Sunday, March 15, 2026

ਸਮੇਂ ਸਿਰ ਇਲਾਜ਼ ਨਾਲ ਰੁੱਕ ਸਕਦੀਆਂ ਹਨ ਨਸ਼ੇ ਦੀ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ – ਸਿਵਲ ਸਰਜਨ

ਕਪੂਰਥਲਾ, 4 ਜੂਨ (ਪੰਜਾਬ ਪੋਸਟ ਬਿਊਰੋ) – ਨਸ਼ਾਖੋਰੀ ਸਮਾਜ ਦੇ ਸਾਹਮਣੇ ਇਕ ਗੰਭੀਰ ਸਮੱਸਿਆ ਹੈ ਅਤੇ ਨਾਲ ਹੀ ਨਸ਼ੇ ਦੀ ਓਵਰਡੋਜ਼ ਕਾਰਨ ਪੀੜਤ ਦੀ ਮੌਤ ਹੋਣਾ ਚਿੰਤਾ ਦਾ ਵਿਸ਼ਾ ਹੈ।ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਨਸ਼ੇ ਦੀ ਓਵਰਡੋਜ਼ ਨੌਜਵਾਨਾਂ ਵਿਚ ਮੌਤ ਦਾ ਕਾਰਨ ਬਣਦੀ ਹੈ ਅਤੇ ਜੇਕਰ ਸਮੇਂ ’ਤੇ ਪੀੜਤ ਨੂੰ ਇਲਾਜ ਮਿਲ ਜਾਵੇ ਤਾਂ ਉਸ ਦੀ ਜਾਨ ਬਚਾਈ ਜਾ ਸਕਦੀ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਡਰੱਗ ਓਵਰਡੋਜ਼ ਦੇ ਮਾਮਲਿਆਂ ਵਿਚ ਪੀੜਤ ਦੀ ਜਾਨ ਬਚਾਉਣ ਵਿਚ ਨੈਲੋਕਸੋਨ ਲਾਈਫ ਸੇਵਿੰਗ ਡਰੱਗ ਸਾਬਿਤ ਹੋ ਸਕਦੀ ਹੈ, ਬਸ਼ਰਤੇ ਉਸ ਨੂੰ ਸਮੇਂ ਸਿਰ ਇਲਾਜ਼ ਮਿਲ ਸਕੇ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ ਵਿਚ ਸਾਰੇ ਸਿਹਤ ਕੇਂਦਰਾਂ ਵਿੱਚ ਨੈਲੋਕਸੋਨ ਇੰਜੈਕਸ਼ਨ ਮੁਹੱਈਆ ਕਰਵਾਏ ਗਏ ਹਨ ਅਤੇ ਸਟਾਫ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਕਿ ਤਾਂ ਜੋ ਜੇਕਰ ਕੋਈ ਐਮਰਜੈਂਸੀ ਆਉਂਦੀ ਹੈ ਤਾਂ ਉਸ ਨਾਲ ਨਿਪਟਿਆ ਜਾ ਸਕੇ।ਉਨ੍ਹਾਂ ਹਾਜ਼ਰ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਹਦਾਇਤਾਂ ਦਿੱਤੀਆਂ ਕਿ ਐਮਰਜੈਂਸੀ ਦੇ ਤੌਰ ’ਤੇ ਇਸ ਡਰੱਗ ਦੀ ਉਪਲਬੱਧਤਾ ਸਿਹਤ ਕੇਂਦਰਾਂ ’ਤੇ ਯਕੀਨੀ ਬਣਾਈ ਜਾਵੇ ਅਤੇ ਇਸ ਬਾਰੇ ਜਾਗਰੂਕਤਾ ਵੀ ਫੈਲਾਈ ਜਾਵੇ।

ਡਰੱਗ ਓਵਰਡੋਜ਼ ਦੇ ਪ੍ਰਭਾਵ ਨੂੰ ਘੱਟ ਕਰਨ ਵਿੱਚ ਸਹਾਈ – ਡਾ. ਸਾਰਿਕਾ ਦੁੱਗਲ

ਡਿਪਟੀ ਮੈਡੀਕਲ ਕਮਿਸ਼ਨਰ ਤੇ ਨਸ਼ਾ ਛੁਡਾਊ ਪ੍ਰੋਗਰਾਮ ਦੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ਸਾਰਿਕਾ ਦੁੱਗਲ ਨੇ ਦੱਸਿਆ ਕਿ ਲਾਕਡਾਊਨ ਦੌਰ ਵਿਚ ਜੀਵਨ ਵਿਚ ਅਸੰਤੁਲਨ ਦਾ ਹੋਣਾ, ਸਮਾਜਿਕ ਤੌਰ ’ਤੇ ਅਲੱਗ-ਥਲੱਗ ਪੈਣਾ, ਆਰਥਿਕ ਔਕੜਾਂ, ਤਣਾਅ ਆਦਿ ਨਸ਼ੇ ਦੀ ਓਵਰਡੋਜ਼ ਦਾ ਕਾਰਨ ਬਣ ਸਕਦਾ ਹੈ।ਉਨ੍ਹਾਂ ਦੱਸਿਆ ਕਿ ਓਵਰਡੋਜ਼ ਦੇ ਮਾਮਲੇ ਵਿਚ ਨੈਲੋਕਸੋਨ ਇੰਜੈਕਸ਼ਨ ਦੇ ਜ਼ਰੀਏ ਪੀੜਤ ਦੀ ਜਾਨ ਬਚਾਈ ਜਾ ਸਕਦੀ ਹੈ, ਕਿਉਂਕਿ ਇਹ ਡਰੱਗ ਓਵਰਡੋਜ਼ ਦੇ ਪ੍ਰਭਾਵ ਨੂੰ ਘਟਾ ਦਿੰਦੀ ਹੈ।

ਡਰੱਗ ਓਵਰਡੋਜ਼ ਦਾ ਐਂਟੀਡੋਟ ਹੈ ਨੈਲੋਕਸੋਨ – ਡਾ. ਸੰਦੀਪ ਭੋਲਾ

ਨਸ਼ਾ ਛੁਡਾਊ ਕੇਂਦਰ ਦੇ ਇੰਚਾਰਜ਼ ਤੇ ਜ਼ਿਲ੍ਹਾ ਨੋਡਲ ਅਫ਼ਸਰ ਡਾ. ਸੰਦੀਪ ਭੋਲਾ ਨੇ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ ਵਿਚ ਪਾਇਲਟ ਪ੍ਰਾਜੈਕਟ ਤਹਿਤ ਨੈਲੋਕਸੋਨ ਡਿਸਟ੍ਰੀਬਿੳੂਸ਼ਨ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ।ਕੋਰੋਨਾ ਪੈਨਡੈਮਿਕ ਦੇ ਇਸ ਦੌਰ ਵਿੱਚ ਨਸ਼ੇ ਦੀ ਓਵਰਡੋਜ਼ ਦੀ ਸਮੱਸਿਆ ਵੱਧ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਨੈਲੋਕਸੋਨ ਡਰੱਗ ਨਸ਼ੇ ਦੀ ਓਵਰਡੋਜ਼, ਜਿਵੇਂ ਕਿ ਹੈਰੋਇਨ, ਸਮੈਕ, ਭੁੱਕੀ ਲਈ ਇਕ ਐਂਟੀਡੋਟ ਹੈ ਅਤੇ ਵਿਸ਼ਵ ਸਿਹਤ ਸੰਗਠਨ ਵੱਲੋਂ ਐਮਰਜੈਂਸੀ ਹਾਲਾਤ ਵਿਚ ਪ੍ਰਮਾਣਿਤ ਹੈ, ਜਿਹੜੀ ਕਿ ਓਵਰਡੋਜ਼ ਦੇ ਪ੍ਰਭਾਵ ਨੂੰ ਇਕਦਮ ਘੱਟ ਕਰਨ ਦੀ ਸਮਰੱਥਾ ਰੱਖਦੀ ਹੈ।ਉਨ੍ਹਾਂ ਦੱਸਿਆ ਕਿ ਓਵਰਡੋਜ਼ ਐਜੂਕੇਸ਼ਨ ਤੇ ਨੈਲੋਕਸੋਨ ਡਿਪਸਟ੍ਰੀਬਿਊਸ਼ਨ ਪ੍ਰੋਗਰਾਮ ਨੂੰ ਜ਼ਿਲ੍ਹੇ ਵਿਚ ਸ਼ੁਰੂ ਕਰਨ ਦਾ ਮਕਸਦ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨਾਂ ਦੀਆਂ ਹੋਣ ਵਾਲੀਆਂ ਮੌਤਾਂ ਨੂੰ ਠੱਲ ਪਾਉਣਾ ਹੈ।ਇਸ ਪਾਇਲਟ ਪ੍ਰਾਜੈਕਟ ਤਹਿਤ ਨੈਲੋਕਸੋਨ ਇੰਜੈਕਸ਼ਨ ਅਲਾਇੰਸ ਇੰਡੀਆ ਵੱਲੋਂ ਮੁਹੱਈਆ ਕਰਵਾਏ ਗਏ ਹਨ, ਜਿਨ੍ਹਾਂ ਨੂੰ ਜ਼ਿਲ੍ਹੇ ਦੇ ਸਰਕਾਰੀ ਸਿਹਤ ਕੇਂਦਰਾਂ ਨੂੰ ਦੇ ਦਿੱਤਾ ਗਿਆ ਹੈ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਾਜਕਰਨੀ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਕੁਲਜੀਤ ਸਿੰਘ, ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰ ਡਾ. ਸੁਰਿੰਦਰ ਮੱਲ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਆਸ਼ਾ ਮਾਂਗਟ, ਡਾ. ਸੰਦੀਪ ਧਵਨ, ਡਾ. ਰਾਜੀਵ ਭਗਤ, ਡਾ. ਗੀਤਾਂਜਲੀ, ਰਾਕੇਸ਼ ਸ਼ਰਮਾ ਤੇ ਹੋਰ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …