ਵਿੱਚ 0 ਤੋਂ 15 ਸਾਲ ਤੱਕ ਦੇ 14 ਬੱਚੇ, 16 ਤੋਂ 30 ਸਾਲ ਤੱਕ ਦੇ 33 ਯੁਵਕ, 31 ਤੋਂ 45 ਸਾਲ ਤੱਕ ਦੇ 34 ਵਿਅਕਤੀ, 45 ਤੋਂ 60 ਸਾਲ ਤੱਕ ਦੇ 32 ਵਿਅਕਤੀ ਅਤੇ 60 ਸਾਲ ਤੋਂ ਜਿਆਦਾ ਉਮਰ ਦੇ 16 ਬਜੁਰਗ ਕੋਵਿਡ ਤੋਂ ਪ੍ਰਭਾਵਿਤ ਹੋਏ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਸਟਾਫ਼ ਵੱਲੋਂ ਇਹਨਾਂ ਮਰੀਜ਼ਾ ਦੀ ਚੰਗੀ ਦੇਖਭਾਲ ਅਤੇ ਇਲਾਜ ਸੇਵਾਵਾਂ ਕਾਰਨ 109 ਮਰੀਜ਼ ਕਰੋਨਾ ਤੋਂ ਠੀਕ ਹੋ ਕੇ ਆਪਣੇ ਘਰਾਂ ਨੂੰ ਚਲੇ ਗਏ ਹਨ ਅਤੇ ਬਾਕੀ ਇਲਾਜ਼ ਅਧੀਨ ਹਨ।
ਉਨ੍ਹਾਂ ਕਿਹਾ ਕਿ ਜਿਲ੍ਹੇ ਵਿੱਚ ਹੁਣ ਤੱਕ ਕੋਵਿਡ ਜਾਂਚ ਸਬੰਧੀ 6296 ਸੈਂਪਲ ਲਏ ਜਾ ਚੁਕੇ ਹਨ। ਜਿਨ੍ਹਾਂ ਵਿਚੋਂ 129 ਕੋਵਿਡ ਪੌਜਟਿਵ ਜੋ ਕਿ ਜਿਲ੍ਹਾ ਪਟਿਆਲਾ ਨਾਲ ਸਬੰਧਤ ਹਨ, 5507 ਨੈਗੇਟਿਵ ਅਤੇ 660 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਪੌਜਟਿਵ ਕੇਸਾਂ ਵਿਚੋਂ ਦੋ ਪੌਜਟਿਵ ਕੇਸ ਦੀ ਮੌਤ ਹੋ ਚੁਕੀ ਹੈ, 109 ਕੇਸ ਠੀਕ ਹੋ ਚੁਕੇ ਹਨ ਅਤੇ ਜਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 18 ਹੈ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media