ਚਾਰੇ ਹੀ ਬਾਹਰੀ ਰਾਜ ਤੋਂ ਆਉਣ ਨਾਲ ਸਬੰਧਤ
ਪਟਿਆਲਾ 9 ਜੂਨ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਹੈ ਕਿ ਬੀਤੇ ਦਿਨੀਂ ਕੋਵਿਡ ਜਾਂਚ ਲਈ ਭੇਜੇ 673 ਸੈਂਪਲਾਂ ਵਿਚੋਂ
18 ਸੈਂਪਲਾਂ ਦੀ ਪ੍ਰਾਪਤ ਹੋਈ ਰਿਪੋਰਟ ਵਿਚੋਂ 14 ਨੈਗੇਟਿਵ ਅਤੇ ਚਾਰ ਕੋਵਿਡ ਪੌਜਟਿਵ ਪਾਏ ਗਏ ਹਨ। ਬਾਕੀ ਸੈਂਪਲਾਂ ਦੀ ਰਿਪੋਰਟ ਦੇਰ ਰਾਤ ਆਵੇਗੀ।ਪੌਜਟਿਵ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਪੁਰਾਣਾ ਬਿਸ਼ਨ ਨਗਰ ਏਰੀਏ ਵਿੱਚ ਰਹਿਣ ਵਾਲੇ ਇਕੋ ਪਰਿਵਾਰ ਦੇ ਦੋ ਜੀਅ 16 ਸਾਲਾ ਲੜਕਾ ਅਤੇ 37 ਸਾਲਾ ਵਿਅਕਤੀ ਜੋ ਕਿ ਪਿਛਲੇ ਦਿਨੀਂ ਸਹਾਰਨਪੁਰ ਤੋਂ ਵਾਪਸ ਆਏ ਸਨ ਅਤੇ ਏ.ਐਨ.ਐਮ ਦੁਆਰਾ ਸਰਵੇ ਦੌਰਾਨ ਇਹਨਾਂ ਦੀ ਬਾਹਰੀ ਰਾਜ ਤੋਂ ਆਉਣ ਦੀ ਪਛਾਣ ਹੋਈ ਸੀ।ਬਾਹਰੀ ਰਾਜ ਤੋਂ ਆਉਣ ਕਾਰਨ ਉਨ੍ਹਾਂ ਦੇ ਕਰੋਨਾ ਜਾਂਚ ਸਬੰਧੀ ਸੈਂਪਲ ਲਏ ਗਏ, ਜੋ ਕਿ ਕੋਵਿਡ ਪੌਜਟਿਵ ਪਾਏ ਗਏ ਹਨ।ਇਸੇ ਤਰ੍ਹਾਂ ਪਟਿਆਲਾ ਦੇ ਪਾਠਕ ਵਿਹਾਰ ਵਿਚ ਰਹਿਣ ਵਾਲੇ 42 ਸਾਲਾ ਪਿਤਾ ਅਤੇ 6 ਸਾਲਾ ਬੇਟੀ ਜੋ ਕਿ ਇੱਕੋ ਪਰਿਵਾਰ ਦੇ 6 ਮੈਂਬਰ ਬੀਤੇ ਦਿਨੀਂ ਯੂ.ਪੀ ਤੋਂ ਆਏ ਸਨ ਅਤੇ ਬਾਹਰੀ ਰਾਜ ਤੋਂ ਆਉਣ ਕਾਰਨ ਇਹਨਾਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਗਏ ਸਨ।ਜਿਨ੍ਹਾਂ ਵਿਚੋਂ ਚਾਰ ਦੀ ਕੋਵਿਡ ਜਾਂਚ ਨੈਗੇਟਿਵ ਪਾਈ ਗਈ ਹੈ ਅਤੇ ਦੋ ਪੌਜਟਿਵ ਹਨ। ਉਨ੍ਹਾਂ ਦੱਸਿਆ ਕਿ ਪੌਜਟਿਵ ਆਏ ਇਹਨਾਂ ਵਿਅਕਤੀਆਂ ਨੂੰ ਰਾਜਿੰਦਰਾ ਹਸਪਤਾਲ ਦੇ ਦੱਸਿਆ ਵਾਰਡ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਪੌਜ਼ਟਿਵ ਆਏ ਕੇਸਾਂ ਦੇ ਘਰਾਂ ਅਤੇ ਆਲ਼ੇ ਦੁਆਲੇ ਦੇ ਘਰਾਂ ਵਿੱਚ ਸੋਡੀਅਮ ਹਾਈਪੋਕਲੋਰਾਈਡ ਦਾ ਸਪਰੇਅ ਵੀ ਕਰਵਾਇਆ ਜਾ ਰਿਹਾ ਹੈ। ਜਲਦ ਹੀ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਉਨ੍ਹਾਂ ਦੇ ਵੀ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਜਾਣਗੇ।
ਡਾ. ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀਂ ਖਡੋਲੀ ਪਿੰਡ ਵਿਚ ਪੌਜ਼ਟਿਵ ਆਏ ਕੇਸ ਦੇ ਘਰ ਅਤੇ ਆਲ਼ੇ ਦੁਆਲੇ ਦੇ ਘਰਾਂ ਵਿਚ ਸਿਹਤ ਟੀਮਾਂ ਵੱਲੋਂ ਸੋਡੀਅਮ ਹਾਈਪੋਕਲੋਰਾਈਡ ਦਾ ਸਪਰੇਅ ਵੀ ਕੀਤਾ ਗਿਆ ਅਤੇ ਪਿੰਡ ਦਾ ਸਰਵੇ ਵੀ ਕੀਤਾ।
ਸਿਵਲ ਸਰਜਨ ਨੇ ਦੱਸਿਆ ਕਿ ਅੱਜ ਵੀ ਜਿਲ੍ਹੇ ਵਿਚ ਵੱਖ ਵੱਖ ਥਾਵਾਂ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੁੱਲ 626 ਸੈਂਪਲ ਲਏ ਗਏ ਹਨ। ਜਿਨ੍ਹਾਂ ਵਿਚੋਂ ਪੌਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾਂ ਤੋਂ ਆ ਰਹੇ ਯਾਤਰੀਆਂ, ਲੇਬਰ, ਫਲੂ ਲੱਛਣਾਂ ਵਾਲੇ ਮਰੀਜ਼, ਟੀ.ਬੀ. ਮਰੀਜ਼, ਸਿਹਤ ਵਿਭਾਗ ਦੇ ਫ਼ਰੰਟ ਲਾਈਨ ਵਰਕਰ, ਪੁਲਿਸ ਮੁਲਾਜ਼ਮ ਆਦਿ ਦੇ ਲਏ ਗਏ ਸੈਂਪਲ ਸ਼ਾਮਲ ਹਨ।ਜਿਨ੍ਹਾਂ ਦੀ ਰਿਪੋਰਟ ਕੱਲ੍ਹ ਨੂੰ ਆਵੇਗੀ।
ਡਾ. ਮਲਹੋਤਰਾ ਨੇ ਕਿਹਾ ਕਿ ਹੁਣ ਤੱਕ ਜਿਲ੍ਹੇ ਵਿੱਚ ਕੋਵਿਡ ਜਾਂਚ ਸਬੰਧੀ 9416 ਸੈਂਪਲ ਲਏ ਜਾ ਚੁੱਕੇ ਹਨ। ਜਿਨ੍ਹਾਂ ਵਿਚੋਂ ਜਿਲ੍ਹਾ ਪਟਿਆਲਾ 147 ਕੋਵਿਡ ਪੌਜਟਿਵ, 8004 ਨੈਗੇਟਿਵ ਅਤੇ 1255 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਤਿੰਨ ਪੌਜਟਿਵ ਕੇਸ ਦੀ ਮੌਤ ਹੋ ਚੁੱਕੀ ਹੈ, 116 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 28 ਹੈ।
Punjab Post Daily Online Newspaper & Print Media